ਜੋਹੈਨਸਬਰਗ – ਦੱਖਣੀ ਅਫ਼ਰੀਕਾ ਦੇ ਕਪਤਾਨ ਡੀਨ ਐਲਗਰ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਦੇ ਟੈੱਸਟ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਤੋਂ ਹੈਰਾਨ ਸੀ, ਪਰ ਉਸ ਨੂੰ ਉਮੀਦ ਹੈ ਕਿ ਦੱਖਣੀ ਅਫ਼ਰੀਕੀ ਟੀਮ ਇਸ ਝਟਕੇ ਤੋਂ ਉਭਰਨ ਦੀ ਕੋਸ਼ਿਸ਼ ਕਰੇਗੀ। ਡੀ ਕੌਕ ਨੇ ਭਾਰਤ ਖ਼ਿਲਾਫ਼ ਸ਼ੁਰੂਆਤੀ ਟੈੱਸਟ ਤੋਂ ਬਾਅਦ ਸਿਰਫ਼ 29 ਸਾਲ ਦੀ ਉਮਰ ‘ਚ ਹੀ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਸ ਦੀ ਟੀਮ ਵੀਰਵਾਰ ਨੂੰ ਸੈਂਚੁਰੀਅਨ ‘ਚ ਖ਼ਤਮ ਹੋਏ ਟੈੱਸਟ ਮੈਚ ‘ਚ 113 ਦੌੜਾਂ ਨਾਲ ਹਾਰ ਗਈ ਸੀ।
ਐਲਗਰ ਨੇ ਇੱਕ ਔਨਲਾਈਨ ਪੱਤਰਕਾਰ ਸੰਮੇਲਨ ‘ਚ ਕਿਹਾ, ”ਮੈਂ ਕਾਫ਼ੀ ਹੈਰਾਨ ਰਹਿ ਗਿਆ, ਪਰ ਜਦੋਂ ਕਵਿਨੀ (ਕਵਿੰਟਨ ਡੀ ਕੌਕ) ਦੇ ਨਾਲ ਬੈਠਾ ਤਾਂ ਉਸ ਨੇ ਆਪਣੇ ਕਾਰਨ ਦੱਸੇ ਅਤੇ ਮੈਂ ਉਸ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਪੂਰੀ ਤਰ੍ਹਾਂ ਸਮਝਦਾ ਹਾਂ।”ਐਲਗਰ ਤੋਂ ਜਦੋਂ ਪੁੱਛਿਆ ਗਿਆ ਕਿ ਡੀ ਕੌਕ ਦੇ ਸੰਨਿਆਸ ਤੋਂ ਦੂਜੇ ਖਿਡਾਰੀ ਪ੍ਰਭਾਵਿਤ ਹੋਣਗੇ ਤਾਂ ਕਪਤਾਨ ਨੇ ਕਿਹਾ, ”ਮੈਨੂੰ ਨਹੀਂ ਲਗਦਾ ਕਿ ਕੋਈ ਵੀ ਖਿਡਾਰੀ ਪ੍ਰਭਾਵਿਤ ਹੋਵੇਗਾ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੌਮਾਂਤਰੀ ਖਿਡਾਰੀਆਂ ਵਾਂਗ ਪੇਸ਼ ਆਈਏ ਅਤੇ ਅੱਗੇ ਵਧੀਏ। ਸਾਨੂੰ ਇਸ ਨੂੰ ਲੈ ਕੇ ਪੇਸ਼ੇਵਰ ਹੋਣ ਦੀ ਜ਼ਰੂਰਤ ਹੈ।”
ਉਸ ਨੇ ਕਿਹਾ, ”ਅਸੀਂ ਅਜੇ ਇੱਕ ਟੈੱਸਟ ਸੀਰੀਜ਼ ਦੇ ਵਿਚਾਲੇ ਹਾਂ, ਇਸ ਲਈ ਮੈਨੂੰ ਨਹੀਂ ਲਗਦਾ ਕਿ ਡੀ ਕੌਕ ਦੇ ਸੰਨਿਆਸ ਦਾ ਕੋਈ ਹੋਰ ਅਸਰ ਹੋਵੇਗਾ।”ਉਸ ਨੇ ਅੰਤ ‘ਚ ਕਿਹਾ, ”ਖਿਡਾਰੀ ਹਾਲਾਤ ਦਾ ਸਨਮਾਨ ਕਰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਹਾਲ ਦੇ ਦਿਨਾਂ ‘ਚ ਸਾਨੂੰ ਕੁੱਝ ਝਟਕੇ ਲੱਗੇ ਹਨ ਅਤੇ ਸਾਨੂੰ ਸਪੱਸ਼ਟ ਤੌਰ ‘ਤੇ ਇਸ ਬਾਰੇ ‘ਚ ਸਮਝਦਾਰ ਹੋਣਾ ਚਾਹੀਦਾ ਹੈ। ਸਾਨੂੰ ਇਸ ਤੋਂ ਉਭਰਨਾ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਖਿਡਾਰੀ ਅਜੇ ਵੀ ਸੰਨਿਆਸ ਤੋਂ ਸਦਮੇ ‘ਚ ਹਨ।”












