ਸ਼ਾਰਜਾਹ – ਮੰਗਲਵਾਰ ਨੂੰ ਪਾਕਿਸਤਾਨ ਅਤੇ ਨਿਊ ਜ਼ੀਲੈਂਡ ਦੇ ਵਿਚਾਲੇ ਸੁਪਰ-12 ਰਾਊਂਡ ਦਾ ਮੈਚ ਖੇਡਿਆ ਗਿਆ। ਇਸ ਮੈਚ ‘ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਨਿਊ ਜ਼ੀਲੈਂਡ ਦੀ ਟੀਮ ਨੂੰ 134 ਦੌੜਾਂ ‘ਤੇ ਹੀ ਰੋਕ ਦਿੱਤਾ। ਪਾਕਿਸਤਾਨ ਦੇ ਲਈ ਹੈਰਿਸ ਰਾਊਫ਼ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਿਲ ਕੀਤੀਆਂ। ਇਸ ਮੈਚ ‘ਚ ਹੀ ਪਾਕਿਸਤਾਨ ਦੀ ਸਲਾਮੀ ਜੋੜੀ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਆਪਣੇ ਨਾਂ ਇੱਕ ਹੋਰ ਵੱਡਾ ਰਿਕਾਰਡ ਦਰਜ ਕਰ ਲਿਆ।
ਪਾਕਿਸਤਾਨ ਦੀ ਇਹ ਸਲਾਮੀ ਜੋੜੀ ਪਿਛਲੇ ਇੱਕ ਸਾਲ ਤੋਂ ਲਗਾਤਾਰ ਦੌੜਾਂ ਬਣਾ ਰਹੀ ਹੈ ਅਤੇ ਮੌਜੂਦਾ T-20 ਵਿਸ਼ਵ ਕੱਪ ‘ਚ ਵੀ ਉਹ ਫ਼ੌਰਮ ਜਾਰੀ ਹੈ। ਬਾਬਰ ਅਤੇ ਰਿਜ਼ਵਾਨ ਨੇ T-20 ਫ਼ੌਰਮੈਟ ‘ਚ ਸਭ ਤੋਂ ਤੇਜ਼ ਇੱਕ ਹਜ਼ਾਰ ਦੌੜਾਂ ਜੋੜਨ ਦੇ ਮਾਮਲੇ ‘ਚ ਭਾਰਤੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਕੇ.ਐੱਲ.ਰਾਹੁਲ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਅਤੇ ਰਿਜ਼ਵਾਨ ਨੇ 17 ਪਾਰੀਆਂ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਜਦੋਂ ਕਿ ਰੋਹਿਤ ਅਤੇ ਰਾਹੁਲ ਨੂੰ ਇੱਕ ਹਜ਼ਾਰ ਦੌੜ ਪੂਰੀ ਕਰਨ ਦੇ ਲਈ 18 ਪਾਰੀਆਂ ਖੇਡਣੀਆਂ ਪਈਆਂ ਸਨ।
ਵਰਣਨਯੋਗ ਹੈ ਕਿ ਪਾਕਿਸਤਾਨ ਨੇ ਇਹ ਮੈਚ ਅੱਠ ਗੇਂਦਾਂ ਬਾਕੀ ਰਹਿੰਦਿਆਂ, ਪੰਜ ਵਿਕਟਾਂ ਨਾਲ ਜਿੱਤ ਲਿਆ। ਪਾਕਿ ਹੱਥੋਂ ਹਾਰਾਂ ਤੋਂ ਬਾਅਦ ਹੁਣ ਭਾਰਤ ਅਤੇ ਨਿਊ ਜ਼ੀਲੈਂਡ ਦਾ ਆਪਸੀ ਮੈਚ 31 ਅਕਤੂਬਰ ਦਿਨ ਐਤਵਾਰ ਨੂੰ ਹੈਲੋਵੀਨ ਵਾਲੇ ਦਿਨ ਹੈ। ਪਾਕਿਸਤਾਨ, ਭਾਰਤ, ਨਿਊ ਜ਼ੀਲੈਂਡ ਅਤੇ ਅਫ਼ਗਾਨਿਸਤਾਨ ਇੱਕੋ ਗਰੁੱਪ ‘ਚ ਹਨ।












