ਰਾਣਾ ਗੁਰਜੀਤ ਨੇ ਆਪਣੇ ਖ਼ਿਲਾਫ਼ ਬੋਲਣ ਵਾਲੇ ਵਿਧਾਇਕਾਂ ਨੂੰ ਦਿੱਤਾ ਠੋਕਵਾਂ ਜਵਾਬ

ਕਪੂਰਥਲਾ : ਰਾਣਾ ਗੁਰਜੀਤ ਇਸ ਸਮੇਂ ਸੁਰਖੀਆਂ ‘ਚ ਬਣੇ ਹੋਏ ਹਨ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵੱਲੋਂ ਟਿਕਟ ਨਾ ਦੇਣ ਕਾਰਨ ਆਜ਼ਾਦ ਉਮੀਦਵਾਰ ਖੜ੍ਹਾ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿੱਤੀ ਹੈ। ਇਸ ਤਰ੍ਹਾਂ ਰਾਣਾ ਗੁਰਜੀਤ ਦਾ ਪੁੱਤਰ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਹੀ ਚੋਣ ਲੜੇਗਾ। ਰਾਣਾ ਗੁਰਜੀਤ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਹ ਆਪਣੇ ਪੁੱਤਰ ਦੀ ਜਿੱਤ ਲਈ ਚੋਣ ਪ੍ਰਚਾਰ ਵੀ ਕਰਨਗੇ।
ਬੀਤੇ ਕੱਲ ਇਕ ਪੱਤਰ ਵਾਇਰਲ ਹੋਇਆ ਸੀ, ਜਿਸ ਵਿੱਚ ਕਾਂਗਰਸ ਦੇ 4 ਵਿਧਾਇਕਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖਿਆ ਸੀ ਕਿ ਰਾਣਾ ਗੁਰਜੀਤ ਨੂੰ ਪਾਰਟੀ ‘ਚੋਂ ਕੱਢਿਆ ਜਾਵੇ। ਹਾਈਕਮਾਨ ਨੂੰ ਇਹ ਪੱਤਰ ਲਿਖਦਿਆਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਲੰਧਰ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਹਾਈਕਮਾਨ ਤੋਂ ਮੰਗ ਕੀਤੀ ਸੀ ਕਿ ਰਾਣਾ ਗੁਰਜੀਤ ਨੂੰ ਪਾਰਟੀ ‘ਚੋਂ ਕੱਢਿਆ ਜਾਵੇ ਕਿਉਂਕਿ ਉਹ ਪੰਜਾਬ ‘ਚ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਤੇ ਕਾਂਗਰਸੀ ਉਮੀਦਵਾਰਾਂ ਨੂੰ ਹੀ ਹਰਾਉਣ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਇਸ ਪੱਤਰ ਦੇ ਵਾਇਰਲ ਹੋਣ ਤੋਂ ਬਾਅਦ ਰਾਣਾ ਗੁਰਜੀਤ ਨੇ ਆਪਣੇ ਵਿਰੋਧੀਆਂ ਅਤੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਰਾਣਾ ਗੁਰਜੀਤ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਮਾਝੇ ਤੇ ਦੋਆਬੇ ‘ਚ ਕਾਂਗਰਸ ਦੇ ਪੈਰ ਜਮਾਉਣ ‘ਚ ਮੋਹਰੀ ਰਹੇ ਹਨ ਤੇ ਕਾਂਗਰਸ ਹਾਈਕਮਾਨ ਵੀ ਉਨ੍ਹਾਂ ਖਿਲਾਫ ਐਕਸ਼ਨ ਨਹੀਂ ਲੈ ਸਕਦੀ। ਰਾਣਾ ਗੁਰਜੀਤ ਨੇ ਆਪਣੇ ਹੀ ਵਿਧਾਇਕਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੇ 5 ਸਾਲ ਉਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਉਨ੍ਹਾਂ ਨੂੰ ਡਰ ਕਿਉਂ ਸਤਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੁੱਤਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਲੜੇਗਾ ਕਿਉਂਕਿ ਜਿਸ ਉਮੀਦਵਾਰ ਨੂੰ ਸਾਡੀ ਪਾਰਟੀ ਨੇ ਟਿਕਟ ਦਿੱਤੀ ਹੈ, ਉਹ ਕਾਬਿਲ ਨਹੀਂ ਹੈ ਤੇ ਨਾ ਹੀ ਜਿੱਤ ਦਾ ਦਾਅਵੇਦਾਰ ਹੈ। ਇਸ ਲਈ ਉਨ੍ਹਾਂ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਲੜਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਾਰਟੀ ਦੇ ਵਿਧਾਇਕਾਂ ਸਣੇ ਹਾਈਕਮਾਨ ਨੂੰ ਚੈਲੇਂਜ ਕੀਤਾ ਕਿ ਜਿੰਨਾ ਕੰਮ ਉਨ੍ਹਾਂ ਆਪਣੀ ਪਾਰਟੀ ਲਈ ਕੀਤਾ ਹੈ, ਕੋਈ ਅਜਿਹਾ ਲੀਡਰ ਮਾਝੇ ਤੇ ਦੋਆਬੇ ‘ਚ ਨਹੀਂ ਹੈ, ਜੋ ਕਹਿ ਸਕੇ ਕਿ ਉਹ ਰਾਣਾ ਗੁਰਜੀਤ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੇ ਕੁਝ ਵਿਧਾਇਕ ਮੈਨੂੰ ਕੱਢਣਾ ਚਾਹੁੰਦੇ ਹਨ ਤੇ ਉਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ ਪਰ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਨਿਕੰਮਾ ਹੋਇਆ ਤਾਂ ਮੈਨੂੰ ਕੱਢ ਦੇਣਗੇ ਤੇ ਜੇ ਮੈਂ ਕੰਮ ਦਾ ਹਾਂ ਤਾਂ ਨਹੀਂ ਕੱਢਣਗੇ। ਚੀਮਾ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਇਨ੍ਹਾਂ ਨੂੰ ਕੁਝ ਕਰਨ ਦਾ ਬਹੁਤ ਵੱਡਾ ਮੌਕਾ ਮਿਲਿਆ ਸੀ ਪਰ ਕੀਤਾ ਕੁਝ ਨਹੀਂ ਸਗੋਂ ਜਿੰਨਾ ਪੈਸਾ ਇਨ੍ਹਾਂ ਨੂੰ ਮਿਲਿਆ, ਸਾਰਾ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਆਪ ਉਨ੍ਹਾਂ ਦੇ ਪੁੱਤਰ ਨੂੰ ਚੋਣ ਲੜਾ ਰਹੇ ਹਨ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ। ਹਾਈਕਮਾਨ ਨੂੰ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਤੁਸੀਂ ਆਪੋ-ਆਪਣੇ ਹਲਕੇ ‘ਚ ਮਿਹਨਤ ਕਰਕੇ ਜਿੱਤ ਕੇ ਦਿਖਾਓ, ਚੀਕਾਂ ਨਾ ਮਾਰੋ। ਹਾਈਕਮਾਨ ਉਨ੍ਹਾਂ ਖ਼ਿਲਾਫ਼ ਐਕਸ਼ਨ ਨਹੀਂ ਲਵੇਗੀ।