ਰਾਮ ਮੰਦਰ ਲਈ ਨਹੀਂ ਮੰਗਵਾਉਣ ਦੇਵਾਂਗੇ ਕੋਈ ਪੱਥਰ : ਯੂ. ਪੀ ਸਰਕਾਰ

10ਅਯੋਧਿਆ : ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਟੈਕਸ ਵਿਭਾਗ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੂੰ ਤਜਵੀਜ਼ਿਤ ਰਾਮ ਮੰਦਰ ਉਸਾਰੀ ਲਈ ਰਾਜਸਥਾਨ ਅਤੇ ਗੁਜਰਾਤ ਤੋਂ ਪੱਥਰਾਂ ਦੀ ਦਰਾਮਦ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਵਿਹਿਪ ਅਯੋਧਿਆ ‘ਚ ਬਾਬਰੀ ਮਸਜਿਦ ਦੀ ਜ਼ਮੀਨ ‘ਤੇ ਇਹ ਮੰਦਰ ਬਣਾਉਣ ਦੀ ਤਿਆਰੀ ‘ਚ ਇਹ ਪੱਥਰ ਮੰਗਵਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾ ਪਿਛਲੇ ਸਾਲ ਨਵੰਬਰ ‘ਚ ਸੂਬਾ ਸਰਕਾਰ ਨੇ ਮੰਦਰ ਦੀ ਉਸਾਰੀ ਦੀ ਕਾਰਜਸ਼ਾਲਾ ‘ਚ ਰੱਖਣ ਲਈ ਪੱਥਰਾਂ ਦੀ ਦਰਾਮਦ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਫੈਸਲੇ ਨੂੰ ਲੈ ਕੇ ਭਾਜਪਾ ਦੇ ਇਲਾਵਾ ਹੋਰ ਪਾਰਟੀਆਂ ਨੇ ਅਖਿਲੇਸ਼ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ।
ਵਿਭਾਗ ਨੇ ‘ਉਪਰੋਂ ਆਏ ਹੁਕਮ’ ਦਾ ਹਵਾਲਾ ਦਿੰਦੇ ਹੋਏ ਇਸ ਵਾਰ ਇਹ ਫਾਰਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ। ਵਿਭਾਗ ਦੇ ਵਧੀਕ ਕਮਿਸ਼ਨਰ ਅਖਿਲੇਸ਼ ਸ਼ੁਕਲਾ ਨੇ ਕਿਹਾ ਕਿ ਵਿਹਿਪ ਨੇ ਆਪਣੀ ਅਰਜ਼ੀ ‘ਚ ਇਹ ਲਿਖਿਆ ਸੀ ਕਿ ਅਯੋਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਰਾਮ ਮੰਦਰ ਟਰੱਸਟ ਇਨ੍ਹਾਂ ਪੱਥਰਾਂ ਦੀ ਦਰਾਮਦ ਕਰ ਰਿਹਾ ਹੈ। ਇਸ ਆਧਾਰ ‘ਤੇ ਹੀ ਉਸ ਨੂੰ ਇਨਕਾਰ ਕੀਤਾ ਗਿਆ।
ਉਸ ਨੇ ਕਿਹਾ, ”ਸੁਪਰੀਮ ਕੋਰਟ ਨੇ ਝਗੜੇ ਵਾਲੀ ਥਾਂ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਹੁਕਮ ਦਿੱਤਾ ਹੈ। ਜੇਕਰ ਅਸੀਂ ਮੰਦਰ ਉਸਾਰੀ ਲਈ ਪੱਥਰਾਂ ਦੀ ਇਜਾਜ਼ਤ ਦਿੰਦੇ ਹਾਂ ਤਾਂ ਇਹ ਸੁਪਰੀਮ ਕੋਰਟ ਦੇ ਹੁਕਮ ਦੀ ਵੀ ਉਲੰਘਣਾ ਹੋਵੇਗੀ।”
ਇਹ ਪੁੱਛੇ ਜਾਣ ‘ਤੇ ਕਿ ਪਹਿਲਾਂ ਇਸ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ। ਸ਼ੁਕਲਾ ਨੇ ਕਿਹਾ ਕਿ ਕਿਸੇ ਨਵੇਂ ਅਧਿਕਾਰੀ ਨੇ ਨਵੰਬਰ ‘ਚ ਹੁਕਮ ਦਿੱਤਾ ਸੀ ਅਤੇ ਇਸ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ।