ਰੂਟ ਨੇ ਪਹਿਲੇ ਐਸ਼ੇਜ਼ ਟੈੱਸਟ ਲਈ ਆਖਰੀ-11 ਦਾ ਖ਼ੁਲਾਸਾ ਕਰਨ ਤੋਂ ਕੀਤਾ ਇਨਕਾਰ

ਬ੍ਰਿਸਬੇਨ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਆਸਟਰੇਲੀਆ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਐਸ਼ੇਜ਼ ਟੈੱਸਟ ਮੈਚ ਲਈ ਆਪਣੀ ਆਖਰੀ-11 ਦਾ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਰੂਟ ਨੇ ਇਹ ਸਮਾਚਾਰ ਆਉਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ ਕਿ ਇਕਾਂਤਵਾਸ ਨਾਲ ਜੁੜੀਆਂ ਚਿੰਤਾਵਾਂ ਕਾਰਨ ਪੰਜਵਾਂ ਟੈੱਸਟ ਮੈਚ ਪਰਥ ‘ਚ ਨਹੀਂ ਹੋਵੇਗਾ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਜ਼ ਨੇ ਐਤਵਾਰ ਨੂੰ ਆਗਾਮੀ ਕਦਮ ਚੁੱਕਦੇ ਹੋਏ ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਹੋਣ ਵਾਲੇ ਮੈਚ ਲਈ ਤਿੰਨ ਦਿਨ ਪਹਿਲਾਂ ਹੀ ਆਖਰੀ-11 ਦਾ ਐਲਾਨ ਕਰ ਦਿੱਤਾ ਸੀ।
ਰੂਟ ਨੇ ਹਾਲਾਂਕਿ ਇਸ ‘ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਹਸੀਬ ਹਮੀਦ ਦੀ ਟੌਪ-3 ‘ਚ ਜਗ੍ਹਾ ਬਣੀ ਰਹੇਗੀ ਜਾਂ ਜਾਨੀ ਬੇਅਰਸਟੋ ਜਾਂ ਓਲੀ ਪੋਪ ‘ਚੋਂ ਛੇ ਨੰਬਰ ‘ਤੇ ਕੌਣ ਬੱਲੇਬਾਜ਼ੀ ਕਰੇਗਾ। ਉਸ ਨੇ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਜੇਮਜ਼ ਐਂਡਰਸਨ ਅਤੇ ਸਟੂਅਰਟ ਬ੍ਰੌਡ ਦੋਵੇਂ ਖੇਡਣਗੇ ਜਾਂ ਨਹੀਂ। ਰੂਟ ਨੇ ਕਿਹਾ, ”ਮੈਂ ਦਿਮਾਗ਼ੀ ਖੇਡ ਨਹੀਂ ਖੇਡ ਰਿਹਾ। ਮੈਂ ਹੁਣੇ ਹੀ ਆਪਣੀ ਟੀਮ ਦਾ ਐਲਾਨ ਕਰਨ ਦੀ ਸਥਿਤੀ ‘ਚ ਨਹੀਂ। ਸੱਚਾਈ ਇਹ ਹੈ ਕਿ ਆਖਰੀ-11 ਦਾ ਐਲਾਨ ਕਰਨ ਬਾਰੇ ਮੈਂ ਅਸਲ ‘ਚ ਚਿੰਤਿਤ ਨਹੀਂ ਹਾਂ ਜਾਂ ਇਸ ਨਾਲ ਸਾਡੇ ਦ੍ਰਿਸ਼ਟੀਕੋਣ ‘ਚ ਕੋਈ ਬਦਲਾਅ ਨਹੀਂ ਆਉਣਾ। ਅਸੀਂ ਆਪਣੇ ਹਿਸਾਬ ਨਾਲ ਅੱਗੇ ਵਧਾਂਗੇ ਅਤੇ ਜਦੋਂ ਸਾਨੂੰ ਉਚਿਤ ਲੱਗੇਗਾ ਤੁਹਾਨੂੰ ਦੱਸਾਂਗੇ।”
ਰੂਟ ਨੇ ਕਿਹਾ ਕਿ ਉਸ ਨੇ ਅਜੇ ਤਕ ਗਾਬਾ ਦੀ ਪਿੱਚ ਨਹੀਂ ਦੇਖੀ, ਅਤੇ ਇਸ ਲਈ ਉਹ ਇਹ ਦੱਸਣ ਦੀ ਸਥਿਤੀ ‘ਚ ਨਹੀਂ ਕਿ ਟੌਸ ਜਿੱਤਣ ‘ਤੇ ਉਹ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕਰੇਗਾ ਜਾਂ ਗੇਂਦਬਾਜ਼ੀ ਦਾ। ਇੱਕ ਆਸਟਰੇਲੀਆਈ ਪੱਤਰਕਾਰ ਨੇ ਉਸ ਨੂੰ ਦੱਸਿਆ ਕਿ ਪਿੱਚ ‘ਤੇ ਹਰੀ ਘਾਹ ਦਿਖ ਰਹੀ ਹੈ। ਇਸ ‘ਤੇ ਰੂਟ ਨੇ ਕਿਹਾ ਕਿ ਇੱਕ ਤੇਜ਼ ਗੇਂਦਬਾਜ਼ ਅਤੇ ਆਸਟਰੇਲੀਆ ਦੇ ਕਪਤਾਨ ਦੇ ਰੂਪ ‘ਚ ਪੈਟ ਕਮਿਨਜ਼ ਆਪਣਾ ਪ੍ਰਭਾਵ ਛੱਡ ਚੁੱਕੇ ਹਨ। ਜੇਕਰ ਪਿੱਚ ‘ਚ ਘਾਹ ਹੈ ਤਾਂ ਦੇਖਦੇ ਹਾਂ ਕਿ ਮੈਚ ਦੀ ਸਵੇਰ ਨੂੰ ਪਿੱਚ ਕਿੰਝ ਦੀ ਦਿਖਦੀ ਹੈ।