ਬਿਨਾਂ ਦਰਸ਼ਕਾਂ ਦੇ ਖੇਡੀ ਜਾਵੇਗੀ ਭਾਰਤ ਅਤੇ ਵੈੱਸਟ ਇੰਡੀਜ਼ ਵਨ-ਡੇ ਸੀਰੀਜ਼

ਅਹਿਮਦਾਬਾਦ – ਗੁਜਰਾਤ ਕ੍ਰਿਕਟ ਸੰਘ (GCA) ਨੇ ਕਿਹਾ ਕਿ ਭਾਰਤ ਅਤੇ ਵੈੱਸਟ ਇੰਡੀਜ਼ ਦਰਮਿਆਨ 6 ਤੋਂ 11 ਫ਼ਰਵਰੀ ਤਕ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਕੋਵਿਡ-19 ਮਹਾਂਮਾਰੀ ਕਾਰਨ ਦਰਸ਼ਕਾਂ ਦੇ ਬਿਨਾਂ ਖ਼ਾਲੀ ਸਟੇਡੀਅਮ ‘ਚ ਖੇਡੀ ਜਾਵੇਗੀ। ਇਹ ਤਿੰਨੋ ਮੈਚ ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਜਾਣਗੇ।
GCA ਨੇ ਬਿਆਨ ‘ਚ ਕਿਹਾ, ”ਅਸੀਂ ਵੈੱਸਟ ਇੰਡੀਜ਼ ਦੇ ਭਾਰਤ ਦੌਰੇ ‘ਤੇ ਵਨ-ਡੇ ਸੀਰੀਜ਼ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। 6 ਫ਼ਰਵਰੀ ਨੂੰ ਪਹਿਲਾ ਵਨ-ਡੇ ਇੱਕ ਬਹੁਤ ਹੀ ਖ਼ਾਸ ਅਤੇ ਇਤਿਹਾਸਕ ਮੈਚ ਹੋਵੇਗਾ ਕਿਉਂਕਿ ਭਾਰਤ ਇਸ ਫ਼ੌਰਮੈਟ ‘ਚ ਆਪਣਾ ਇੱਕ ਹਜ਼ਾਰਵਾਂ ਮੁਕਾਬਲਾ ਖੇਡੇਗਾ। ਭਾਰਤੀ ਟੀਮ ਦੁਨੀਆਂ ਦੀ ਪਹਿਲੀ ਕ੍ਰਿਕਟ ਟੀਮ ਹੋਵੇਗੀ ਜੋ ਇਹ ਉਪਲਬਧੀ ਹਾਸਿਲ ਕਰੇਗੀ। ‘
ਬੋਰਡ ਨੇ ਅੱਗੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੇ ਮੈਚ ਦਰਸ਼ਕਾਂ ਦੇ ਬਿਨਾਂ ਖ਼ਾਲੀ ਸਟੇਡੀਅਮ ‘ਚ ਖੇਡੇ ਜਾਣਗੇ। ਵਨ-ਡੇ ਤੋਂ ਬਾਅਦ ਦੋਹੇਂ ਟੀਮਾਂ ਨੂੰ ਕੋਲਕਾਤਾ ‘ਚ ਤਿੰਨ ਮੈਚਾਂ ਦੀ ਇੱਕ T-20 ਸੀਰੀਜ਼ ਖੇਡਣੀ ਹੈ ਜਿਸ ਲਈ ਪੱਛਮੀ ਬੰਗਾਲ ਸਰਕਾਰ ਨੇ 75 ਫ਼ੀਸਦੀ ਦਰਸ਼ਕਾਂ ਦੀ ਮੌਜੂਦਗੀ ਦੀ ਇਜਾਜ਼ਤ ਦਿੱਤੀ ਹੋਈ ਹੈ।