ਚੰਡੀਗੜ੍ਹ – ਕੋਰੋਨਾ ਦੇ ਨਵੇਂ ਵੈਰੀਐਂਟ ਦਾ ਸੰਕ੍ਰਮਣ ਹੌਲੀ-ਹੌਲੀ ਸਾਰੇ ਦੇਸ਼ਾਂ ’ਚ ਪੈਰ ਪਸਾਰ ਰਿਹਾ ਹੈ। ਭਾਰਤ ’ਚ ਵੀ 1 ਦਸੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੰਜਾਬ ਦੇ ਚੰਡੀਗੜ੍ਹ ਜ਼ਿਲ੍ਹੇ ’ਚ ਵੀ ਓਮੀਕ੍ਰੋਨ ਦਾ ਪਹਿਲਾ ਮਰੀਜ਼ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਇਹ ਮਰੀਜ਼ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਅਤੇ ਨਿਯਮਾਂ ਅਨੁਸਾਰ ਉਸ ਨੂੰ ਇਕਾਂਤਵਾਸ ਰੱਖਿਆ ਗਿਆ ਸੀ ਅਤੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਦੀ ਰਿਪੋਰਟ ਨੂੰ ਅੱਗੇ ਸੀਕੁਐਂਸਿੰਗ ਲਈ ਭੇਜਿਆ ਗਿਆ ਸੀ, ਜਿੱਥੇ ਉਸ ’ਚ ਓਮੀਕ੍ਰੋਨ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ’ਚ ਓਮੀਕ੍ਰੋਨ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਡ ਮਹਾਨਗਰਪਾਲਿਕਾ ’ਚ ਮਿਲੇ ਹਨ। ਭਾਰਤ ਦੀ ਗੱਲ ਕਰੀਏ ਤਾਂ 33 ਮਾਮਲੇ ਨਵੇਂ ਵੇਰੀਐਂਟ ਦੇ ਮਿਲ ਚੁਕੇ ਹਨ। ਸਭ ਤੋਂ ਵੱਧ ਮਹਾਰਾਸ਼ਟਰ ’ਚ 17, ਰਾਜਸਥਾਨ ’ਚ 9, ਗੁਜਰਾਤ ’ਚ 3, ਦਿੱਲੀ ’ਚ 2 ਅਤੇ ਕਰਨਾਟਕ ’ਚ 2 ਮਾਮਲੇ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ’ਚ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ।















