‘ਆਪ’ ਨੂੰ ਵਿਦੇਸ਼ਾਂ ਤੋਂ ਹੁੰਦੀ ਹੈ ਫੰਡਿੰਗ: ਸੁਖਬੀਰ ਬਾਦਲ

3ਹੁਸ਼ਿਆਰਪੁਰ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ ਹਨ ਅਤੇ ਵੱਖ-ਵੱਖ ਸਕੀਮਾਂ ਤੇ ਪ੍ਰੋਜੈਕਟਾਂ ਨੂੰ ਇਸ ਤਰ੍ਹਾਂ ਲਾਗੂ ਕੀਤਾ ਹੈ ਤਾਂ ਜੋ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਕਨਾਲੋਜੀ, ਆਰਥਿਕ ਖੇਤਰ ਅਤੇ ਬੁਨਿਆਦੀ ਢਾਂਚੇ ਵਿਚ ਲਿਆਂਦੀ ਗਈ ਬੇਮਿਸਾਲ ਤਰੱਕੀ ਸਦਕਾ ਅੱਜ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੋ ਚੁੱਕਾ ਹੈ। ਇੱਥੇ ਟਾਂਡਾ ਉੜਮੜ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਆਪਣੇ ਸੰਬੋਧਨ ਵਿਚ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਖੇਤਰਾਂ ਦੀਆਂ ਪਹਿਲਕਦਮੀਆਂ ਅਤੇ ਲੋਕ ਪੱਖੀ ਸਕੀਮਾਂ ਕਰਕੇ ਮੌਜੂਦਾ ਸਮੇਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇ ਪੰਜਾਬ ਵਾਸੀਆਂ ਦੀ ਜ਼ਿੰਦਗੀ ਵਿਚ ਸਕਾਰਾਤਮਕ ਬਦਲਾਅ ਆਇਆ ਹੈ ਜਦਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਪੰਜਾਬ ਦੇ ਲੋਕਾਂ ਦਾ ਜੀਵਨ ਬਦ ਤੋਂ ਬਦਤਰ ਬਣ ਗਿਆ ਸੀ।
ਉਨ੍ਹਾਂ ਵਿਕਾਸ ਤੇ ਭਲਾਈ ਸਕੀਮਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਵਪਾਰੀਆਂ ਲਈ ਮੁਫਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ, ਐਸ.ਸੀ. ਪਰਿਵਾਰਾਂ ਨੂੰ 200 ਮੁਫਤ ਬਿਜਲੀ ਯੂਨਿਟ, ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ ਕੁੜੀਆਂ ਨੂੰ ਮੁਫਤ ਸਾਈਕਲ, ਕਿਸਾਨਾਂ ਨੂੰ ਮੁਫਤ ਬਿਜਲੀ, ਮੁੱਖ ਮੰਤਰੀ ਦਰਸ਼ਨ ਯਾਤਰਾ ਯੋਜਨਾ, ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਸ਼ਹਿਰਾਂ ਵਿਚ ਸੀਵਰੇਜ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕੀਤਾ, 4-6 ਮਾਰਗੀ ਸੜਕਾਂ ਦਾ ਨਿਰਮਾਣ, ਮੋਹਾਲੀ ਵਿਖੇ ਨਵਾਂ ਕੌਮਾਂਤਰੀ ਹਵਾਈ ਅੱਡਾ, ਬਠਿੰਡਾ ਤੇ ਆਦਮਪੁਰ ਵਿਖੇ ਘਰੇਲੂ ਹਵਾਈ ਅੱਡਿਆਂ ਤੋਂ ਇਲਾਵਾ ਸੂਬੇ ਵਿਚ ਨਵਾਂ ਨਿਵੇਸ਼ ਲਿਆਂਦਾ ਅਤੇ ਰੁਜ਼ਗਾਰ ਦੇ ਬੇਹਿਸਾਬ ਮੌਕੇ ਪੈਦਾ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਸਦਕਾ ਅੱਜ ਪੰਜਾਬ ਵਿਸ਼ਵ ਦੇ ਨਕਸ਼ੇ ‘ਤੇ ਚਮਕ ਰਿਹਾ ਹੈ।
ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਪਾਰਟੀ ਜਿੱਥੇ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਹੈ ਉੱਥੇ ਹੀ ਸਾਜਿਸ਼ੀ ਏਜੰਡੇ ਤਹਿਤ ਪੰਜਾਬ ਦੇ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਵਿਚ ਵੀ ਪੂਰਾ ਜ਼ੋਰ ਲਾ ਰਹੀ ਹੈ। ਆਪ ਵਾਲਿਆਂ ਦੇ ਇਸ ਕਾਰੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੂੰ ਵਿਦੇਸ਼ਾਂ ਤੋਂ ਫੰਡ ਆਉਂਦੇ ਹਨ। ਆਮ ਆਦਮੀ ਪਾਰਟੀ ਨੂੰ ਨਾਸਮਝਾ ਦੀ ਪਾਰਟੀ ਗਰਦਾਨਦਿਆਂ ਸ. ਬਾਦਲ ਨੇ ਕਿਹਾ ਕਿ ਆਪ ਵਾਲਿਆਂ ਵੱਲੋਂ ਪੰਜਾਬ ਵਿਚ ਮੁੱਖ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ ‘ਤੇ ਕਿੰਤੂ-ਪ੍ਰੰਤੂ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਸਰਕਾਰੀ ਕੰਮਾਂ ਦੀ ਭੋਰਾ ਵੀ ਸਮਝ ਨਹੀ।