ਜੋਹਾਨਸਬਰਗ – ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਕ੍ਰਿਕਟ ਦੱਖਣੀ ਅਫ਼ਰੀਕਾ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਐਲਾਨੀ 21 ਮੈਂਬਰੀ ਟੀਮ ‘ਚ ਤੇਜ਼ ਗੇਂਦਬਾਜ਼ ਸਿਸੈਂਡਾ ਮਗਲਾ ਅਤੇ ਵਿਕਟਕੀਪਰ ਬੱਲੇਬਾਜ਼ ਰਾਇਨ ਰਿਕੈਲਟਨ ਨੂੰ ਨਵੇਂ ਚਿਹਰਿਆਂ ਦੇ ਤੌਰ ‘ਤੇ ਜਗ੍ਹਾ ਦਿੱਤੀ ਗਈ ਹੈ ਜਦਕਿ ਟੀਮ ਦੇ ਕਪਤਾਨ ਡੀਨ ਐਲਗਰ ਹੋਣਗੇ, ਅਤੇ ਟੇਂਬਾ ਬਾਵੁਮਾ ਉੱਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 26 ਦਸੰਬਰ ਤੋਂ ਸੇਂਚੁਰੀਅਨ ‘ਚ ਖੇਡਿਆ ਜਾਵੇਗਾ।
ਓਮਿਕਰੌਨ ਕਾਰਨ ਟੱਲ ਗਿਆ ਸੀ ਦੌਰਾ
ਭਾਰਤ ਦੇ ਦੱਖਣੀ ਅਫ਼ਰੀਕਾ ਦੌਰੇ ਦੀ ਸ਼ੁਰੂਆਤ 17 ਦਸੰਬਰ ਤੋਂ ਹੋਣੀ ਸੀ, ਪਰ ਉੱਥੇ ਕੋਰੋਨਾ ਦੇ ਨਵੇਂ ਵੇਰੀਏਂਟ ਓਮਿਕਰੌਨ ਦੇ ਮਾਮਲੇ ਮਿਲਣ ਨਾਲ ਇਸ ਨੂੰ ਇੱਕ ਹਫ਼ਤੇ ਲਈ ਟਾਲ ਦਿੱਤਾ ਗਿਆ ਸੀ। ਓਮਿਕਰੌਨ ਦੇ ਖ਼ਤਰੇ ਨੂੰ ਦੇਖਦੇ ਹੋਏ ਪੂਰੀ ਕ੍ਰਿਕਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਸਨ। ਪਰ ਬਾਅਦ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦੌਰੇ ਨੂੰ ਛੋਟਾ ਕਰਦੇ ਹੋਏ ਕੇਵਲ ਟੈੱਸਟ ਅਤੇ ਵਨ-ਡੇ ਸੀਰੀਜ਼ ਹੀ ਖੇਡਣ ਦੀ ਹਾਮੀ ਭਰ ਦਿੱਤੀ। ਦੋਵੇਂ ਦੇਸ਼ਾਂ ਦਰਮਿਆਨ ਖੇਡੀ ਜਾਣ ਵਾਲੀ ਚਾਰ T-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਬਾਅਦ ‘ਚ ਅਗਲੇ ਸਾਲ ਕਿਸੇ ਵਕਤ ਖੇਡੀ ਜਾਵੇਗੀ।
ਦੱਖਣੀ ਅਫ਼ਰੀਕਾ ਦੀ ਟੈੱਸਟ ਟੀਮ: ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ (ਉਪ-ਕਪਤਾਨ), ਕਵਿੰਟਨ ਡੀ ਕੌਕ (ਵਿਕਟਕੀਪਰ), ਕੈਗੀਸੋ ਰਬਾਡਾ, ਸਰੇਲ ਇਰਵੀ, ਬਿਊਰੇਨ ਹੈਂਡ੍ਰਿਕਸ, ਜੌਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡੇਨ ਮਾਰਕਰਾਮ, ਵੀਐਨ ਮੁਲਡਰ, ਐਨਰਿਕ ਨਾਰਕੀਆ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸੇਂ, ਕਾਇਲ ਵੇਰੇਨ, ਮਾਰਕੋ ਜੈਨਸਨ, ਗਲੈਨਟਨ ਸਟੁਰਮੈਨ, ਪ੍ਰੇਨੇਲਨ ਸੁਬ੍ਰਯ, ਸਿਸੈਂਡਾ ਮਗਲਾ, ਰਾਇਨ ਰਿਕੈਲਟਨ, ਡੁਸਾਨੇ ਓਲਿਵਰ।











