ਲਾਹੌਰ – ਪਾਕਿਸਤਾਨ ਦੇ ਆਲਰਾਊਂਡਰ ਅਤੇ ਕ੍ਰਿਕਟ ਦੇ ਹਰ ਫ਼ੌਰਮੈਟ ‘ਚ ਦੇਸ਼ ਦੀ ਕਪਤਾਨੀ ਕਰਨ ਵਾਲੇ ਮੁਹੰਮਦ ਹਫ਼ੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਸੁਪਰ ਲੀਗ (PSL) ਦੇ ਆਗਾਮੀ ਟੂਰਨਾਮੈਂਟ ਲਈ ਲਾਹੌਰ ਕਲੰਦਰਜ਼ ਨਾਲ ਕਰਾਰ ਕਰਨ ਵਾਲੇ 41 ਸਾਲਾ ਹਫ਼ੀਜ਼ ਵਿਸ਼ਵ ਭਰ ਦੀ ਫ਼ਰੈਂਚਾਈਜ਼ੀ ਕ੍ਰਿਕਟ ਲਈ ਉਪਲਬਧ ਰਹਿਣਗੇ।
ਹਫ਼ੀਜ਼ ਨੇ 2018 ‘ਚ ਟੈੱਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ, ਅਤੇ ਉਸ ਦਾ ਕਰੀਅਰ ਲਗਭਗ ਦੋ ਦਹਾਕੇ ਤਕ ਚੱਲਿਆ। ਉਸ ਨੇ ਪਾਕਿਸਤਾਨ ਵਲੋਂ 392 ਅੰਤਰਰਾਸ਼ਟਰੀ ਮੈਚ ਖੇਡੇ ਜਿਨ੍ਹਾਂ ਵਿੱਚ 12,789 ਦੌੜਾਂ ਬਣਾਈਆਂ ਅਤੇ 253 ਵਿਕਟਾਂ ਲਈਆਂ।
ਹਫ਼ੀਜ਼ ਨੇ ਆਪਣੇ ਦੇਸ਼ ਵਲੋਂ 55 ਟੈੱਸਟ, 218 ਵਨ ਡੇਜ਼ ਅਤੇ 119 T-20 ਅੰਤਰਰਾਸ਼ਟਰੀ ਮੈਚ ਖੇਡੇ। ਉਸ ਨੇ ਤਿੰਨ ਵਨ ਡੇ ਵਿਸ਼ਵ ਕੱਪ ਅਤੇ ਛੇ T-20 ਵਿਸ਼ਵ ਕੱਪਾਂ ‘ਚ ਵੀ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਸ ਨੇ 2003 ‘ਚ ਜ਼ਿੰਬਾਬਵੇ ਖ਼ਿਲਾਫ਼ ਵਨ ਡੇ ਮੈਚਾਂ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬੀਊ ਕੀਤਾ ਸੀ। ਉਸ ਦਾ ਆਖ਼ਰੀ ਮੈਚ ਨਵੰਬਰ ‘ਚ T-20 ਵਿਸ਼ਵ ਕੱਪ ਦਾ ਸੈਮੀਫ਼ਾਈਨਲ ਸੀ ਜਿਸ ਵਿੱਚ ਪਾਕਿਸਤਾਨ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਪਣੇ ਸਫ਼ਲ ਕਰੀਅਰ ਦੌਰਾਨ ਉਸ ਨੂੰ 32 ਵਾਰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਅਤੇ ਸਭ ਤੋਂ ਵੱਧ ਵਾਰ ਪਲੇਅਰ ਔਫ਼ ਦਾ ਮੈਚ ਪੁਰਸਕਾਰ ਪਾਉਣ ਵਾਲੇ ਪਾਕਿਸਤਾਨੀ ਖਿਡਾਰੀਆਂ ‘ਚ ਉਹ ਸ਼ਾਹਿਦ ਅਫ਼ਰੀਦੀ (43), ਵਸੀਮ ਅਕਰਮ (39) ਅਤੇ ਇੰਜ਼ਮਾਮ ਉਲ ਹੱਕ (33) ਤੋਂ ਬਾਅਦ ਚੌਥੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਉਸ ਨੂੰ ਨੌਂ ਵਾਰ ਸੀਰੀਜ਼ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।












