ਬੌਲੀਵੁੱਡ ਦੀ ਮਸ਼ਹੂਰ ਪਿਠਵਰਤੀ ਗਾਇਕਾ ਕਨਿਕਾ ਕਪੂਰ ਲੰਡਨ ਦੇ ਕਾਰੋਬਾਰੀ ਗੌਤਮ ਹਾਤੀਰਮਾਨੀ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਇਹ ਕਨਿਕਾ ਦਾ ਦੂਜਾ ਪਿਆਹ ਹੈ। ਇਸ ਤੋਂ ਪਹਿਲਾਂ ਉਹ ਰਾਜ ਚੰਦੋਕ ਨਾਲ ਵਿਆਹੀ ਸੀ, ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਸਾਲ 2012 ‘ਚ ਉਹ ਇੱਕ-ਦੂਜੇ ਨਾਲੋਂ ਵੱਖ ਹੋ ਗਏ ਸਨ। ਕਨਿਕਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਨਿਕਾ ਨੇ ਹਲਕੇ ਨੀਲੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ, ਅਤੇ ਗੌਤਮ ਨੇ ਇਸੇ ਰੰਗ ਦੀ ਸ਼ੇਰਵਾਨੀ ਪਾਈ ਅਤੇ ਪੱਗ ਬੰਨ੍ਹੀ ਹੋਈ ਸੀ।
ਇਸ ਤੋਂ ਪਹਿਲਾਂ ਕਨਿਕਾ ਨੇ ਇਨਸਟਾਗ੍ਰੈਮ ‘ਤੇ ਮਹਿੰਦੀ ਦੀ ਰਸਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ‘ਚ ਉਸ ਨੇ ਹਲਕੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਅਦਾਕਾਰਾ ਨੇ ਆਖਿਆ, ”ਜੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।”ਹਲਦੀ ਦੀ ਰਸਮ ਵੇਲੇ ਗੌਤਮ ਨੇ ਚਿੱਟੇ ਰੰਗ ਦੇ ਰਿਵਾਇਤੀ ਕੱਪੜੇ ਪਾਏ ਹੋਏ ਸਨ ਅਤੇ ਕਨਿਕਾ ਚਾਂਦੀ ਰੰਗੇ ਲਹਿੰਗੇ ‘ਚ ਬਹੁਤ ਫ਼ਬ ਰਹੀ ਸੀ। ਵਿਆਹ ਸਮਾਗਮ ਦੀ ਇੱਕ ਵੀਡੀਓ ‘ਚ ਕਨਿਕਾ ਫੁੱਲਾਂ ਦੀ ਚਾਦਰ ਹੇਠ ਤੁਰਦੀ ਨਜ਼ਰ ਆ ਰਹੀ ਹੈ। ਇਸ ਮਗਰੋਂ ਵਰਮਾਲਾ ਦੀ ਰਸਮ ਹੋਈ। ਕਨਿਕਾ ਬੇਬੀ ਡੌਲ, ਚਿੱਟੀਆਂ ਕਲਾਈਆਂ ਅਤੇ ਗੇਂਦਾ ਫੂਲ ਵਰਗੇ ਗੀਤਾਂ ਲਈ ਜਾਣੀ ਜਾਂਦੀ ਹੈ।











