ਲੁਧਿਆਣਾ : ਜ਼ਿਲ੍ਹੇ ’ਚ ਡੇਂਗੂ ਮਹਾਮਾਰੀ ਦਾ ਰੂਪ ਧਾਰਦਾ ਜਾ ਰਿਹਾ ਹੈ। ਦੂਜੇ ਪਾਸੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਹਸਪਤਾਲ ਡੇਂਗੂ ਦੇ ਕੇਸਾਂ ਦੀ ਰਿਪੋਰਟ ਨਹੀਂ ਕਰ ਰਹੇ। ਸਿਹਤ ਵਿਭਾਗ ਨੇ 88 ਸੈਂਪਲਾਂ ਦੀ ਕ੍ਰਾਸ ਚੈਕਿੰਗ ਕੀਤੀ, ਜਿਨ੍ਹਾਂ ’ਚੋਂ 30 ਮਰੀਜ਼ਾਂ ਨੂੰ ਪਾਜ਼ੇਟਿਵ ਦੱਸਿਆ ਗਿਆ, ਦੂਜੇ ਪਾਸੇ ਪ੍ਰਮੁੱਖ ਹਸਪਤਾਲਾਂ ਵਿਚ ਫਿਰ 150 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਪਾਜ਼ੇਟਿਵ ਮਰੀਜ਼ਾਂ ਤੋਂ ਇਲਾਵਾ 100 ਤੋਂ ਜ਼ਿਆਦਾ ਡੇਂਗੂ ਦੇ ਸ਼ੱਕੀ ਮਰੀਜ਼ ਸਿਰਫ਼ ਦਯਾਨੰਦ ਹਸਪਤਾਲ ’ਚ ਦਾਖਲ ਹੋਏ ਹਨ। ਮਰੀਜ਼ਾਂ ਨੂੰ ਐਮਰਜੈਂਸੀ ਵਿਚ ਜਗ੍ਹਾ ਮਿਲਣ ਵਿਚ ਦੋ-ਦੋ ਘੰਟੇ ਦਾ ਸਮਾ ਲੱਗ ਰਿਹਾ ਹੈ। ਦੂਜੇ ਹਸਪਤਾਲਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਥੇ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਐਮਰਜੈਂਸੀ ਦੇ ਬਾਹਰ ਮਰੀਜ਼ਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ 1228 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ 1013 ਮਰੀਜ਼ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 215 ਦਿਹਾਤੀ ਇਲਾਕਿਆਂ ਨਾਲ ਸਬੰਧਤ ਹਨ। ਅੱਜ ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਇਲਾਕਿਆਂ ’ਚ ਲਗਾਤਾਰ ਮਰੀਜ਼ ਸਾਹਮਣੇ ਆ ਰਹੇ ਹਨ।
ਸਿਵਲ ਹਸਪਤਾਲ ’ਚ ਸੈੱਲ ਸੈਪਰੇਟਰ ਮਸ਼ੀਨ ਖਰਾਬ
ਸਿਵਲ ਹਸਪਤਾਲ ’ਚ ਪਲੇਟਲੇਟ ਲਈ ਸੈੱਲ ਸੈਪਰੇਟਰ ਮਸ਼ੀਨ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ, ਜਿਸ ਨੂੰ ਡੇਂਗੂ ਦਾ ਸੀਜ਼ਨ ਸ਼ੁਰੂ ਹੋਣ ਉਪਰੰਤ ਵੀ ਠੀਕ ਨਹੀਂ ਕਰਵਾਇਆ ਜਾ ਸਕਿਆ, ਜਿਸ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਵੀ ਵਧ ਗਿਆ ਹੈ।















