ਰੋਹਿਤ, ਅਸ਼ਵਿਨ ਅਤੇ ਪੰਤ ਕ੍ਰਿਕਇਨਫ਼ੋ ਦੀ ਟੈੱਸਟ ਟੀਮ ਔਫ਼ ਦਾ ਯੀਅਰ ‘ਚ

ਨਵੀਂ ਦਿੱਲੀ – ਨਿਊ ਜ਼ੀਲੈਂਡ ਨੇ ਭਾਵੇਂ ਟੈੱਸਟ ਵਿਸ਼ਵ ਕੱਪ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਹੋਵੇ ਅਤੇ T-20 ਵਿਸ਼ਵ ਕੱਪ ‘ਚ ਉੱਪ ਜੇਤੂ ਦੇ ਰੂਪ ‘ਚ ਸਾਲ ਦਾ ਅੰਤ ਕੀਤਾ ਹੋਵੇ, ਪਰ ਉਸ ਦੀ ਟੀਮ ਦੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਕ੍ਰਿਕਇਨਫ਼ੋ ਦੀ ਵਨ ਡੇ, ਟੈੱਸਟ ਅਤੇ T-20 ਟੀਮ ਔਫ਼ ਦਾ ਯੀਅਰ ‘ਚ ਸ਼ਾਮਿਲ ਕੀਤਾ ਗਿਆ ਹੈ। ਕਾਇਲ ਜੈਮੀਸਨ ਨੇ ਟੈੱਸਟ ਟੀਮ ‘ਚ ਜਗ੍ਹਾ ਬਣਾਈ ਹੈ ਅਤੇ ਗਲੈੱਨ ਫ਼ਿਲਿਪਸ ਨੂੰ T-20 ਟੀਮ ਔਫ਼ ਦਾ ਯੀਅਰ ‘ਚ ਸ਼ਾਮਿਲ ਕੀਤਾ ਗਿਆ ਹੈ।
ਇੰਗਲੈਂਡ ਵਿਰੁੱਧ ਚੇਪਾਕ ਅਤੇ ਦਾ ਓਵਲ ‘ਚ ਸੈਂਕੜਾ ਬਣਾਉਣ ਵਾਲਾ ਰੋਹਿਤ ਸ਼ਰਮਾ ਸਾਲ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਸਲਾਮੀ ਬੱਲੇਬਾਜ਼ ਹੈ। ਟੈੱਸਟ ਇਲੈਵਨ ‘ਚ ਉਸ ਦੇ ਸਲਾਮੀ ਜੋੜੀਦਾਰ ਦਿਮੁਥ ਕਰੁਣਾਰਤਨੇ, ਰੋਹਿਤ ਤੋਂ ਸਿਰਫ਼ ਚਾਰ ਦੌੜਾਂ ਪਿੱਛੇ ਹੈ। ਨੰਬਰ 3 ਤੇ 4 ‘ਤੇ ਕ੍ਰਮਵਾਰ ਮਾਰਨਸ ਲਾਬੁਸ਼ੇਨ ਅਤੇ ਜੋਅ ਰੂਟ ਨੂੰ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਰੂਟ ਟੈੱਸਟ ਇਲੈਵਨ ਦਾ ਕਪਤਾਨ ਹੈ। ਫ਼ਵਾਦ ਆਲਮ, ਜਿਸ ਨੇ ਇਸ ਸਾਲ ਤਿੰਨ ਸੈਂਕੜਿਆਂ ਨਾਲ ਪਾਕਿਸਤਾਨ ਲਈ ਚੰਗਾ ਪ੍ਰਦਰਸ਼ਨ ਕੀਤਾ, ਵੀ ਇਸ ਟੀਮ ਦਾ ਹਿੱਸਾ ਹੈ।
ਉਸ ਨੂੰ ਟੈੱਸਟ ਟੀਮ ਵਿੱਚ ਨੰਬਰ 5 ‘ਤੇ ਜਗ੍ਹਾ ਦਿੱਤੀ ਹੈ। ਆਸਟਰੇਲੀਆ ‘ਚ ਰਿਸ਼ਭ ਪੰਤ ਦੀਆਂ ਧਾਕੜ ਪਾਰੀਆਂ ਅਤੇ ਘਰੇਲੂ ਸੀਰੀਜ਼ ਵਿੱਚ ਇੰਗਲੈਂਡ ਵਿਰੁੱਧ ਕੀਤੇ ਗਏ ਵਧੀਆ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਟੈੱਸਟ ਟੀਮ ਦਾ ਵਿਕਟਕੀਪਰ ਬਣਾਇਆ ਗਿਆ ਹੈ। ਭਾਰਤੀ ਔਫ਼ ਸਪਿਨਰ ਆਰ.ਅਸ਼ਵਿਨ ਨੂੰ ਇੰਗਲੈਂਡ ‘ਚ ਇੱਕ ਵੀ ਟੈੱਸਟ ਖੇਡਣ ਦਾ ਮੌਕਾ ਨਹੀਂ ਸੀ ਮਿਲਿਆ, ਪਰ ਇਸ ਦੇ ਬਾਵਜੂਦ ਵੀ ਉਹ 2021 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ। ਉਹ ਟੀਮ ‘ਚ ਇਕਲੌਤਾ ਸਪਿਨਰ ਹੈ। ਹਸਨ ਅਲੀ, ਸ਼ਾਹੀਨ ਸ਼ਾਹ ਅਫ਼ਰੀਦੀ, ਓਲੀ ਰੌਬਿਨਸਨ ਅਤੇ ਜੈਮੀਸਨ ਦੇ ਨਾਲ ਟੀਮ ‘ਚ ਪੇਸ, ਭਾਵ ਤੇਜ਼ ਗੇਂਦਬਾਜ਼ਾਂ, ਦੀ ਚੌਕੜੀ ਵੀ ਮੌਜੂਦ ਹੈ।