ਇਸਲਾਮਾਬਾਦ – ਭਾਰਤ ਖ਼ਿਲਾਫ਼ ਦੁਬਈ ਦੇ ਮੈਦਾਨ ‘ਤੇ T-20 ਵਰਲਡ ਕੱਪ ‘ਚ ਪਾਕਿਸਤਾਨ ਨੂੰ ਮਿਲੀ ਜਿੱਤ ਦੇ ਬਾਅਦ ਭਾਰਤ ਦੇ ਗੁਆਂਢ ‘ਚ ਜਸ਼ਨ ਦਾ ਮਾਹੌਲ ਹੈ। ਵਰਲਡ ਕੱਪ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਦੀ ਟੀਮ ਨੂੰ ਭਾਰਤ ਖ਼ਿਲਾਫ਼ ਫ਼ਤਿਹ ਹਾਸਿਲ ਹੋਈ ਹੈ। ਅਜਿਹੇ ‘ਚ ਪਾਕਿਸਤਾਨੀ ਨੇਤਾਵਾਂ ‘ਚ ਵੀ ਜਿੱਤ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਭ ਦਰਮਿਆਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਨੇ ਕੁੱਝ ਅਜਿਹਾ ਕਹਿ ਦਿੱਤਾ ਹੈ ਜੋ ਇੱਕ ਵਾਰ ਫ਼ਿਰ ਉਸ ਦੀ ਮਾਨਸਿਕਤਾ ਨੂੰ ਭਲੀ-ਭਾਂਤ ਦੁਨੀਆਂ ਸਾਹਮਣੇ ਪੇਸ਼ ਕਰਦਾ ਹੈ। ਦਰਅਸਲ, ਪਾਕਿਸਤਾਨੀ ਗ੍ਰਹਿ ਮੰਤਰੀ ਨੇ ਪਾਕਿਸਤਾਨ ਦੀ ਜਿੱਤ ਨੂੰ ਇਸਲਾਮ ਦੀ ਜਿੱਤ ਦਸ ਦਿੱਤੈ।
ਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਵਲੋਂ ਪਹਿਲੀ ਵਾਰ T-20 ਮੈਚ ‘ਚ 10 ਵਿਕਟਾਂ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਮੁਸਲਮਾਨਾਂ ਸਮੇਤ ਦੁਨੀਆਂ ਦੇ ਸਾਰੇ ਮੁਸਲਮਾਨ ਜਸ਼ਨ ਮਨਾ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਇੱਕ ਵਾਰ ਫ਼ਿਰ ਧਰਮ ਨੂੰ ਲੈ ਕੇ ਬਿਆਨਬਾਜ਼ੀ ਕੀਤੀ। ਉਨ੍ਹਾਂ ਨੇ ਪਾਕਿਸਤਾਨੀ ਟੀਮ ਦੀ ਜਿੱਤ ਨੂੰ ਆਲਮੀ ਇਸਲਾਮ ਦੀ ਜਿੱਤ ਕਰਾਰ ਦਿੱਤਾ। ਇਹ ਬਿਆਨ ਮੁਹੰਮਦ ਰਿਜ਼ਵਾਨ ਅਤੇ ਕਪਤਾਨ ਬਾਬਰ ਆਜ਼ਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਇਆ।
ਪਾਕਿਸਤਾਨੀ ਗ੍ਰਹਿ ਮੰਤਰੀ ਨੇ ਕੀ ਕਿਹਾ?
ਸ਼ੇਖ਼ ਰਸ਼ੀਦ ਨੇ ਕਿਹਾ, ”ਮੈਨੂੰ ਦੁਖ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਹ ਪਹਿਲਾ ਮੈਚ ਹੈ ਜਿਸ ਨੂੰ ਮੈਂ ਆਪਣੀ ਕੌਮੀ ਜ਼ਿੰਮੇਵਾਰੀਆਂ ਦੇ ਕਾਰਨ ਮੈਦਾਨ ‘ਤੇ ਨਹੀਂ ਦੇਖ ਸਕਿਆ, ਪਰ ਮੈਂ ਇਸਲਾਮਾਬਾਦ ਅਤੇ ਰਾਵਲਪਿੰਡੀ ਜਾਣ ਵਾਲੇ ਸਾਰੇ ਟਰੈਫ਼ਿਕ ਨੂੰ ਸੜਕ ‘ਤੇ ਰੱਖੇ ਕਨਟੇਨਰਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਲੋਕ ਇਸ ਜਿੱਤ ਨੂੰ ਉਤਸ਼ਾਹ ਨਾਲ ਮਨਾ ਸਕਣ।”ਰਸ਼ੀਦ ਨੇ ਅੱਗੇ ਕਿਹਾ, ”ਪਾਕਿਸਤਾਨ ਦੀ ਟੀਮ ਤੇ ਪਾਕਿਸਤਾਨ ਦੀ ਜਨਤਾ ਨੂੰ ਇਹ ਜਿੱਤ ਮੁਬਾਰਕ ਹੋਵੇ। ਸਾਡਾ ਫ਼ਾਈਨਲ ਅੱਜ ਹੀ ਸੀ ਅਤੇ ਦੁਨੀਆ ਦੇ ਮੁਸਲਮਾਨਾਂ ਸਮੇਤ ਹਿੰਦੂਸਤਾਨ ਦੇ ਮੁਸਲਮਾਨਾਂ ਦੇ ਜਜ਼ਬਾਤ ਪਾਕਿਸਤਾਨੀ ਟੀਮ ਦੇ ਨਾਲ ਸਨ। ਸਾਰੇ ਆਲਮੀ ਇਸਲਾਮ ਨੂੰ ਫ਼ਤਿਹ ਮੁਬਾਰਕ! ”











