ਸਾਡਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ। ਮਾਪੇ ਖ਼ੁਸ਼ੀ ਵਿੱਚ ਫ਼ੁੱਲੇ ਨਹੀਂ ਸਨ ਸਮਾਉਂਦੇ। ਖ਼ੂਬਸੂਰਤ ਜ਼ਿੰਦਗੀ ਦੇ ਸੁਫ਼ਨੇ ਲਏ ਸਨ। ਮੈਂ ਨੌਕਰੀ ਕਰਦਾ ਸਾਂ, ਪਰ ਉਸ ਦਾ ਕੋਰਸ ਹਾਲੇ ਪੂਰਾ ਨਹੀਂ ਸੀ ਹੋਇਆ। ਸਾਡਾ ਆਪਸ ਵਿੱਚ ਬੜਾ ਮੋਹ ਸੀ। ਮੈਨੂੰ ਦਫ਼ਤਰੋਂ ਘਰ ਮੁੜਦਿਆਂ ਕਦੇ ਦੇਰੀ ਹੋ ਜਾਂਦੀ ਤਾਂ ਬੂਹੇ ਖੜ੍ਹੀ ਮੈਨੂੰ ਉਡੀਕਦੀ ਰਹਿੰਦੀ। ਓਦੋਂ ਫ਼ੋਨ ਨਹੀਂ ਸਨ ਹੁੰਦੇ। ਮੇਰੀ ਲਾਪਰਵਾਹੀ ਉਪਰ ਬਹੁਤ ਖਿੱਝਦੀ। ਉਹ ਬੋਲਦੀ- ਮੈਂ ਸੁਣਦਾ। ਮੈਂ ਬੋਲਦਾ- ਉਹ ਸੁਣਦੀ। ਜ਼ਿੰਦਗੀ ਬਹੁਤ ਸੋਹਣੀ ਲੰਘਣ ਲੱਗੀ। ਕਦੇ ਕਦੇ ਥੋੜ੍ਹੇ ਬਹੁਤ ਗਿਲੇ ਸ਼ਿਕਵੇ ਵੀ ਹੁੰਦੇ। ਇਹ ਸਿਲਸਿਲਾ ਕਈ ਵਰ੍ਹਿਆਂ ਤੱਕ ਇਸੇ ਤਰ੍ਹਾਂ ਚਲਦਾ ਰਿਹਾ।
ਨਵੀਂ ਗੱਲ ਓਦੋਂ ਹੋਈ ਜਦੋਂ ਘਰ ਵਿੱਚ ਦੋ ਬੱਚਿਆਂ ਦਾ ਜਨਮ ਹੋ ਗਿਆ-ਇੱਕ ਧੀ ਅਤੇ ਇੱਕ ਪੁੱਤਰ। ਸੰਤੁਲਿਤ ਪਰਿਵਾਰ ਸੀ। ਸ਼ਾਮ ਨੂੰ ਘਰ ਪਰਤਣ ‘ਤੇ ਦੋਵੇਂ ਮੇਰੀਆਂ ਲੱਤਾਂ ਨਾਲ ਚਿੰਬੜਦੇ ਤਾਂ ਅਨੋਖੇ ਆਨੰਦ ਦੀ ਲਹਿਰ ਮਨ ਵਿੱਚ ਉੱਠਦੀ। ਦਿਨ ਭਰ ਦੀ ਥਕਾਵਟ ਪਲ ਵਿੱਚ ਹੀ ਕਿਧਰੇ ਉੱਡ-ਪੁੱਡ ਜਾਂਦੀ। ਮੈਂ ਪੂਰੀ ਤਰ੍ਹਾਂ ਆਨੰਦਿਤ ਹੋ ਜਾਂਦਾ। ਅਸੀਂ ਦੋਵੇਂ ਬਹੁਤ ਖ਼ੁਸ਼ ਹੁੰਦੇ। ਸਮੇਂ ਨਾਲ ਬੱਚੇ ਵੱਡੇ ਹੋਣ ਲੱਗੇ। ਉਹ ਤੰਗ ਕਰਦੇ ਤਾਂ ਮੈਂ ਮੂੰਹੋਂ ਅੱਗ ਵਰ੍ਹਾਉਣ ਲੱਗਦਾ। ਸੁਣ ਕੇ ਉਹ ਸਭ ਕੁਝ ਸਹਾਰ ਲੈਂਦੀ। ਉਨ੍ਹਾਂ ਦੀ ਉਂਗਲ ਫ਼ੜ ਕੇ ਇੱਕ ਪਾਸੇ ਲੈ ਜਾਂਦੀ। ਸੌਣ ਵੇਲੇ ਕਈ ਵਾਰ ਮੈਂ ਸੋਚਦਾ ਕਿ ਔਰਤ ਦੀ ਜ਼ਿੰਦਗੀ ਵੀ ਕੀ ਹੈ- ਭਾਂਡੇ ਮਾਂਜਣਾ, ਬੱਚੇ ਜੰਮਣਾ ਜਾਂ ਪਤੀ ਪੂਜਣਾ? ਸੋਚਾਂ ਸੋਚਦੇ ਮੇਰੇ ਅੰਦਰ ਉਸ ਲਈ ਸਨੇਹ ਉੱਠਦਾ। ਸੁੱਤੀ ਪਈ ਨੂੰ ਟਿਕਟਿਕੀ ਲਾਈ ਦੇਖਦਾ। ਸੌਂ ਜਾਂਦਾ ਤਾਂ ਚੰਗੇ ਮਾੜੇ ਸੁਫ਼ਨੇ ਆਉਂਦੇ।ਕਦੇ ਕਦੇ ਸਾਡੀ ਗੱਲ ਬਹੁਤ ਵਿਗੜ ਜਾਂਦੀ। ਉਹ ਮੇਰੇ ਨਾਲ ਬੁਰੀ ਤਰ੍ਹਾਂ ਰੁੱਸ ਜਾਂਦੀ। ਕਈ ਕਈ ਦਿਨ ਸਾਡੇ ਇਸੇ ਰੋਸੇ ਵਿੱਚ ਹੀ ਲੰਘ ਜਾਂਦੇ। ਔਰਤ ਸੀ ਵਿੱਚਾਰੀ। ਜ਼ੋਰ ਨਾ ਚੱਲਦਾ ਦੇਖ ਕੇ ਹਾਰ ਮੰਨਦੀ ਹੋਈ ਮੈਨੂੰ ਬੁਲਾ ਲੈਂਦੀ। ਮੇਰਾ ਹੱਥ ਆਪਣੇ ਹੱਥ ਵਿੱਚ ਲੈ ਕੇ ਆਖਦੀ, “ਸਿੱਧੇ ਘਰ ਆਇਉ ਅੱਜ ਕਿਤੇ ਰੁਕਿਉ ਨਾ।” “ਕਿਉਂ?” ਮੈਂ ਆਖਦਾ। “ਕੱਪੜੇ ਲੈਣੇ ਨੇ। ਕਿਤਾਬਾਂ ਕਾਪੀਆਂ ਦੀ ਵੀ ਲੋੜ ਹੈ।” ਫ਼ਿਰ ਅਸੀਂ ਪਹਿਲਾਂ ਵਾਂਗ ਘਿਉ ਖਿਚੜੀ ਹੋ ਜਾਂਦੇ। ਪਹਿਲਾਂ ਵਾਂਗ ਹੀ ਹਾਸਾ ਠੱਠਾ ਫ਼ਿਰ ਗੂੰਜਣ ਲੱਗਦਾ। ਕਦੇ ਕਦਾਈਂ ਉਸ ਨੂੰ ਪਤਾ ਨਹੀਂ ਕੀ ਹੋ ਜਾਂਦਾ। ਅੱਗ ਬਗੂਲਾ ਹੋਈ ਉਹ ਆਖਦੀ, “ਭੌਂਕਦੀ ਹਾਂ ਮੈਂ ਤਾਂ। ਕਦੇ ਗੱਲ ਸੁਣੀ ਵੀ ਹੈ ਮੇਰੀ? ਸੌ ਵਾਰੀ ਕਿਹਾ ਕਿ੩।” “ਕੀ ਕਿਹਾ ਤੂੰ?” “ਸਾਡਾ ਆਪਣਾ ਘਰ ਹੋਣਾ ਚਾਹੀਦਾ ਹੈ। ਕਦੋਂ ਤੱਕ ਸਾਨੂੰ ਬੇਗਾਨੀਆਂ ਛੱਤਾਂ ਥੱਲੇ ਰੋਲੋਗੇ? ਹੁਣੇ ਮਕਾਨ ਮਾਲਕਣ ਆਈ ਸੀ। ਪੰਜ ਛੇ ਦਿਨ ਵਿੱਚ ਕਮਰਾ ਖਾਲੀ ਕਰਨ ਲਈ ਕਹਿ ਗਈ ਹੈ।”
ਨਵਾਂ ਘਰ ਲੱਭਣਾ ਕੋਈ ਖੋਜ ਕਰਨ ਜਿਹਾ ਜਾਪਦਾ ਸੀ। ਸਾਮਾਨ ਢੋਂਹਦਿਆਂ ਮੈਨੂੰ ਸ਼ਰਮ ਤਾਂ ਆਉਂਦੀ, ਪਰ ਮਕਾਨ ਬਣਾਉਣਾ ਅਜੇ ਮੇਰੇ ਵੱਸ ਤੋਂ ਬਾਹਰ ਦੀ ਗੱਲ ਸੀ। ਰਿਸ਼ਤੇਦਾਰੀਆਂ ਫ਼ਿੱਕੀਆਂ ਪੈਣ ਕਰਕੇ ਕਿਸੇ ਤੋਂ ਕਿਸੇ ਸਹਿਯੋਗ ਦੀ ਕੋਈ ਆਸ ਨਹੀਂ ਸੀ। ਕਈ ਵਾਰ ਉਹ ਹੱਦੋਂ ਵੱਧ ਗੁੱਸਾ ਦਿਖਾਉਂਦੀ। “ਇਸ ਨਾਲੋਂ ਚੰਗਾ ਰੱਬ ਮੈਨੂੰ ਚੁੱਕ ਹੀ ਲਵੇ। ਵਿਆਹ ਖੁਣੋਂ ਕੀ ਥੁੜ੍ਹਿਆ ਸੀ! ਵਾਧੂ ਦਾ ਸਿਆਪਾ ਗਲ ਪਾ ਲਿਆ। ਭੋਰਾ ਚਿੱਤ ਨ੍ਹੀਂ ਕਰਦਾ ਜਿਉਣ ਦਾ। ਕਰਾਂ ਵੀ ਕੀ? ਇਨ੍ਹਾਂ ਮਾਸੂਮਾਂ ਦਾ ਮੋਹ ਮਰਨ ਵੀ ਤਾਂ ਨਹੀਂ ਦਿੰਦਾ। ਬਾਲਾਂ ਲਈ ਕਿਵੇਂ ਚੰਦਰੀ ਬਣ ਜਾਵਾਂ? ਮਰ ਵੀ ਗਈ ਤਾਂ ਲੋਕ ਕੀ ਕਹਿਣਗੇ? ਕੌਣ ਪਿੱਛੇ ਸਾਰ ਲਵੇਗਾ ਇਨ੍ਹਾਂ ਦੀ?” ਆਖਦੀ ਉਹ ਰੋਣ ਲੱਗਦੀ। ਉਹ ਰੋਂਦੀ ਰੋਂਦੀ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ। ਦੋਵਾਂ ਦੇ ਮੱਥੇ ਚੁੰਮਦੀ। ਨਿੱਕੇ ਬਾਲਾਂ ਨੂੰ ਕੀ ਪਤਾ ਕਿ ਉਨ੍ਹਾਂ ਦੀ ਮਾਂ ਨੂੰ ਕੀ ਹੋਇਆ ਸੀ। ਮੈਂ ਜਾਣਦਾ ਸਾਂ ਜਾਂ ਫ਼ਿਰ ਉਹ।
ਉਸ ਦਾ ਗੁੱਸਾ ਜਾਇਜ਼ ਸੀ। ਮੇਰਾ ਤਾਂ ਦਫ਼ਤਰ ਬੈਠ ਕੇ ਦਿਨ ਲੰਘ ਜਾਂਦਾ ਸੀ। ਘਰ ਬੈਠੇ ਉਸ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ ਸਨ। ਰੋਂਦੀ ਅਤੇ ਸਿਸਕੀਆਂ ਭਰਦੀ ਨੂੰ ਮੈਂ ਚੁੱਪ ਕਰਵਾ ਦਿੰਦਾ। “ਚਿੱਤ ਹੌਲਾ ਨਾ ਕਰ, ਸਭ ਠੀਕ ਹੋ ਜਾਵੇਗਾ,” ਮੈਂ ਹੌਂਸਲਾ ਦਿੰਦਾ, “ਇਹ ਦਿਨ ਵੀ ਲੰਘ ਜਾਣਗੇ। ਤੂੰ ਆਪਣੇ ਘਰ ਦੀ ਰਾਣੀ ਜ਼ਰੂਰ ਬਣੇਂਗੀ।” ਮੇਰੇ ਬੋਲਾਂ ਵਿੱਚ ਉਹ ਆਪਣਾ ਸੁਫ਼ਨਾ ਪੂਰਾ ਹੋਣ ਦੀ ਆਸ ਰੱਖਣ ਲੱਗਦੀ।ਦਿਨ ਇਸ ਤਰ੍ਹਾਂ ਹੀ ਲੰਘਦੇ ਜਾ ਰਹੇ ਸਨ। ਇੱਕ ਦਿਨ ਬਿੱਲੀ ਦੋ ਬਲੂੰਗੜੇ ਲੈ ਆਈ। ਸੁਣਿਆ ਸੀ ਕਿ ਬਿੱਲੀ ਆਪਣੇ ਬੱਚਿਆਂ ਨੂੰ ਲੈ ਕੇ ਸੱਤ ਘਰ ਬਦਲਦੀ ਹੈ। ਇਸ ਦਾ ਭੇਤ ਕੀ ਸੀ, ਪਤਾ ਨਹੀਂ। ਮੈਂ ਵੀ ਕਈ ਘਰ ਬਦਲ ਚੁੱਕਾ ਸੀ। ਉਹ ਬਿੱਲੀ ਦੇ ਬਲੂੰਗੜਿਆਂ ਲਈ ਦੁੱਧ ਦਾ ਕਟੋਰਾ ਰੱਖ ਆਉਂਦੀ। ਚਿੱਪ ਚਿੱਪ ਕਰ ਕੇ ਬਲੂੰਗੜੇ ਇੱਕੋ ਸਾਹੇ ਪੀ ਜਾਂਦੇ। ਬਿੱਲੀ ਦੀ ਮਿਆਊਂ ਮਿਆਊਂ ਨਾਲ ਇੱਕ ਰਾਤ ਉਹ ਉੱਠ ਬੈਠੀ। ਛੱਤ ਉੱਪਰ ਗਈ। ਦੇਖਿਆ ਕਿ ਬਿੱਲੀ ਇੱਕ ਬਿੱਲੇ ਨਾਲ ਲੜ ਰਹੀ ਸੀ। ਸੋਟੀ ਲੈ ਕੇ ਉਸ ਨੇ ਬਿੱਲਾ ਭਜਾ ਦਿੱਤਾ। ਫ਼ਿਰ ਉਸ ਨੇ ਮੈਨੂੰ ਆਵਾਜ਼ ਦਿੱਤੀ, “ਆਇਉ ਉੱਪਰ। ਬਿੱਲੀ ਦੇ ਬਲੂੰਗੜੇ ਨੂੰ ਦੇਖਿਉ।” ਮੈਂ ਉਪਰ ਗਿਆ। ਇੱਕ ਤਾਂ ਔਖੇ ਔਖੇ ਸਾਹ ਭਰ ਰਿਹਾ ਸੀ। ਸ਼ਾਇਦ ਬਿੱਲੇ ਨੇ ਉਸ ਨੂੰ ਮਾਰ ਦਿੱਤਾ ਸੀ। ਦੂਜਾ ਬੁਰੀ ਤਰ੍ਹਾਂ ਠਠੰਬਰਿਆ ਬੈਠਾ ਸੀ। ਮਰੇ ਹੋਏ ਬਲੂੰਗੜੇ ਨੂੰ ਮੈਂ ਪਰ੍ਹੇ ਕਰ ਦਿੱਤਾ। ਬਿੱਲੀ ਦੂਜੇ ਬਲੂੰਗੜੇ ਨੂੰ ਰਾਤੋ ਰਾਤ ਪਤਾ ਨਹੀਂ ਕਿਹੜੇ ਘਰ ਛੱਡ ਆਈ, ਪਰ ਉਹ ਹੁਣ ਉੱਥੇ ਆ ਕੇ ਬੈਠੀ ਰਹਿੰਦੀ ਤੇ ਨਹੁੰਦਰਾਂ ਨਾਲ ਉਸ ਜਗ੍ਹਾ ਨੂੰ ਖੁਰਚਦੀ ਰਹਿੰਦੀ। ਬਲੂੰਗੜੇ ਨੂੰ ਲੱਭਦੀਆਂ ਉਸ ਦੀਆਂ ਅੱਖਾਂ ਮੇਰੇ ਕੋਲੋਂ ਦੇਖੀਆਂ ਨਾ ਜਾਂਦੀਆਂ।
ਮਾਂ ਦੀ ਮਮਤਾ ਦੇ ਅਰਥ ਹੁਣ ਮੈਨੂੰ ਵੀ ਸਮਝ ਆ ਗਏ ਸਨ। ‘ਮਾਂ ਮਾਂ ਹੀ ਹੁੰਦੀ ਹੈ,’ ਮੈਂ ਸੋਚਦਾ। ਮੇਰੀ ਪਤਨੀ ਵੀ ਆਖਦੀ ਸੀ, “ਕੌਣ ਪੁੱਛਦਾ ਹੈ ਨਿੱਕੇ ਮਾਸੂਮਾਂ ਨੂੰ ਮਾਂ ਬਿਨਾਂ੩।”
ਇਹ ਗੱਲ ਮੈਨੂੰ ਉਸ ਦੇ ਹੋਰ ਵੀ ਨੇੜੇ ਲੈ ਆਈ। ਮੈਂ ਉਸ ਨੂੰ ਪਹਿਲਾਂ ਨਾਲੋਂ ਵੀ ਚੰਗੀ ਤਰ੍ਹਾਂ ਸਮਝਣ ਲੱਗਾ। ਝਗੜਨਾ ਹੁਣ ਚੰਗਾ ਨਹੀਂ ਸੀ ਲੱਗਦਾ। ਬੱਚੇ ਹੋਰ ਵੱਡੇ ਹੋ ਰਹੇ ਸਨ। ਘਰ ਦੀ ਲੋੜ ਤਾਂ ਸੀ ਹੀ। ਕਿਰਾਏਦਾਰ ਅਖਵਾਉਣ ਵਿੱਚ ਉਹ ਹੁਣ ਬੇਇੱਜ਼ਤੀ ਸਮਝਦੇ ਸਨ। ਅਸੀਂ ਹੁਣ ਆਪਣੇ ਆਪ ਨੂੰ ਕਾਫ਼ੀ ਸਮਝਾ ਲਿਆ ਸੀ। ਕਦੇ ਕਦੇ ਥੋੜ੍ਹਾ ਬਹੁਤ ਬੋਲ ਬੁਲਾਰਾ ਹੋ ਵੀ ਜਾਂਦਾ ਤਾਂ ਘੜੀ ਪਲ ਵਿੱਚ ਫ਼ਿਰ ਓਹੋ ਜਿਹੇ। “ਹਰ ਰੋਜ਼ ਮਰਨ ਮਰਨ ਕਰਦੀ ਰਹਿੰਦੀ ਏਂ। ਮਰ ਕੇ ਦਿਖਾ ਤਾਂ ਸਹੀ੩,” ਇੱਕ ਵਾਰ ਮੈਂ ਕਿਹਾ। ਉਹ ਹੱਸ ਪਈ। ਕਹਿਣ ਲੱਗੀ, “ਮਰ ਤਾਂ ਜਾਵਾਂ। ਆਹ ਜਿਹੜੇ ਦੋ ਬੱਚੇ ਨੇ, ਮਰਨ ਨ੍ਹੀਂ ਦਿੰਦੇ। ਹੋਰ ਕਿਹੜਾ ਸੁੱਖ ਪਾਇਆ ਇਨ੍ਹਾਂ ਬਿਨਾਂ!” ਬੱਚੇ ਸੁਣਦੇ ਤਾਂ ਮੂੰਹ ਲਟਕਾ ਕੇ ਖੜ੍ਹ ਜਾਂਦੇ। ਉਹ ਉਨ੍ਹਾਂ ਦੇ ਮੱਥੇ ਚੁੰਮਦੀ। ਫ਼ਿਰ ਆਖਦੀ, “ਮਰਨਾ ਕਿਉਂ? ਠਾਠ ਬਾਠ ਨਾਲ ਇਨ੍ਹਾਂ ਦੇ ਵਿਆਹ ਕਰਾਂਗੀ। ਨੂੰਹ ਵੀ ਲਿਆਵਾਂਗੀ। ਧੀ ਦੀ ਡੋਲੀ ਵੀ ਤੋਰਾਂਗੀ ਆਪਣੇ ਘਰੋਂ।”
ਇਹ ਸੁਣ ਕੇ ਮੇਰਾ ਹਾਸਾ ਨਿਕਲ ਜਾਂਦਾ। ਮੈਂ ਔਖੇ ਸੌਖੇ ਘਰ ਬਣਾਉਣ ਲਈ ਮਨ ਬਣਾ ਹੀ ਲਿਆ ਸੀ। ਹੁਣ ਤਾਂ ਮੈਂ ਹੱਥ ਅੱਡਣ ਲਈ ਵੀ ਤਿਆਰ ਸੀ। ਮੈਨੂੰ ਹਰ ਵੇਲੇ ਘਰ ਦੇ ਸੁਫ਼ਨੇ ਆਉਂਦੇ ਰਹਿੰਦੇ ਸਨ। ਮੇਰੇ ਦਿਮਾਗ਼ ਵਿੱਚ ਆਪਣੇ ਘਰ ਦਾ ਨਕਸ਼ਾ ਘੁੰਮਦਾ ਰਹਿੰਦਾ ਸੀ। ਸੋਚਦਾ ਸਾਂ- ਘਰ ਵਿੱਚ ਇੱਕ ਕਮਰਾ ਮੇਰੇ ਲਈ ਹੋਵੇਗਾ। ਕੱਪਬੋਰਡ ਸੋਹਣੇ ਡਿਜ਼ਾਈਨ ਦੇ ਬਣਾਵਾਂਗਾ। ਇਸ ਵਿੱਚ ਮੇਰੀਆਂ ਪੁਸਤਕਾਂ ਸਜੀਆਂ ਹੋਣਗੀਆਂ। ੩ਤੇ ਕੱਲ੍ਹ ਨੂੰ ਧੀ ਪੁੱਤ ਵਿਆਹੁਣੇ ਵੀ ਹਨ। ਬੈਠਣ ਉੱਠਣ ਲਈ ਜਗ੍ਹਾ ਹੋਣੀ ਵੀ ਜ਼ਰੂਰੀ ਹੈ।
ਆਖ਼ਰ ਘਰ ਬਣ ਵੀ ਗਿਆ। ਬੱਚੇ ਵਿਆਹੇ ਵੀ ਗਏ। ਧੀ ਆਪਣੇ ਘਰ ਚਲੀ ਗਈ। ਨੂੰਹ ਸਾਡੇ ਘਰ ਆ ਗਈ। ਨੂੰਹ ਸੱਸ ਦੀ ਨੋਕ ਝੋਕ ਹੁਣ ਹੁੰਦੀ ਰਹਿੰਦੀ। “ਇਹ ਤਾਂ ਸਭ ਘਰਾਂ ਦੀ ਇੱਕੋ ਕਹਾਣੀ ਹੈ,” ਮੈਂ ਕਈ ਵਾਰ ਉਸ ਨੂੰ ਆਖਦਾ। ਮੈਂ ਸੇਵਾਮੁਕਤੀ ਪਿੱਛੋਂ ਲਿਖਣ ਪੜ੍ਹਨ ਵਿੱਚ ਰੁੱਝ ਗਿਆ। ਨਵੀਆਂ ਸੋਚਾਂ ਨੇ ਜਨਮ ਲਿਆ। ਘਿਸੀਆਂ ਪਿਟੀਆਂ ਸੋਚਾਂ ਪਿੱਛੇ ਰਹਿ ਗਈਆਂ। ਮੇਰੀ ਪਤਨੀ ਹੁਣ ਮੇਰੇ ਨਾਲ ਨਹੀਂ, ਨੂੰਹ ਨਾਲ ਕਿਸੇ ਗੱਲੋਂ ਰੁੱਸ ਜਾਂਦੀ। ਲੜਦੀ ਕਦੇ ਨਾ। ਸੁਣਦੀ ਦੇਖਦੀ ਵੀ ਚੁੱਪ ਰਹਿੰਦੀ। ਉਹ ਸੋਚਦੀ, ‘ਚਲੋ ਆਪੇ ਸਮਝ ਜਾਵੇਗੀ। ਅਸੀਂ ਵੀ ਤਾਂ ਕਦੀ੩। ਸਾਡੀ ਗੱਲ ਹੋਰ ਸੀ। ਭਲੇ ਵੇਲੇ ਸਨ ਸਾਡੇ ਤਾਂ। ਅੱਜਕੱਲ੍ਹ ਕਿਸੇ ਨੂੰ ਕੁਝ ਕਹਿਣ ਦਾ ਜ਼ਮਾਨਾ ਵੀ ਤਾਂ ਨਹੀਂ।’
ਸਮੇਂ ਨਾਲ ਨਵੇਂ ਰਿਸ਼ਤੇ ਸਾਡੇ ਨਾਲ ਆ ਜੁੜੇ। ਮੈਂ ਦਾਦਾ ਤੇ ਨਾਨਾ ਬਣ ਗਿਆ। ਦਾਦੀ ਤੇ ਨਾਨੀ ਉਹ ਹੋ ਗਈ। ਨੂੰਹ ਸੱਸ ਦੀ ਇੱਕ ਦਿਨ ਫ਼ਿਰ ਲੜਾਈ ਹੋ ਗਈ। ਮੈਨੂੰ ਵੀ ਉਸ ਨੇ ਬੁਰਾ ਭਲਾ ਆਖ ਦਿੱਤਾ। ਮੇਰਾ ਮਨ ਬੜਾ ਦੁਖਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਕਿਰੇ। “ਚੱਲ ਹੁਣ ਆਪਾਂ ਦੋਵੇਂ ਮਰ ਜਾਈਏ। ਇੱਜ਼ਤ ਹੀ ਨਹੀਂ ਤਾਂ ਬਚਿਆ ਵੀ ਕੀ ਹੈ? ਹੁਣ ਤਾਂ ਕੋਈ ਜ਼ਿੰਮੇਵਾਰੀ ਨਹੀਂ। ਸਾਰੇ ਫ਼ਰਜ਼ ਪੂਰੇ ਕਰ ਲਏ ਹਨ। ਬੜਾ ਕੁਝ ਦੇਖ ਲਿਆ ਜ਼ਿੰਦਗੀ ਵਿੱਚ,” ਮੈਂ ਕਿਹਾ। “ਕਿਉਂ ਮਰੀਏ?” ਪੋਤੇ ਨੂੰ ਚੁੰਮਦੀ ਕਹਿਣ ਲੱਗੀ, “ਘਰਾਂ ਵਿੱਚ ਥੋੜ੍ਹਾ ਬਹੁਤ ਇੱਟ ਖੜਿੱਕਾ ਤਾਂ ਚਲਦਾ ਹੀ ਰਹਿੰਦਾ ਹੈ। ਇੰਨੀ ਛੇਤੀ ਦਿਲ ਕਿਉਂ ਛੱਡੀਏ? ਪੋਤੇ ਨੂੰ ਪਾਲਾਂਗੇ। ਮੂਲ ਨਾਲੋਂ ਵਿਆਜ ਵੱਧ ਪਿਆਰਾ ਹੁੰਦਾ ਹੈ।” ਇਉਂ ਆਖਦੀ ਨੇ ਪੋਤੇ ਨੂੰ ਫ਼ਿਰ ਚੁੰਮ ਲਿਆ, “ਇਸ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੀ। ਮਰਨਾ ਤਾਂ ਦੂਰ ਦੀ ਗੱਲ!” ਮੈਂ ਪਤਨੀ ਦੇ ਝੁਰੜੀਆਂ ਭਰੇ ਚਿਹਰੇ ਵੱਲ ਦੇਖਿਆ। ਉਸ ਦੇ ਵਾਲ ਸਫ਼ੈਦ ਹੋ ਗਏ ਸਨ। “ਨਹੀਂ ਮਰਨਾ ਹੁਣ ਫ਼ਿਰ?” ਮੈਂ ਪੁੱਛਿਆ। ਉਸ ਨੇ ਕਿਹਾ, “ਚੁੱਪ ਕਰੋ। ਇਹੋ ਜਿਹੀਆਂ ਗੱਲਾਂ ਆਪਣੇ ਮੂੰਹੋਂ ਨਹੀਂ ਕਰੀਦੀਆਂ। ਰੱਬ ਜਦੋਂ ਚਾਹੇਗਾ ਆਪਣੇ ਆਪ ਚੁੱਕ ਲਵੇਗਾ।” ਪੋਤੇ ਨੂੰ ਲੈ ਕੇ ਉਹ ਬਾਹਰ ਚਲੀ ਗਈ। ਬਿੰਦ ਕੁ ਪਿੱਛੋਂ ਮੁੜ ਆਈ। ਕਹਿਣ ਲੱਗੀ, “ਲਾਡੀ ਧੀ ਦਾ ਫ਼ੋਨ ਆਇਆ ਸੀ। ਉਨ੍ਹਾਂ ਨੇ ਕੱਲ੍ਹ ਨੂੰ ਆਉਣਾ ਹੈ। ਬਾਜ਼ਾਰੋਂ ਕੁਝ ਲੈ ਆਇਓ।” “ਪੋਤਾ ਦੋਹਤਾ ਦੋਵੇਂ ਇੱਕੱਠੇ ਹੋਣਗੇ? ਇਹ ਤਾਂ ਬੜੀ ਖ਼ੁਸ਼ੀ ਵਾਲੀ ਗੱਲ ਹੈ।” ਮੈਂ ਬਾਜ਼ਾਰ ਜਾਂਦਿਆਂ ਬੜੀ ਬੇਸਬਰੀ ਨਾਲ ਆਉਣ ਵਾਲੇ ਕੱਲ੍ਹ ਨੂੰ ਉਡੀਕਣ ਲੱਗਾ ਸਾਂ।
– ਦਰਸ਼ਨ ਸਿੰਘ















