’83 ਤੋਂ ਬਾਅਦ ਜਯੇਸ਼ਭਾਈ ਜ਼ੋਰਦਾਰ ਦੀ ਪਾਰੀ ਖੇਡਣ ਲਈ ਤਿਆਰ ਐ ਰਣਵੀਰ ਸਿੰਘ

ਅਦਾਕਾਰ ਰਣਵੀਰ ਸਿੰਘ ਦੀ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ’83 ਖੂਬ ਚੌਕੇ-ਛੱਕੇ ਲਗਾ ਰਹੀ ਹੈ ਅਤੇ ਲਾਏ ਵੀ ਕਿਉਂ ਨਾ, ਸੰਨ 1983 ‘ਚ ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਕਪਿਲ ਦੇਵ ਦੀ ਅਗਵਾਈ ‘ਚ ਵਰਲਡ ਕੱਪ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਉਸੇ ਟੀਮ ਦੇ ਕਿਰਦਾਰਾਂ ਨੂੰ ਬਾਖ਼ੂਬੀ ਇਸ ਫ਼ਿਲਮ ‘ਚ ਰਣਵੀਰ ਸਿੰਘ ਅਤੇ ਉਸ ਦੀ ਟੀਮ ਨੇ ਸੁਰਜੀਤ ਕੀਤਾ। ਫ਼ਿਲਮ ਦਾ ਮੁੱਖ ਕਿਰਦਾਰ ਰਣਵੀਰ ਸਿੰਘ ਹੈ, ਪਰ ਦਿਲਚਸਪ ਅਤੇ ਮਜ਼ੇਦਾਰ ਗੱਲ ਹੈ ਕਿ ਪੂਰੀ ਫ਼ਿਲਮ ‘ਚ ਰਣਵੀਰ ਨਜ਼ਰ ਹੀ ਨਹੀਂ ਆਉਂਦਾ। ਜੀ ਹਾਂ, ਰਣਵੀਰ ਨੇ ਕਪਿਲ ਦੇਵ ਦੇ ਕਿਰਦਾਰ ਨੂੰ ਇੰਨੀ ਰੂਹ ਨਾਲ ਨਿਭਾਇਆ ਹੈ ਕਿ ਤੁਹਾਨੂੰ ਲੱਗੇਗਾ ਕਿ ਤੁਸੀਂ 1983 ਦੇ ਕ੍ਰਿਕਟ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਹੋ। ਆਪਣੀ ਇਸ ਫ਼ਿਲਮ ਅਤੇ ਅਗਲੇ ਪ੍ਰੌਜੈਕਟਾਂ ਬਾਰੇ ਰਣਵੀਰ ਸਿੰਘ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗਲੱਬਾਤ ਦੇ ਮੁੱਖ ਅੰਸ਼।
ਸਵਾਲ: ਫ਼ਿਲਮ ’83 ‘ਚ ਅਸੀਂ ਸਿਰਫ਼ ਕਪਿਲ ਦੇਵ ਨੂੰ ਵੇਖਿਆ ਸੀ। ਰਣਵੀਰ ਤਾਂ ਪੂਰੀ ਫ਼ਿਲਮ ‘ਚ ਕਿਤੇ ਨਜ਼ਰ ਨਹੀਂ ਆਇਆ। ਤੁਸੀਂ ਇੰਨੀ ਪਰਫ਼ੈਕਸ਼ਨ ਕਿਵੇਂ ਹਾਸਿਲ ਕੀਤੀ?
ਜਵਾਬ: ਮੈਨੂੰ ਕਬੀਰ ਸਰ (ਡਾਇਰੈਕਟਰ) ਅਤੇ ਉਨ੍ਹਾਂ ਦੀ ਰੀਸਰਚ ਤੋਂ ਬਹੁਤ ਮਦਦ ਮਿਲੀ। ਕਪਿਲ ਸਰ ਦੀ ਬੇਟੀ ਆਮਿਆ ਦੇਵ ਕਬੀਰ ਦੀ ਅਸਿਸਟੈਂਟ ਡਾਇਰੈਕਟਰ ਸੀ। ਉਹ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤਕ ਮੇਰੇ ਨਾਲ ਹੀ ਰਹੀ। ਮੇਰਾ ਕਪਿਲ ਸਰ ਦੇ ਕਿਰਦਾਰ ‘ਚ ਰਚ-ਵਸ ਜਾਣ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਉਸ ਕਿਰਦਾਰ ਦੇ ਦੋ ਪਹਿਲੂ ਸਨ। ਇੱਕ ਤਾਂ ਕਪਿਲ ਸਰ ਵਾਂਗ ਕ੍ਰਿਕਟ ਖੇਡਣੀ, ਦੂਜਾ ਮੇਰਾ ਨਿੱਜੀ ਤੌਰ ‘ਤੇ ਅਤੇ ਸ਼ਰੀਰ ਅਤੇ ਆਤਮਾ ਤੋਂ ਕਪਿਲ ਵਰਗਾ ਲੱਗਣਾ। ਕ੍ਰਿਕਟ ਵਾਲਾ ਹਿੱਸਾ ਤਾਂ ਬਹੁਤ ਮਜ਼ੇਦਾਰ ਅਤੇ ਰੋਮਾਂਚਕ ਸੀ ਕਿਉਂਕਿ ਮੈਨੂੰ ਕ੍ਰਿਕਟ ਖੇਡਣੀ ਪਸੰਦ ਹੈ, ਪਰ ਦੂਜਾ ਹਿੱਸਾ ਜਿਸ ‘ਚ ਮੈਂ ਕਪਿਲ ਸਰ ਵਰਗਾ ਨਜ਼ਰ ਆਉਣਾ ਸੀ, ਉਹ ਬਹੁਤ ਚੁਣੌਤੀ ਭਰਿਆ ਰਿਹਾ।
ਸਵਾਲ: ਜਦੋਂ ਤੁਹਾਨੂੰ ਫ਼ਿਲਮ ’83 ਔਫ਼ਰ ਕੀਤੀ ਗਈ ਤਾਂ ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਕਪਿਲ ਦੇਵ ਦੇ ਕਿਰਦਾਰ ‘ਚ ਇੰਨੇ ਰਚ-ਵਸ ਜਾਓਗੇ?
ਜਵਾਬ: ਕਪਿਲ ਸਰ ਦੀ ਫ਼ਿਜ਼ੀਕ ਕਾਫ਼ੀ ਅਲੱਗ ਹੈ। ਉਨ੍ਹਾਂ ਦਾ ਲੰਬਾ ਗੁੱਟ, ਲੰਬੇ ਮੋਢੇ ਅਤੇ ਉਂਗਲਾਂ ਦੀ ਲੰਬਾਈ ਮੇਰੇ ਸ਼ਰੀਰ ਤੋਂ ਬਹੁਤ ਵੱਖਰੀ ਹੈ। ਮੈਨੂੰ ਸ਼ਰੀਰਕ ਤਬਦੀਲੀ ਲਈ ਕਪਿਲ ਸਰ ਦੇ ਘਰ ਭੇਜਿਆ ਗਿਆ ਸੀ। ਫ਼ਿਰ ਮੈਂ ਇਸ ਨੂੰ ਡਾਂਸ ਕੋਰੀਓਗ੍ਰਾਫ਼ੀ ਵਾਂਗ ਸਿੱਖਣਾ ਸ਼ੁਰੂ ਕੀਤਾ। ਚਾਰ ਮਹੀਨਿਆਂ ਦੀ ਤਿਆਰੀ ਅਤੇ ਤਿੰਨ ਮਹੀਨਿਆਂ ਦੀ ਸ਼ੂਟਿੰਗ ਲਈ ਮੈਂ ਸਵੇਰੇ 4 ਘੰਟੇ ਕ੍ਰਿਕਟ ਖੇਡਦਾ, ਸ਼ਾਮ ਨੂੰ ਫ਼ਿਜ਼ੀਕਲ ਕੰਡੀਸ਼ਨਿੰਗ ਕਰਦਾ ਅਤੇ ਬਾਕੀ ਸਮਾਂ ਕਪਿਲ ਸਰ ਦੇ ਕਿਰਦਾਰ ਨਾਲ ਰੂ-ਬ-ਰੂ ਹੁੰਦਾ ਸੀ। ਸ਼ੁਰੂ ‘ਚ ਤਾਂ ਮੈਂ ਡਰ ਹੀ ਗਿਆ ਸੀ ਕਿਉਂਕਿ ਜਦੋਂ ਮੈਂ ਮਦਦ ਲਈ ਵੀਡੀਓ ਫ਼ੁਟੇਜ ਮੰਗੇ ਤਾਂ ਉਨ੍ਹਾਂ ਮੇਰੇ ਆਈਪੈਡ ‘ਤੇ ਇੱਕ ਫ਼ੋਲਡਰ ‘ਚ ਪਾ ਦਿੱਤੇ, ਪਰ ਇੰਨੇ ਘੱਟ ਵੀਡੀਓ ਫ਼ੁਟੇਜ ਨਾਲ ਮੈਂ ਇਹ ਕਿਵੇਂ ਕਰਦਾ? ਫ਼ਿਰ ਕਬੀਰ ਖ਼ਾਨ ਨੇ ਆਈਡੀਆ ਦਿੱਤਾ ਕਿ ਅਸੀਂ ਖ਼ੁਦ ਕਪਿਲ ਸਰ ਨਾਲ ਸਮਾਂ ਬਤੀਤ ਕਰੀਏ। ਬਸ ਫ਼ਿਰ ਕੀ ਸੀ, ਅਸੀਂ ਉਨ੍ਹਾਂ ਨੂੰ ਪੁੱਛਿਆ ਤੇ ਕਪਿਲ ਜੀ ਅਤੇ ਰੋਮੀ ਜੀ ਨੇ ਮੈਨੂੰ ਆਪਣੇ ਘਰ ਰੱਖਿਆ। ਮੈਂ ਉਨ੍ਹਾਂ ਦੇ ਗੈੱਸਟ ਰੂਮ ‘ਚ ਰਹਿ ਰਿਹਾ ਸੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਸੀ ਛੱਡਦਾ। ਮੈਂ ਸਿਰਫ਼ ਉਨ੍ਹਾਂ ਦੀ ਵੀਡੀਓਗ੍ਰਾਫ਼ੀ ਕਰਦਾ, ਉਸ ਨੂੰ ਰਿਕਾਰਡ ਕਰਦਾ ਅਤੇ ਵੇਖਦਾ। ਉਨ੍ਹਾਂ ਮੇਰੇ ਲਈ ਇੱਕ ਪਾਰਟੀ ਰੱਖੀ ਜਿਥੇ ਮੈਂ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ। ਮੈਂ ਉਨ੍ਹਾਂ ਦੇ ਡਾਂਸਿੰਗ ਹੁਨਰ ਅਤੇ ਹਰ ਛੋਟੀ-ਵੱਡੀ ਚੀਜ਼ ਨੂੰ ਵੇਖਿਆ। ਹੁਣ ਜਦੋਂ ਮੈਂ ਫ਼ਿਲਮ ਵੇਖਦਾ ਹਾਂ ਤਾਂ ਮੈਨੂੰ ਬਹੁਤ ਮਾਣ ਹੁੰਦਾ ਹੈ।
ਸਵਾਲ: ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਸੀ ਕਿ ਇਹ ਫ਼ਿਲਮ ਕਰਨੀ ਚਾਹੀਦੀ ਹੈ ਜਾਂ ਨਹੀਂ?
ਜਵਾਬ: ਮੈਂ ਉਨ੍ਹਾਂ ਕਹਾਣੀਆਂ ‘ਤੇ ਫ਼ੋਕਸ ਕਰਨਾ ਚਾਹੁੰਦਾ ਹਾਂ ਜੋ ਦਰਸ਼ਕਾਂ ਵਲੋਂ ਆਸਾਨੀ ਨਾਲ ਸਵੀਕਾਰ ਕੀਤੀਆਂ ਜਾ ਸਕਣ ਅਤੇ ਪਰਿਵਾਰ ਆਧਾਰਿਤ ਹੋਣ। ਮੇਰੇ ਵਿਆਹ ਨੂੰ ਤਿੰਨ ਸਾਲ ਹੋ ਗਏ ਹਨ, ਪਰ ਮੈਂ ਆਪਣੀ ਪਤਨੀ ਨਾਲ ਪਿਛਲੇ 10 ਸਾਲਾਂ ਤੋਂ ਹਾਂ। ਸਮੇਂ ਦੇ ਨਾਲ ਮੈਂ ਮਹਿਸੂਸ ਕੀਤਾ ਹੈ ਕਿ ਮੇਰਾ ਘੇਰਾ ਛੋਟਾ ਹੋ ਗਿਆ ਹੈ ਅਤੇ ਮੈਂ ਇੱਕ ਪਰਿਵਾਰਕ ਵਿਅਕਤੀ ਬਣ ਗਿਆ ਹਾਂ। ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਫ਼ਿਲਮਾਂ ਨੂੰ ਪਸੰਦ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ, ਆਪਣੇ ਮਾਤਾ-ਪਿਤਾ ਨਾਲ, ਬੱਚਿਆਂ ਨਾਲ ਬੈਠ ਕੇ ਵੇਖ ਸਕਾਂ। ਇਸ ਗੱਲ ਨੂੰ ਸਮਝਣਾ ਚਾਹੀਅਦਾ ਹੈ ਕਿ ਸਿਨੇਮਾ ਲੋਕਾਂ ਨੂੰ ਤੇ ਪਰਿਵਾਰਾਂ ਨੂੰ ਇਕੱਠਾ ਕਰਦਾ ਹੈ। ਮੈਂ ਅਜਿਹਾ ਹੀ ਇੱਕ ਕਿੱਸਾ ਸ਼ੇਅਰ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਦੋਸਤਾਂ ਨਾਲ ਥ੍ਰੀ ਇਡੀਅਟਸ ਫ਼ਿਲਮ ਵੇਖੀ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ।
ਸਵਾਲ: ਇੱਕ ਅਦਾਕਾਰ ਦੀ ਨਜ਼ਰ ਤੋਂ ਕੋਰੋਨਾ ਕਾਲ ਤੁਹਾਡੇ ਲਈ ਕਿੰਨਾ ਮੁਸ਼ਕਿਲ ਰਿਹਾ?
ਜਵਾਬ: ਘਰ ‘ਚ ਰਹਿ ਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਮੈਂ ਬਸ ਕੰਮ ਮੁੜ ਸ਼ੁਰੂ ਹੋਣ ਅਤੇ ਸਿਨੇਮਾਘਰਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ,, ਪਰ ਇਹ ਵੇਖਦੇ ਹੋਏ ਕਿ ਪੂਰੀ ਦੁਨੀਆਂ ਇੱਕ ਵੱਡੇ ਸੰਕਟ ਦੀ ਲਪੇਟ ‘ਚ ਹੈ, ਸਾਡੀਆਂ ਸਮੱਸਿਆਵਾਂ ਬਹੁਤ ਛੋਟੀਆਂ ਲੱਗਦੀਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ‘ਚ ਟੀਕਾਕਰਨ ਨੂੰ ਇੰਨੀ ਸਫ਼ਲਤਾ ਮਿਲੀ ਹੈ ਅਤੇ ਜ਼ਿੰਦਗੀ ਹੌਲੀ-ਹੌਲੀ ਪਟੜੀ ‘ਤੇ ਆ ਰਹੀ ਹੈ।
ਸਵਾਲ: ਕੋਵਿਡ ਕਾਰਨ ਦਰਸ਼ਕ ਸਿਨੇਮਾਘਰ ਨਹੀਂ ਜਾ ਰਹੇ। ਇਸ ਬਾਰੇ ਕੀ ਸੋਚਦੇ ਹੋ?
ਜਵਾਬ: ਮੈਂ ਦੱਸਣਾ ਚਾਹਾਂਗਾ ਕਿ ਸਿਨੇਮਾਘਰ ਹਰ ਸੰਭਵ ਸਾਵਧਾਨੀ ਰੱਖ ਰਹੇ ਹਨ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ। ਆਸ ਹੈ ਕਿ ਹਰ ਕੋਈ ਕੋਵਿਡ ਪ੍ਰੋਟੋਕੌਲ ਦੀ ਪਾਲਣਾ ਕਰੇਗਾ ਅਤੇ ਸਭ ਕੁਝ ਪਹਿਲਾਂ ਵਾਂਗ ਆਮ ਵਰਗਾ ਹੋ ਜਾਵੇਗਾ।
ਸਵਾਲ: ਆਪਣੇ ਅਗਲੇ ਪ੍ਰੌਜੈਕਟਾਂ ਬਾਰੇ ਦੱਸੋ।
ਜਵਾਬ: ਮੇਰੀ ਅਗਲੀ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਹੈ। ਜਯੇਸ਼ਭਾਈ ਦਾ ਕਿਰਦਾਰ ਨਿਭਾਉਣਾ ਬਹੁਤ ਚੁਣੌਤੀ ਭਰਿਆ ਰਿਹਾ। ਅਜਿਹਾ ਕਿਰਦਾਰ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਆਪਣੇ ਉਸ ਕਿਰਦਾਰ ਬਾਰੇ ਗੱਲ ਕਰਦੇ ਹੋਏ ਰਣਵੀਰ ਦੱਸਦੈ ਕਿ ਜਯੇਸ਼ਭਾਈ ਇੱਕ ਅਜਿਹਾ ਹੀਰੋ ਹੈ ਜੋ ਆਮ ਵਿਅਕਤੀ ਹੈ ਪਰ ਖ਼ਤਰਨਾਕ ਸਥਿਤੀ ‘ਚ ਫ਼ਸਣ ‘ਤੇ ਕੁਝ ਅਸਾਧਾਰਨ ਕਰ ਦਿੰਦਾ ਹੈ। ਉਹ ਕਾਫ਼ੀ ਸੰਵੇਦਨਸ਼ੀਲ ਅਤੇ ਦਿਆਲੂ ਹੈ। ਉਹ ਸਮਾਜ ‘ਚ ਮਰਦਾਂ ਅਤੇ ਔਰਤਾਂ ਦਰਮਿਆਨ ਸਮਾਨ ਅਧਿਕਾਰਾਂ ‘ਚ ਯਕੀਨ ਰੱਖਦਾ ਹੈ। ਦਿਵਿਆਂਗ ਠੱਕਰ ਇਸ ਫ਼ਿਲਮ ਦਾ ਨਿਰਦੇਸ਼ਕ ਅਤੇ ਲੇਖਕ ਹੈ ਜਿਸ ਨੇ ਫ਼ਿਲਮ ਦੀ ਕਹਾਣੀ ‘ਚ ਜਾਨ ਪਾਈ ਹੈ। ਇਹ ਫ਼ਿਲਮ ਤੁਹਾਨੂੰ ਪੂਰਾ ਸਮਾਂ ਮੁਸਕਰਾਉਣ ਲਈ ਮਜਬੂਰ ਕਰ ਦੇਵੇਗੀ।