ਫ਼ਿਰੋਜ਼ਪੁਰ (ਅਜੀਤ ਵੀਕਲੀ ਨਿਊਜ਼): ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਇੱਕ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਇੱਕ ਗੈਂਗਸਟਰ ਹਵਾਲਾਤੀ ਪ੍ਰਿੰਸ ਉਰਫ਼ ਮਨੀ ਅਤੇ ਇੱਕ ਅਤਿਵਾਦੀ ਦੇ ਕਬਜ਼ੇ ’ਚੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਕਥਿਤ ਹਵਾਲਾਤੀ ਹਰਚਰਨ ਸਿੰਘ ਵਾਸੀ ਨਗਲੋ ਦਿੱਲੀ ਅਤੇ ਗੈਂਗਸਟਰ ਹਵਾਲਾਤੀ ਪ੍ਰਿੰਸ ਉਰਫ਼ ਮਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ SI ਵਰਿੰਦਰ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਇਨਟੈਨਰਡੈਂਟ ਸੁਖਜਿੰਦਰ ਸਿੰਘ ਨੇ ਥਾਣਾ ਸਿਟੀ ਨੂੰ ਦਿੱਤੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਬਲੌਕ ਨੰਬਰ 3 ਚੌਕੀ ਨੰਬਰ 3 ਦੀ ਤਲਾਸ਼ੀ ਲਈ ਤਾਂ ਅਤਿਵਾਦੀ ਹਰਚਰਨ ਸਿੰਘ ਕੋਲੋਂ ਏਅਰਟੈੱਲ ਸਿਮ ਕਾਰਡ ਅਤੇ ਬੈਟਰੀ ਵਾਲਾ ਇੱਕ ਟੱਚ ਮੋਬਾਈਲ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਜਦੋਂ ਵਾਰਡਰ ਛਿੰਦਰ ਸਿੰਘ ਇਹ ਮੋਬਾਈਲ ਫ਼ੋਨ ਸਹਾਇਕ ਸੁਪਰਇਨਟੈਨਡੈਂਟ ਨੂੰ ਦੇਣ ਲੱਗਾ ਤਾਂ ਨਾਮਜ਼ਦ ਵਿਅਕਤੀ ਨੇ ਫ਼ੋਨ ਖੋਹ ਕੇ ਤੋੜ ਦਿੱਤਾ। ਦੂਜੇ ਪਾਸੇ ਬਲੌਕ ਨੰਬਰ 2 ਵਿੱਚ ਚੌਕੀ ਨੰਬਰ 5 ਦੀ ਤਲਾਸ਼ੀ ਲੈਣ ’ਤੇ ਇੱਕ ਗੈਂਗਸਟਰ ਹਲਾਵਤੀ ਪ੍ਰਿੰਸ ਕੋਲੋਂ ਇੱਕ ਸੈਮਸੰਗ ਮੋਬਾਈਲ, ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਏ।
Ajit Weekly News















