ਪਣਜੀ- ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਅੱਜ ਇੱਥੇ ਸ਼ੁੱਕਰਵਾਰ ਨੂੰ ਤ੍ਰਿਣਮਲ ਕਾਂਗਰਸ ‘ਚ ਸ਼ਾਮਲ ਹੋ ਗਏ। ਤਟੀ ਸੂਬੇ ਦੇ ਤਿੰਨ ਰੋਜ਼ਾ ਦੌਰੇ ‘ਤੇ ਆਈ ਬੈਨਰਜੀ ਨੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਲਿਏਂਡਰ ਦਾ ਸਵਾਗਤ ਕੀਤਾ।
ਤ੍ਰਿਣਮੂਲ ਕਾਂਗਰਸ ਵਲੋਂ ਟਵਿੱਟਰ ‘ਤੇ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਅਸੀਂ ਸਾਰੇ ਇਕੱਠਿਆਂ ਮਿਲ ਕੇ ਇਹ ਯਕੀਨੀ ਕਰਾਂਗੇ ਕਿ ਦੇਸ਼ ਦਾ ਹਰ ਸ਼ਖ਼ਸ ਲੋਕਤੰਤਰ ਦੇ ਉਸ ਦਿਨ ਨੂੰ ਦੇਖੇ ਜਿਸ ਦਾ ਅਸੀਂ 2014 ਤੋਂ ਇੰਤਜ਼ਾਰ ਕਰ ਰਹੇ ਹਾਂ। ਲਿਏਂਡਰ ਓਲੰਪਿਕ ਖੇਡਾਂ ਦੀ ਟੈਨਿਸ ਸਿੰਗਲ ਪ੍ਰਤੀਯੋਗਿਤਾ ‘ਚ ਦੇਸ਼ ਲਈ ਕਾਂਸੀ ਤਮਗ਼ਾ ਜਿੱਤ ਚੁੱਕੇ ਹਨ। ਟੈਨਿਸ ਦੇ ਡਬਲਸ ਮੁਕਾਬਲਿਆਂ ‘ਚ ਮਹੇਸ਼ ਭੂਪਤੀ ਦੇ ਨਾਲ ਲਿਏਂਡਰ ਪੇਸ ਨੇ ਜੋੜੀ ਬਣਾ ਕੇ ਦੇਸ਼ ਨੂੰ ਕਈ ਬਿਹਤਰੀਨ ਸਫਲਤਾਵਾਂ ਦਿਵਾਈਆਂ ਹਨ।
ਇਸ ਤੋਂ ਪਹਿਲਾਂ ਨਫੀਸਾ ਅਲੀ ਤੇ ਮ੍ਰਿਣਾਲਿਨੀ ਦੇਸ਼ਪ੍ਰਭੂ ਵੀ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਤ੍ਰਿਣਮੂਲ ਕਾਂਗਰਸ ਨਾਲ ਜੁੜੀਆਂ ਹਨ।















