ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1414

ਸਾਰੀਆਂ ਮਸ਼ਹੂਰ ਐਕਸ਼ਨ ਮੂਵੀਆਂ ‘ਚ, ਇੱਕ ਅਜਿਹਾ ਪਲ ਆਉਂਦੈ ਜਦੋਂ ਹੀਰੋ (ਜਾਂ ਹੀਰੋਆਇਨ) ਛਾਲ ਮਾਰ ਕੇ ਖ਼ੁਦ ਨੂੰ ਖ਼ਤਰੇ ਜਾਂ ਮੁਸੀਬਤ ਦੇ ਰਾਹ ‘ਚੋਂ ਪਾਸੇ ਕਰ ਲੈਂਦੇ ਨੇ। ਇੱਕ ਸੈਕਿੰਡ ਦੀ ਵੀ ਹੋਰ ਦੇਰੀ ਹੋ ਗਈ ਹੁੰਦੀ ਤਾਂ ਉਸ ਸ਼ੈਤਾਨ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਣਾ ਸੀ, ਚਾਕੂ ਨੇ ਉਨ੍ਹਾਂ ਨੂੰ ਵੱਢ ਦੇਣਾ ਸੀ ਜਾਂ ਉਹ ਜਿੱਥੇ ਖੜ੍ਹੇ ਸਨ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਨੇ ਫ਼ੱਟ ਜਾਣਾ ਸੀ। ਅਸੀਂ ਉਨ੍ਹਾਂ ਨੂੰ ਖ਼ੁਸ਼ਕਿਸਮਤ ਮਨ ਲੈਂਦੇ ਹਾਂ, ਪਰ ਕੀ ਅਜਿਹੀ ਖ਼ਤਰਨਾਕ ਸਥਿਤੀ ‘ਚ ਖ਼ੁਦ ਨੂੰ ਫ਼ਸਾਉਣ ਲਈ ਸਾਨੂੰ ਉਨ੍ਹਾਂ ਨੂੰ ਮੂਰਖ ਨਹੀਂ ਸਮਝਣਾ ਚਾਹੀਦਾ? ਇਹ ਇੱਕ ਅਜਿਹਾ ਦਾਰਸ਼ਨਿਕ ਭੇਦ ਹੈ ਜਿਸ ਬਾਰੇ ਆਪਣੇ ਫ਼ੁਰਸਤ ਦੇ ਲਮਹਿਆਂ ‘ਚ ਤੁਸੀਂ ਵਿਚਾਰ ਕਰ ਸਕਦੇ ਹੋ। ਮੁੱਖ ਮੁੱਦਾ ਇਸ ਵਕਤ ਇਹ ਹੈ, ਕੋਈ ਸ਼ੈਅ ਜਿਹੜੀ ਬਹੁਤ ਆਸਾਨੀ ਨਾਲ ਗ਼ਲਤ ਹੋ ਸਕਦੀ ਸੀ, ਐਨ ਸਮੇਂ ਸਿਰ ਬਿਲਕੁਲ ਸਹੀ ਬੈਠ ਰਹੀ ਹੈ।
ਜਦੋਂ ਲੋਕ ਕਿਸੇ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਨਾ ਦੇਖ ਸਕਦੇ ਹੋਣ ਤਾਂ ਉਨ੍ਹਾਂ ਨੂੰ ਇੱਕ ਅਜਿਹੇ ਦੁਸ਼ਮਣ ਤੋਂ ਵੱਧ ਹੋਰ ਕੋਈ ਵੀ ਇਕਜੁਟ ਨਹੀਂ ਕਰ ਸਕਦਾ ਜਿਸ ਨਾਲ ਉਹ ਦੋਹੇਂ ਰਲ ਕੇ ਲੜ ਸਕਦੇ ਹੋਣ। ਕੱਟੜ ਤੋਂ ਕੱਟੜ ਵਿਰੋਧੀ ਵੀ ਸਾਰੀ ਤਲਖ਼ੀ ਭੁਲਾ ਕੇ ਇੱਕ ਹੋ ਜਾਂਦੇ ਨੇ ਜਦੋਂ ਕੋਈ ਸ਼ਕਤੀ ਉਨ੍ਹਾਂ ਦੋਹਾਂ ਨੂੰ ਬਰਾਬਰ ਦਾ ਡਰਾਉਂਦੀ ਹੋਵੇ ਅਤੇ ਫ਼ਿਰ ਉਹ ਮਿਲ ਕੇ ਉਸ ਦਾ ਮੁਕਾਬਲਾ ਕਰ ਸਕਦੇ ਨੇ। ਮੈਂ ਇਸ ਸਭ ਦਾ ਇੱਥੇ ਜ਼ਿਕਰ ਇਸ ਲਈ ਕਰ ਰਿਹਾਂ ਕਿਉਂਕਿ ਤੁਸੀਂ ਕਿਸੇ ਹਾਲੀਆ ਘਟਨਾ ਨੂੰ ਲੈ ਕੇ ਨਾਖ਼ੁਸ਼ ਹੋ। ਜੇਕਰ ਤੁਸੀਂ ਉਸ ਨੂੰ ਪਲਟਨਾ ਜਾਂ ਉਸ ਦਾ ਬਦਲਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਦਦ ਦਰਕਾਰ ਹੋਵੇਗੀ। ਇਕਲੌਤਾ ਵਿਅਕਤੀ ਜਿਹੜਾ ਤੁਹਾਨੂੰ ਇਹ ਸਹਾਇਤਾ ਦੇ ਸਕਦੈ, ਤੁਹਾਡੀ ਉਸ ਨਾਲ ਬਿਲਕੁਲ ਵੀ ਨਹੀਂ ਬਣਦੀ। ਟੋਟਲ ਅਸਹਿਮਤੀ ਹੈ। ਪਰ ਘੱਟੋਘੱਟ ਹਾਲ ਦੀ ਘੜੀ, ਓਹੀ ਤੁਹਾਡਾ ਇਕਮਾਤਰ ਬਿਹਤਰੀਨ ਸੰਭਾਵੀ ਸਾਥੀ ਹੋ ਸਕਦੈ।
ਆਪਣੀ ਮਕਬੂਲੀਅਤ ਨੂੰ ਨਜ਼ਰਅੰਦਾਜ਼ ਨਾ ਕਰੋ, ਉਸ ਨੂੰ ਘੱਟ ਨਾ ਸਮਝੋ। ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦੈ, ਤੁਹਾਨੂੰ ਸਰਾਹਿਆ ਜਾਂਦੈ ਅਤੇ ਤੁਹਾਡੀ ਕਾਫ਼ੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਅਤੇ ਜੇਕਰ ਕੋਈ ਆਪਣੇ ਰਵੱਈਏ ‘ਚ ਤੁਹਾਡੇ ਪ੍ਰਤੀ ਅਜਿਹਾ ਨਹੀਂ ਦਿਖਾ ਰਿਹਾ ਤਾਂ? ਹੋ ਸਕਦੈ ਉਨ੍ਹਾਂ ਦੇ ਆਪਣੇ ਕੁੱਝ ਮਸਲੇ-ਮਸਾਇਲ ਹੋਣ। ਕੀ ਇਹ ਵੀ ਸੰਭਵ ਹੈ ਕਿ ਉਹ ਥੋੜ੍ਹਾ ਦੁਤਕਾਰੇ ਜਾਂ ਠੁਕਰਾਏ ਮਹਿਸੂਸ ਕਰ ਰਹੇ ਹੋਣ? ਕੀ ਉਹ ਵਿਰੋਧੀ ਵਤੀਰਾ ਕੇਵਲ ਇਸ ਲਈ ਤਾਂ ਨਹੀਂ ਅਪਨਾ ਰਹੇ ਕਿਉਂਕਿ ਕੋਮਲ ਭਾਵਨਾਵਾਂ ਜ਼ਾਹਿਰ ਕਰਨਾ ਉਨ੍ਹਾਂ ਨੂੰ ਆਉਂਦਾ ਹੀ ਨਹੀਂ? ਤੁਹਾਨੂੰ ਥੋੜ੍ਹਾ ਵੱਡਾ ਬਣਨਾ ਪੈਣੈ। ਫ਼ਰਾਖ਼ਦਿਲੀ ਦੇ ਜਜ਼ਬੇ ਦਾ ਮੁਜ਼ਾਹਰਾ ਕਰੋ, ਸਹਿਨਸ਼ੀਲਤਾ ਅਤੇ ਸੰਵੇਦਨਾ ਦਿਖਾਓ। ਇਸ ਨਾਲ ਹਰ ਚੀਜ਼ ਫ਼ੌਰਨ, ਹਰ ਪੱਧਰ ‘ਤੇ, ਤਾਂ ਠੀਕ ਨਹੀਂ ਹੋ ਜਾਵੇਗੀ, ਪਰ ਇਹ ਸਹੀ ਦਿਸ਼ਾ ‘ਚ ਚੁੱਕਿਆ ਇੱਕ ਵੱਡਾ ਕਦਮ ਹੋਵੇਗਾ।
ਤੁਹਾਨੂੰ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ। ਤੁਸੀਂ ਕਿਸੇ ਨੂੰ ਵੀ ਜਵਾਬਦੇਹ ਨਹੀਂ। ਤੁਸੀਂ ਜੋ ਸੋਚਣਾ ਚਾਹੋ, ਤੁਹਾਨੂੰ ਹੱਕ ਹੈ ਉਹ ਸੋਚਣ ਦਾ, ਚਾਹੇ ਉਹ ਜਿੰਨਾ ਮਰਜ਼ੀ ਤਰਕਹੀਣ ਕਿਉਂ ਨਾ ਹੋਵੇ। ਇਸੇ ਤਰ੍ਹਾਂ, ਤੁਸੀਂ ਜੋ ਚਾਹੋ ਉਹ ਮਹਿਸੂਸ ਕਰ ਸਕਦੇ ਹੋ, ਭਾਵੇਂ ਅਜਿਹੀ ਭਾਵਨਾ ਕਿੰਨੀ ਵੀ ਗ਼ੈਰ-ਵਾਜਿਬ ਕਿਉਂ ਨਾ ਸਮਝੀ ਜਾਵੇ। ਇਹ ਤੁਹਾਡਾ ਵਿਸ਼ੇਸ਼ ਅਧਿਕਾਰ ਹੈ। ਅਤੇ, ਘੱਟੋਘੱਟ, ਜੋ ਕੁੱਝ ਵੀ ਤੁਸੀਂ ਸੋਚਦੇ ਜਾਂ ਮਹਿਸੂਸ ਕਰਦੇ ਹੋ, ਤੁਹਾਡਾ ਆਪਣਾ ਹੈ। ਤੁਸੀਂ ਕੋਈ ਧਾਰਣਾ ਕੇਵਲ ਇਸ ਲਈ ਨਹੀਂ ਬਣਾਉਂਦੇ ਜਾਂ ਕਿਸੇ ਖ਼ਿਆਲ ਨੂੰ ਆਪਣੇ ਜ਼ਹਿਨ ‘ਚ ਸਿਰਫ਼ ਇਸ ਲਈ ਥਾਂ ਨਹੀਂ ਦਿੰਦੇ ਕਿਉਂਕਿ ਕੋਈ ਚਾਹੁੰਦਾ ਹੈ ਕਿ ਤੁਹਾਨੂੰ ਅਜਿਹਾ ਕਰਨਾ ਚਾਹੀਦੈ। ਸੋ, ਜੇ ਤੁਸੀਂ ਕਿਸੇ ਦ੍ਰਿਸ਼ ਨੂੰ ਬਦਲਣ ਲਈ ਵਾਕਈ ਪ੍ਰੇਰਿਤ ਮਹਿਸੂਸ ਕਰ ਰਹੇ ਹੋ, ਤੁਸੀਂ ਕਰ ਸਕਦੇ ਹੋ!
ਤੁਸੀਂ ਇਨਚਾਰਜ ਹੋ। ਹਰ ਗੱਲ ਤੁਹਾਡੀ ਹੀ ਚੱਲਦੀ ਹੈ ਕਿਉਂਕਿ ਤੁਹਾਡੇ ਕੋਲ ਸਾਰੇ ਅਧਿਕਾਰ ਹਨ। ਤੁਹਾਡੇ ਸਿਵਾ ਹੋਰ ਕੋਈ ਵੀ ਅਹਿਮ ਫ਼ੈਸਲੇ ਨਹੀਂ ਕਰ ਸਕਦਾ। ਇਹ ਸਾਰੀ ਤਾਕਤ ਹਾਸਿਲ ਕਰ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਜਦੋਂ ਕੰਟਰੋਲ ਕਿਸੇ ਹੋਰ ਦੇ ਹੱਥ ‘ਚ ਹੋਵੇ ਤਾਂ ਅਸੀਂ ਆਰਾਮ ਨਾਲ ਬੈਠ ਕੇ ਹਰ ਗ਼ਲਤੀ ‘ਤੇ ਉਨ੍ਹਾਂ ਦੀ ਨੁਕਤਾਚੀਨੀ ਕਰ ਸਕਦੇ ਹਾਂ। ਇਸ ਵਕਤ ਆਲੋਚਨਾ ਅਤੇ ਅਪ੍ਰਵਾਨਗੀ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਲਈ ਮੋਹਰਲੀ ਕਤਾਰ ‘ਚ ਤੁਸੀਂ ਖੜ੍ਹੇ ਹੋ। ਪਰ, ਅਸਲ ‘ਚ, ਤੁਹਾਨੂੰ ਉਹ ਤਾਂ ਹੀ ਵੱਜਣਗੀਆਂ ਜੇਕਰ ਤੁਸੀਂ ਕੋਈ ਗ਼ਲਤੀ ਕੀਤੀ। ਤੁਹਾਨੂੰ ਪਤੈ ਤੁਸੀਂ ਕੀ ਕਰ ਰਹੇ ਹੋ। ਤੁਸੀਂ ਹੈਰਾਨੀਜਨਕ ਹੱਦ ਤਕ ਤਾਕਤਵਰ, ਦਿਮਾਗ਼ੀ ਤੌਰ ‘ਤੇ ਮੁਸਤੈਦ ਅਤੇ ਇੱਕ ਬਹੁਤ ਹੀ ਆਗਾਹ ਵਿਅਕਤੀ ਹੋ। ਆਤਮਵਿਸ਼ਵਾਸ ਨਾਲ ਕੰਮ ਕਰੋ, ਅਤੇ ਦੂਸਰੇ ਵੀ ਤੁਹਾਡੇ ‘ਚ ਖ਼ੁਦ ਹੀ ਯਕੀਨ ਕਰਨ ਲੱਗਣਗੇ।