ਮੈਨੂੰ ਨਹੀਂ ਲਗਦਾ ਕਿ ਵਿਰਾਟ ਖ਼ਰਾਬ ਫੌਰਮ ਤੋਂ ਗੁਜ਼ਰ ਰਿਹੈ – ਕੋਚ ਰਾਠੌਰ

ਨਵੀਂ ਦਿੱਲੀ – ਲੰਬੇ ਸਮੇਂ ਤੋਂ ਵਿਰਾਟ ਕੋਹਲੀ ਦੀ ਖ਼ਰਾਬ ਫ਼ੌਰਮ ਨੂੰ ਲੈ ਕੇ ਭਾਰਤ ਦਾ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਚਿੰਤਤ ਨਹੀਂ ਅਤੇ ਉਸ ਨੇ ਕਿਹਾ ਕਿ ਵੈੱਸਟ ਇੰਡੀਜ਼ ਖ਼ਿਲਾਫ਼ T-20 ਸੀਰੀਜ਼ ‘ਚ ਉਹ ਫ਼ੌਰਮ ‘ਚ ਜ਼ਰੂਰ ਪਰਤੇਗਾ। ਪਿਛਲੇ ਮਹੀਨੇ ਤਿੰਨ ਫ਼ੌਰਮੈਟਾਂ ‘ਚ ਕਪਤਾਨੀ ਤੋਂ ਵਿਦਾ ਲੈਣ ਵਾਲੇ ਕੋਹਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ‘ਚ 8.6 ਦੀ ਔਸਤ ਨਾਲ 26 ਦੌੜਾਂ ਹੀ ਬਣਾ ਸਕਿਆ ਸੀ ਜਿਸ ਵਿਚੋਂ ਉਸ ਦਾ ਸਭ ਤੋਂ ਵੱਧ ਸਕੋਰ ਕੇਵਲ 18 ਦੌੜਾਂ ਸੀ।
ਰਾਠੌਰ ਨੇ ਕਿਹਾ ਕਿ ਕੋਹਲੀ ਨੈੱਟਸ ‘ਚ ਚੰਗਾ ਖੇਡ ਰਿਹੈ, ਅਤੇ ਉਸ ਨੂੰ ਨਹੀਂ ਲੱਗਦਾ ਕਿ ਕੋਹਲੀ ਫ਼ੌਰਮ ‘ਚ ਨਹੀਂ।”ਮੈਨੂੰ ਨਹੀਂ ਲੱਗਦਾ ਕਿ ਉਹ ਖ਼ਰਾਬ ਫ਼ੌਰਮ ਵਿਚੋਂ ਗੁਜ਼ਰ ਰਿਹਾ ਹੈ। ਵੈੱਸਟ ਇੰਡੀਜ਼ ਖ਼ਿਲਾਫ਼ ਵਨ ਡੇ ਸੀਰੀਜ਼ ‘ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ, ਪਰ ਇਸ ਨੂੰ ਲੈ ਕੇ ਕੋਈ ਚਿੰਤਾ ਨਹੀਂ।”
ਕੋਹਲੀ ਨੇ ਪਿਛਲੇ ਦੋ ਸਾਲਾਂ ‘ਚ ਕੌਮਾਂਤਰੀ ਕ੍ਰਿਕਟ ‘ਚ ਕੋਈ ਵੀ ਸੈਂਕੜਾ ਨਹੀਂ ਲਗਾਇਆ। ਪਿਛਲੀ ਵਾਰ ਨਵੰਬਰ 2019 ‘ਚ ਉਨ੍ਹਾਂ ਬੰਗਲਾਦੇਸ਼ ਖ਼ਿਲਾਫ਼ ਇੱਕ ਡੇ-ਨਾਈਟ ਟੈੱਸਟ ‘ਚ ਸੈਂਕੜਾ ਬਣਾਇਆ ਸੀ। ਰਾਠੌਰ ਨੇ ਕਿਹਾ, ”ਉਹ ਨੈੱਟਸ ‘ਚ ਚੰਗੀ ਬੱਲੇਬਾਜ਼ੀ ਕਰ ਰਿਹੈ। ਮੈਨੂੰ ਯਕੀਨ ਹੈ ਕਿ T-20 ਸੀਰੀਜ਼ ‘ਚ ਉਹ ਵੱਡੀ ਪਾਰੀ ਖੇਡੇਗਾ।”ਇਹ ਸੀਰੀਜ਼ ਅਕਤੂਬਰ ‘ਚ ਆਸਟ੍ਰੇਲੀਆ ‘ਚ ਹੋਣ ਵਾਲੇ T-20 ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹੈ, ਅਤੇ ਰਾਠੌਰ ਨੇ ਯਕੀਨ ਪ੍ਰਗਟਾਇਆ ਕਿ ਭਾਰਤੀ ਬੱਲੇਬਾਜ਼ ਆਸਟ੍ਰੇਲੀਆ ‘ਚ ਦਮਦਾਰ ਪ੍ਰਦਰਸ਼ਨ ਕਰਨਗੇ।
ਰਾਠੌਰ ਨੇ ਕਿਹਾ, ”ਬੱਲੇਬਾਜ਼ੀ ‘ਚ ਕੋਈ ਸਮੱਸਿਆ ਨਹੀਂ। ਸਾਰੇ ਬੱਲੇਬਾਜ਼ ਉਨ੍ਹਾਂ ਹਾਲਾਤ ‘ਚ ਚੰਗਾ ਖੇਡਣ ‘ਚ ਸਮਰੱਥ ਹਨ। ਅਸੀਂ ਆਸਟ੍ਰੇਲੀਆ ‘ਚ ਹੋਣ ਵਾਲੇ ਵਿਸ਼ਵ ਕੱਪ ‘ਤੇ ਫ਼ੋਕਸ ਕਰ ਕੇ ਤਿਆਰੀ ਕਰ ਰਹੇ ਹਾਂ। ਕੁੱਝ ਖਿਡਾਰੀ ਜ਼ਖ਼ਮੀ ਹਨ ਅਤੇ ਜਦੋਂ ਤਕ ਸਾਰੇ ਫ਼ਿੱਟ ਨਹੀਂ ਹੋ ਜਾਂਦੇ, ਉਨ੍ਹਾਂ ਦੀਆਂ ਭੂਮਿਕਾਵਾਂ ਦੇ ਬਾਰੇ ‘ਚ ਕੁੱਝ ਕਹਿਣਾ ਮੁਸ਼ਕਿਲ ਹੋਵੇਗਾ।”
ਇਹ ਪੁੱਛਣ ‘ਤੇ ਕਿ ਕੀ ਟੀਮ ਮੈਨੇਜਮੈਂਟ ਭਵਿੱਖ ‘ਚ ਰਿਸ਼ਭ ਪੰਤ ਤੋਂ ਪਾਰੀ ਦਾ ਆਗ਼ਾਜ਼ ਕਰਵਾਉਣ ਦੀ ਸੋਚ ਰਹੀ ਹੈ ਤਾਂ ਰਾਠੌਰ ਨੇ ਕਿਹਾ ਕਿ ਉਸ ਨੂੰ ਹੇਠਲੇ ਮੱਧਕ੍ਰਮ ‘ਚ ਉਤਾਰਿਆ ਜਾ ਸਕਦਾ ਹੈ। ਉਸ ਨੇ ਕਿਹਾ, ”ਇਹ ਬਹੁਤ ਅੱਗੇ ਦੀ ਗੱਲ ਹੈ। ਮੈਨੂੰ ਨਹੀਂ ਪਤਾ ਕਿ 2023 ਤੋਂ ਬਾਅਦ ਮੈਂ ਟੀਮ ਨਾਲ ਰਹਾਂਗਾ ਜਾਂ ਨਹੀਂ। ਜਿੱਥੋਂ ਤਕ ਰਿਸ਼ਭ ਦੀ ਗੱਲ ਹੈ ਤਾਂ ਉਹ ਉੱਪਰ ਬੱਲੇਬਾਜ਼ੀ ਕਰ ਸਕਦਾ ਹੈ। ਇਹ ਟੀਮ ਦੀ ਜ਼ਰੂਰਤ ‘ਤੇ ਨਿਰਭਰ ਕਰੇਗਾ ਪਰ ਅਸੀਂ ਪੰਤ ਨੂੰ ਹੇਠਲੇ ਮੱਧਕ੍ਰਮ ‘ਚ ਉਤਾਰ ਸਕਦੇ ਹਾਂ ਕਿਉਂਕਿ ਉਥੇ ਸਾਡੇ ਕੋਲ ਖੱਬੇ ਹੱਥ ਦਾ ਬੱਲੇਬਾਜ਼ ਨਹੀਂ।”
ਦੱਖਣੀ ਅਫ਼ਰੀਕਾ ਦੌਰੇ ‘ਤੇ ਨਾਕਾਮੀ ਤੋਂ ਬਾਅਦ ਮੱਧਕ੍ਰਮ ਦੇ ਖ਼ਰਾਬ ਪ੍ਰਦਰਸ਼ਨ ਲਈ ਰਾਠੌਰ ਦੀ ਆਲੋਚਨਾ ਹੋਈ ਸੀ। ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ T-20 ਅਤੇ ਵਨ ਡੇ ‘ਚ ਮੱਧਕ੍ਰਮ ਦਾ ਪ੍ਰਦਰਸ਼ਨ ਕਦੇ ਚਿੰਤਾ ਦਾ ਵਿਸ਼ਾ ਨਹੀਂ ਸੀ। ਅਹਿਮਦਾਬਾਦ ‘ਚ ਵਿਕਟ ਪੇਚੀਦਾ ਸੀ, ਪਰ ਸ਼ੁਰੂਆਤੀ ਵਿਕਟ ਗੁਆਉਣ ਤੋਂ ਬਾਅਦ ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ ਅਤੇ ਪੰਤ ਨੇ ਮੱਧਕ੍ਰਮ ‘ਚ ਚੰਗੀ ਬੱਲੇਬਾਜ਼ੀ ਕੀਤੀ।