ਲੁਧਿਆਣਾ -ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਏ ਵੱਡੇ ਧਮਾਕੇ ਤੋਂ ਬਾਅਦ ਕੀਤੇ ਦੌਰੇ ਮੌਕੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪਿੱਛੇ ਬਾਹਰਲੀਆਂ ਫੋਰਸਿਜ਼ ਦਾ ਹੱਥ ਹੋ ਸਕਦਾ ਹੈ ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਪੰਜਾਬ ਸਥਿਰ ਰਹੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਸ਼ਾਂਤੀ ਹੈ ਤਾਂ ਪੂਰੇ ਦੇਸ਼ ’ਚ ਸ਼ਾਂਤੀ ਹੈ ਤੇ ਇਸ ਲਈ ਉਨ੍ਹਾਂ ਵੱਲੋਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਸਰਹੱਦ ’ਤੇ ਪਹਿਲਾਂ ਹੀ ਹਾਈ ਅਲਰਟ ਹੈ।
ਉਨ੍ਹਾਂ ਕਿਹਾ ਕਿ ਅਦਾਲਤਾਂ, ਡੀ. ਸੀ. ਦਫ਼ਤਰਾਂ ਤੇ ਜਨਤਕ ਥਾਵਾਂ ’ਤੇ ਸੁਰੱਖਿਆ ਹੋਰ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਧਰਨਿਆਂ ਕਾਰਨ ਵੀ ਪੁਲਸ ਦਾ ਧਿਆਨ ਉਸ ਪਾਸੇ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਤੀ ਲਈ ਧਰਨਾਕਾਰੀਆਂ ਨੂੰ ਵੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਪੰਜਾਬ ਪੁਲਸ ਸੁਰੱਖਿਆ ਵੱਲ ਧਿਆਨ ਦੇ ਸਕੇ।















