ਧੋਨੀ ਨੂੰ ਪਿੱਛੇ ਛੱਡ ਕੇ T-20 ਦੇ ਸਭ ਤੋਂ ਸਫ਼ਲ ਕਪਤਾਨ ਬਣੇ ਈਔਨ ਮੌਰਗਨ

ਸ਼ਾਰਜਾਹ – ਇੰਗਲੈਂਡ ਨੇ T-20 ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਚੌਥਾ ਮੈਚ ਵੀ ਜਿੱਤ ਲਿਆ ਹੈ। ਸ਼੍ਰੀ ਲੰਕਾ ਵਿਰੁੱਧ ਹੋਏ ਇਸ ਮੁਕਾਬਲੇ ‘ਚ ਇੰਗਲੈਂਡ ਨੇ ਜੋਸ ਬਟਲਰ ਦੇ ਸੈਂਕੜੇ ਦੀ ਬਦੌਲਤ 163 ਦੌੜਾਂ ਬਣਾਈਆਂ। ਸ਼੍ਰੀ ਲੰਕਾਈ ਟੀਮ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਇਸ ਜਿੱਤ ਦੇ ਨਾਲ ਹੀ ਈਔਨ ਮੌਰਗਨ T-20 ਅੰਤਰਰਾਸ਼ਟਰੀ ‘ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਜਿੱਤ ਹਾਸਿਲ ਕਰਨ ਵਾਲੇ ਖਿਡਾਰੀ ਵੀ ਬਣ ਗਏ ਹਨ। ਦੇਖੋ ਰਿਕਾਰਡ …
ਕਪਤਾਨ ਦੇ ਰੂਪ ‘ਚ ਸਭ ਤੋਂ ਜ਼ਿਆਦਾ ਜਿੱਤ ਟੀ-20: ਈਔਨ ਮੌਰਗਨ 43 (68 ਮੈਚ), ਅਸਗਰ ਅਫ਼ਗ਼ਾਨ 42 (52 ਮੈਚ), ਮਹਿੰਦਰ ਸਿੰਘ ਧੋਨੀ 42 (72 ਮੈਚ), ਸਰਫ਼ਰਾਜ਼ ਅਹਿਮਦ 29 (37 ਮੈਚ) ਅਤੇ ਵਿਰਾਟ ਕੋਹਲੀ 29 (47 ਮੈਚ)। ਦੱਸ ਦੇਈਏ ਕਿ ਇੰਗਲੈਂਡ ਵਲੋਂ T-20 ਕ੍ਰਿਕਟ ‘ਚ ਮੌਰਗਨ ਦੇ ਨਾਂ ‘ਤੇ ਸਭ ਤੋਂ ਜ਼ਿਆਦਾ ਦੌੜਾਂ ਦਰਜ ਹਨ। ਉਨ੍ਹਾਂ ਨੇ 110 ਮੈਚਾਂ ‘ਚ 2367 ਦੌੜਾਂ ਬਣਾਈਆਂ ਹਨ ਜਿਸ ‘ਚ 14 ਅਰਧ ਸੈਂਕੜੇ ਵੀ ਸ਼ਾਮਿਲ ਹਨ। ਇਹੀ ਨਹੀਂ T-20 ‘ਚ ਉਸ ਦੇ ਨਾਂ ‘ਤੇ 116 ਛੱਕੇ ਵੀ ਦਰਜ ਹਨ। ਸ਼੍ਰੀ ਲੰਕਾ ਦੇ ਵਿਰੁੱਧ ਮੈਚ ਦੇ ਦੌਰਾਨ ਵੀ ਉਨ੍ਹਾਂ ਨੇ ਬੱਲੇਬਾਜ਼ੀ ਦੇ ਜ਼ੌਹਰ ਦਿਖਾਏ। ਸ਼ੁਰੂਆਤੀ 15 ਗੇਂਦਾਂ ‘ਚ 20 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਮੌਰਗਨ ਨੇ ਅਚਾਨਕ ਗੇਅਰ ਬਦਲਿਆ ਅਤੇ ਇੰਗਲੈਂਡ ਨੂੰ 100 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ।