ਜੋਹਾਨਸਬਰਗ – ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਿੱਠ ਦੇ ਉਪਰਲੇ ਹਿੱਸੇ ਵਿੱਚ ਦਰਦ ਕਾਰਨ ਦੂਜੇ ਟੈੱਸਟ ਤੋਂ ਬਾਹਰ ਹੋ ਗਿਆ ਸੀ। ਉੱਪ-ਕਪਤਾਨ ਕੇ.ਐੱਲ.ਰਾਹੁਲ ਨੇ ਕੋਹਲੀ ਦੀ ਜਗ੍ਹਾ ਮੈਚ ‘ਚ ਟੀਮ ਦੀ ਕਮਾਨ ਸੰਭਾਲੀ। ਰਾਹੁਲ ਨੇ ਟੌਸ ਦੇ ਸਮੇਂ ਕਿਹਾ ਕਿ ਕੋਹਲੀ ਦੇ 11 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਆਖ਼ਰੀ ਟੈੱਸਟ ਲਈ ਉਪਲਬਧ ਹੋਣ ਦੀ ਉਮੀਦ ਹੈ।
ਟੌਸ ਲਈ ਮੈਦਾਨ ‘ਤੇ ਉਤਰੇ ਰਾਹੁਲ ਨੇ ਕਿਹਾ, ”ਵਿਰਾਟ ਕੋਹਲੀ ਦੀ ਪਿੱਠ ਦੇ ਉੱਪਰਲੇ ਹਿੱਸੇ ‘ਚ ਦਰਦ ਹੈ। ਉਹ ਫ਼ਿਜ਼ੀਓ ਦੀ ਨਿਗਰਾਨੀ ‘ਚ ਹੈ ਅਤੇ ਉਮੀਦ ਹੈ ਕਿ ਅਗਲੇ ਟੈੱਸਟ ਤਕ ਫ਼ਿੱਟ ਹੋ ਜਾਵੇਗਾ।”ਬੱਲੇਬਾਜ਼ੀ ਹਰਫ਼ਨਮੌਲਾ ਹਨੁਮਾ ਵਿਹਾਰੀ ਨੂੰ ਕੋਹਲੀ ਦੀ ਜਗ੍ਹਾ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਸੀ। ਬੱਲੇਬਾਜ਼ੀ ‘ਚ ਲੈਅ ਹਾਸਿਲ ਕਰਨ ਲਈ ਜੂਝ ਰਿਹਾ ਕੋਹਲੀ ਹੁਣ ਕੇਪਟਾਊਨ ‘ਚ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ‘ਚ ਹੀ ਆਪਣਾ ਇਤਿਹਾਸਕ 100ਵਾਂ ਟੈੱਸਟ ਪੂਰਾ ਕਰੇਗਾ ਬਸ਼ਰਤੇ ਉਸ ਦੀ ਪਿੱਠ ਦੀ ਦਰਦ ਓਦੋਂ ਤਕ ਠੀਕ ਹੋ ਜਾਵੇ। ਉਹ ਦੱਖਣੀ ਅਫ਼ਰੀਕਾ ਖ਼ਿਲਾਫ਼ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ‘ਚ ਵੀ ਨਹੀਂ ਖੇਡ ਰਿਹਾ।
ਅਖ਼ਬਾਰ ਪ੍ਰੈੱਸ ਨੂੰ ਜਾਣ ਵੇਲੇ ਤਕ ਭਾਰਤ ਆਪਣੀ ਦੂਸਰੀ ਪਾਰੀ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 85 ਦੌੜਾਂ ਬਣਾ ਚੁੱਕਾ ਸੀ ਅਤੇ 58 ਰਨਾਂ ਦੀ ਲੀਡ ਹਾਸਿਲ ਕਰ ਚੁੱਕਾ ਸੀ। ਪਹਿਲੀ ਪਾਰੀ ‘ਚ 50 ਦੌੜਾਂ ਬਣਾਉਣ ਵਾਲਾ ਓਪਨਰ ਕਪਤਾਨ ਰਾਹੁਲ ਅੱਠ ਅਤੇ ਮਿਯੰਗ ਅਗਰਵਾਲ 23 ਰਨ ਬਣਾ ਕੇ ਆਊਟ ਹੋਏ ਜਦੋਂ ਕਿ ਪੁਜਾਰਾ 35 ਅਤੇ ਰਹਾਣੇ 11 ਦੌੜਾ ਬਣਾ ਕੇ ਡਟੇ ਹੋਏ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 204 ਅਤੇ ਦੱਖਣੀ ਅਫ਼ਰੀਕਾ ਨੇ 229 ਦੌੜਾਂ ਬਣਾਈਆਂ ਸਨ।












