ਰਿਸ਼ਤਿਆਂ ਦੀ ਸਿਊਂਕ ਹੈ ਸ਼ੱਕ ਦਾ ਕੀੜਾ

walia-bigਇਹ ਕਹਾਣੀ ਨਹੀਂ ਸੱਚ ਹੈ। ਸੱਚ ਹੈ ਜ਼ਿੰਦਗੀ ਦਾ। ਜ਼ਿੰਦਗੀ ਵਿਚ ਤਿੜਕ ਰਹੇ ਰਿਸ਼ਤਿਆਂ ਦਾ ਸੱਚ ਕੀ ਹੈ। ਰਿਸ਼ਤਿਆਂ ਦਾ ਆਧਾਰ ਵਿਸ਼ਵਾਸ ਹੁੰਦਾ ਹੈ। ਸ਼ੱਕ ਅਤੇ ਈਰਖਾ ਰਿਸ਼ਤਿਆਂ ਦੀਆਂ ਜੜ੍ਹਾਂ ਵਿਚ ਲੱਗੀ ਸਿਊਂਕ ਹੁੰਦੀ ਹੈ। ਇਹ ਸਿਊਂਕ ਹੌਲੀ ਹੌਲੀ ਜੜ੍ਹਾਂ ਨੂੰ ਖੋਖਲਾ ਕਰ ਦਿੰਦੀ ਹੈ ਅਤੇ ਰਿਸ਼ਤੇ ਤਿੜਕਦੇ ਤਿੜਕਦੇ ਖਤਮ ਹੋ ਜਾਂਦੇ ਹਨ। ਕਈ ਵਾਰ ਰਿਸ਼ਤੇ ਖਤਮ ਹੋ ਜਾਂਦੇ ਹਨ ਅਤੇ ਕਈ ਵਾਰ ਸ਼ੱਕ ਕਰਨ ਵਾਲਾ ਸ਼ਖਸ ਹੀ ਖਤਮ ਹੋ ਜਾਂਦਾ ਹੈ। ਅਜਿਹੀ ਹੀ ਇਕ ਘਟਨਾ ਵਾਪਰੀ ਸੀ ਜੋ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ। ਘਟਨਾ ਵਿਚਲੇ ਪਾਤਰ ਸੱਤਾਧਾਰੀ ਧਿਰ ਨਾਲ ਸਬੰਧਤ ਹੋਣ ਕਾਰਨ ਇਹ ਕੇਸ ਮੀਡੀਆ ਲਈ ਵੱਡੀ ਦਿਲਚਸਪੀ ਦਾ ਕਾਰਨ ਬਣ ਗਿਆ ਸੀ। ਸੱਤਾਧਾਰੀ ਧਿਰ ਦੇ ਕਈ ਧੜੇ ਆਪੋ ਆਪਣਾ ਸਵਾਰਥ ਸਿੱਧ ਕਰਨ ਦੇ ਯਤਨ ਕਰ ਰਹੇ ਸਨ। ਕੋਈ ਇਸਨੂੰ ਕਤਲ ਕਹਿ ਰਿਹਾ ਸੀ ਅਤੇ ਕੋਈ ਆਤਮ ਹੱਤਿਆ। ਘਟਨਾ ਇਉਂ ਵਾਪਰੀ ਸੀ:
”ਮੈਂ ਬੱਚਿਆਂ ਨੂੰ ਸਕੂਲ ਛੱਡ ਆਵਾਂ।
ਆ ਕੇ ਦਿੰਦੀ ਆਂ ਤੁਹਾਨੂੰ ਬਰੇਕਫਾਸਟ”
ਆਪਣੇ ਪਤੀ ਨੂੰ ਕਿਹਾ। ਇਹ ਕਹਿ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਚਲੀ ਗਈ। ਇਸ ਤਰ੍ਹਾਂ ਹੀ ਰੋਜ਼ਾਨਾ ਵਾਪਰਦਾ ਸੀ। ਕਦੇ ਪਤੀ ਬੱਚਿਆਂ ਨੁੰ ਛੱਡ ਕੇ ਆਉਂਦਾ ਅਤੇ ਕਦੇ ਪਤਨੀ। ਅੱਜ ਪਤਨੀ ਗਈ ਸੀ। ਜਦੋਂ ਪਤਨੀ ਬੱਚਿਆਂ ਨੂੰ ਛੱਡ ਕੇ ਵਾਪਸ ਆਈ ਤਾਂ ਪਤੀ ਵਾਸ਼ਰੂਮ ਵਿਚ ਕਿਸੇ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ। ਪਤਨੀ ਨੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ, ਆਵਾਜ਼ ਸੁਣਾਈ ਦਿੱਤੀ:
ਅੱਜ ਕਿੰਨੇ ਵਜੇ ਆਏਂਗੀ?
ਇਹ ਸੁਣ ਕੇ ਪਤਨੀ ਅੱਗ ਬਬੂਲਾ ਹੋ ਗਈ। ਜ਼ੋਰ ਨਾਲ ਵਾਸ਼ਰੂਮ ਦਾ ਦਰਵਾਜਾ ਖੜਕਾਉਣਾ ਆਰੰਭ ਕੀਤਾ:
”ਕਿਹੜੀ ਰਨ ਨਾਲ ਪ੍ਰੋਗਰਾਮ ਬਣਾਇਆ ਜਾ ਰਿਹੈ। ਹੈ ਕੌਣ ਮੈਨੂੰ ਵੀ ਪਤਾ ਲੱਗੇ। ਮੈਂ ਉਸਦੀ ਗੁੱਤ ਪੁੱਟਾਂ।” ਪਤਨੀ ਦੀ ਆਵਾਜ਼ ਸੁਣ ਕ ਪਤੀ ਬਾਹਰ ਆਇਆ ਅਤੇ ਉਸਨੂੰ ਸਮਝਾਉਣ ਲੱਗਾ:
”ਕੋਈ ਨਹੀਂ ਐਵੇਂ ਸ਼ੱਕ ਨਾ ਕਰ। ਇਹ ਤਾਂ ਦਫਤਰ ਵਿਚ ਕੰਮ ਕਰਨ ਵਾਲੀ ਕਲਰਕ ਨਾਲ ਗੱਲ ਕਰ ਰਿਹਾ ਸੀ।”
ਮੈਨੂੰ ਪਤੈ ਕਿਹੜੀ ਕਲਰਕ ਨਾਲ ਗੁਰਮੱਤੇ ਹੁੰਦੇ ਨੇ ਰੋਜ਼ਾਨਾ। ਮੈਂ ਅੱਜ ਕੱਢਦੀ ਆਂ ਦੋਹਾਂ ਦਾ ਆਸ਼ਕਪੁਣਾ। ਪਤਨੀ ਦਾ ਗੁੱਸਾ ਅਸਮਾਨ ‘ਤੇ ਚੜ੍ਹਿਆ ਪਿਆ ਸੀ। ਉਸਨੇ ਐਲਾਨ ਕੀਤਾ ਕਿ ਅੱਜ ਉਹ ਪਤੀ ਨਾਲ ਜਾ ਕੇ ਉਸ ਔਰਤ ਨੂੰ ਮਿਲੇਗੀ। ਜਦੋਂ ਪਤੀ ਦਸਤਾਰ ਸਜਾਉਣ ਲੱਗਾ ਤਾਂ ਉਸਨੇ ਪਤੀ ਦਾ ਫੋਨ ਚੁੱਕ ਲਿਆ ਅਤੇ ਉਸ ਨੰਬਰ ‘ਤੇ ਮੁੜ ਡਾਇਲ ਕਰ ਲਿਆ। ਅੱਗੋਂ ਔਰਤ ਦੀ ਆਵਾਜ਼ ਸੁਣ ਕ ਉਸਨੂੰ ਮੁੜ ਗੁੱਸਾ ਚੜ੍ਹ ਗਿਆ। ਪਤਨੀ ਨੇ ਉਸ ਔਰਤ ਨੂੰ ਕਾਫੀ ਬੁਰਾ ਭਲਾ ਕਿਹਾ। ਇਸ ਕਲੇਸ਼ ਤੋਂ ਤੰਗ ਆ ਕੇ ਪਤੀ ਬਿਨਾਂ ਕੁਝ ਖਾਧੇ ਪੀਤੇ ਘਰੋਂ ਨਿਕਲ ਗਿਆ। ਅਜੇ ਉਸਨੂੰ ਘਰੋਂ ਗਏ ਨੂੰ ਘੰਟਾ ਕੁ ਹੀ ਹੋਇਆ ਸੀ ਕਿ ਘਰੇਲੂ ਨੌਕਰਾਣੀ ਦਾ ਫੋਨ ਆਇਆ:
ਛੇਤੀ ਛੇਤੀ ਘਰ ਆਓ, ਬੀਬੀ ਜੀ ਨੇ ਕਾਰਾ ਕਰ ਲਿਆ।
ਘਰ ਆ ਕੇ ਉਸਨੇ ਦੇਖਿਆ ਕਿ ਉਸਦੀ ਪਤਨੀ ਪੱਖੋ ਨਾਲ ਲਟਕ ਰਹੀ ਸੀ। ਉਸਨੂੰ ਉਤਾਰਿਆ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ ਪਰ ਭਾਣਾ ਤਾਂ ਵਾਪਰ ਚੁੱਕਾ ਸੀ। ਪੁਲਿਸ ਕੇਸ ਬਣਨਾ ਤਾਂ ਸੁਭਾਵਿਕ ਸੀ ਪਰ ਵਿਰੋਧੀ ਇਸਨੂੰ ਕਤਲ ਵਿਚ ਬਦਲਣਾ ਚਾਹੁੰਦੇ ਸਨ। ਖੈਰ, ਪੁਸਿ ਨੇ ਕੇਸ ਦੀ ਸਹੀ ਜਾਂਚ ਕੀਤੀ ਅਤੇ ਇਹ ਖੁਦਕੁਸ਼ੀ ਦਾ ਮਾਮਲਾ ਪਾਇਆ ਗਿਆ।
ਸ਼ੱਕ ਨੇ, ਬੇਵਸਾਹੀ ਨੇ, ਵਿਸ਼ਵਾਸ ਦੀ ਘਾਟ ਨੇ ਅਤੇ ਸੰਦੇਹ ਨੇ ਇਕ ਹੱਸਦਾ ਵੱਸਦਾ ਘਰ ਤਬਾਹ ਕਰ ਦਿੱਤਾ ਸੀ। ਮਾਸੂਮ ਬੱਚਿਆਂ ਦੀ ਮਾਂ ਜਾ ਚੁੱਕੀ ਸੀ। ਇਕ ਫੋਨ ਕਾਲ ਤੋਂ ਪੈਦਾ ਹੋਏ ਸੰਦੇਹ ਨੇ ਇਕ ਘਰ ਬਰਬਾਦ ਕਰ ਦਿੱਤਾ ਸੀ। ਪਤੀ ਪਤਨੀ ਦਾ ਰਿਸ਼ਤਾ ਤਾਂ ਖੜ੍ਹਾ ਹੀ ਵਿਸ਼ਵਾਸ ਦੀ ਬੁਨਿਆਦ ‘ਤੇ ਹੁੰਦਾ ਹੈ। ਜਦੋਂ ਕੋਈ ਧਿਰ ਦੇ ਮਨ ਵਿਚ ਸੰਦੇਹ ਪੈਦਾ ਹੋ ਜਾਵੇ ਤਾਂ ਸਮਝੋ ਜ਼ਿੰਦਗੀ ਨਰਕ ਬਣ ਗਈ। ਉਕਤ ਘਟਨਾਂ ਵਿਚ ਇਕ ਆਤਮ ਹੱਤਿਆ ਹੋਈ ਪਰ ਥੱਲੇ ਲਿਖੀ ਵਾਰਦਾਤ ਦੀ ਕਥਾ ਤਾਂ ਕਤਲ ਦੀ ਕਹਾਣੀ ਹੋ ਨਿੱਬੜੀ।
ਪਟਿਆਲਾ ਜ਼ਿਲ੍ਹੇ ਦੇ ਇਕ ਪਿੰਡ ਦੇ ਵਾਸੀ ਮੁਖਤਿਆਰ ਸਿੰਘ ਨੇ ਆਪਣਾ ਭਵਿੱਖ ਰੌਸ਼ਨ ਕਰਨ ਹਿਤ ਦੁਬਈ ਜਾਣ ਦਾ ਫੈਸਲਾ ਕੀਤਾ। ਉਂਝ ਇੱਥੇ ਵੀ ਉਸਦਾ ਗੁਜ਼ਾਰਾ ਠੀਕ ਠਾਕ ਚਲਦਾ ਸੀ। ਘਰ ਵਿਚ ਖੂਬਸੂਰਤ ਪਤਨੀ, ਦੋ ਬੱਚੇ ਅਤੇ ਮਾਂ ਸੀ। ਸੁਭਾਅ ਦਾ ਮਿਲਣਸਾਰ ਸੀ। ਪਿੰਡ ਦੇ ਦੋ ਤਿੰਨ ਚੋਬਰਾਂ ਨਾਲ ਚੰਗੀ ਯਾਰੀ ਦੋਸਤੀ ਸੀ। ਸੁਰਜੀਤ ਤਾਂ ਉਸਦੇ ਨਾਲ ਭਰਾਵਾਂ ਵਾਂਗ ਹੀ ਵਰਤਦਾ ਸੀ। ਮੁਖਤਿਆਰ ਦੀ ਘਰ ਵਾਲੀ ਵੀ ਆਪਣੇ ਪਤੀ ਦੀ ਗੈਰ ਹਾਜ਼ਰੀ ਵਿਚ ਉਸ ਨੂੰ ਘਰ ਦੇ ਕੰਮ ਬੇਝਿਜਕ ਆਖ ਦਿੰਦੀ ਸੀ। ਦੁਬਈ ਜਾਣ ਲੱਗੇ ਨੇ ਮੁਖਤਿਆਰ ਨੂੰ ਘਰ ਦਾ ਖਿਆਲ ਰੱਖਣ ਲਈ ਉਚੇਚਾ ਆਖਿਆ ਸੀ। ਸੁਰਜੀਤ ਨੇ ਵੀ ਪੂਰਾ ਵਾਅਦਾ ਨਿਭਾਇਆ। ਉਹ ਹਰ ਦੂਜੇ ਤੀਜੇ ਦਿਨ ਮੁਖਤਿਆਰ ਦੇ ਘਰ ਗੇੜਾ ਮਾਰਦਾ। ਮੁਖਤਿਆਰ ਦੀ ਮਾਂ ਵੀ ਉਸ ਉਪਰ ਪੂਰਾ ਵਿਸ਼ਵਾਸ ਕਰਦੀ ਸੀ। ਇਉਂ ਸਮਾਂ ਬੀਤ ਰਿਹਾ ਸੀ। ਮੁਖਤਿਆਰ ਦੀ ਪਤਨੀ ਅਤੇ ਸੁਰਜੀਤ ਬਾਰੇ ਅਫਵਾਹਾਂ ਉਡਣੀਆਂ ਸ਼ੁਰੂ ਹੋ ਗਈਆਂ ਸਨ। ਸੁਰਜੀਤ ਬੇਖਬਰ ਆਪਣਾ ਵਚਨ ਪਾਲ ਰਿਹਾ ਸੀ। ਪੂਰੇ ਤਿੰਨ ਵਰ੍ਹੇ ਬੀਤਣ ਮਗਰੋਂ ਮੁਖਤਿਆਰ ਵੀ ਛੁੱਟੀ ਆ ਗਿਆ। ਸਾਰਾ ਪਰਿਵਾਰ ਬਹੁਤ ਖੁਸ਼ ਸੀ। ਮੁਖਤਿਆਰ ਆਪਣੀ ਮਾਂ ਨੂੰ ਲੈ ਕੇ ਆਪਣੇ ਨਾਨਕੇ ਪਿੰਡ ਗਿਆ ਹੋਇਆ ਸੀ। ਪਿੱਛੋਂ ਸੁਰਜੀਤ ਉਸਦੇ ਘਰ ਆਇਆ ਤੇ ਮੁਖਤਿਆਰ ਦੀ ਪਤਨੀ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ। ਉਧਰੋਂ ਮੁਖਤਿਆਰ ਨਾਨਕੇ ਤੋਂ ਵਾਪਸ ਆ ਗਿਆ। ਇਹ ਪਹਿਲਾ ਦਿਨ ਸੀ ਜਦੋਂ ਮੁਖਤਿਆਰ ਦੇ ਦਿਮਾਗ ਵਿਚ ਸ਼ੱਕ ਦਾ ਕੀੜਾ ਵੜਿਆ ਸੀ। ਮੂੰਹੋਂ ਭਾਵੇਂ ਕੁਝ ਨਹੀਂ ਬੋਲਿਆ ਪਰ ਅੰਦਰੋ ਅੰਦਰੀ ਪਤਾ ਨਹੀਂ ਕੀ ਕੁਝ ਸੋਚ ਬੈਠਾ ਸੀ। ਸ਼ੱਕ ਦੀ ਭਾਵਨਾ ਅਜਿਹੀ ਭਾਵਨਾ ਹੁੰਦੀ ਹੈ ਜੋ ਬੰਦੇ ਨੂੰ ਨਾ ਚੰਗੀ ਤਰ੍ਹਾਂ ਜਿਊਣ ਦਿੰਦੀ ਹੈ ਅਤੇ ਨਾ ਹੀ ਮਰਨ ਦਿੰਦੀ ਹੈ। ਸੱਚਮੁਚ ਹੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਮੁਖਤਿਅਰ ਦੀ ਜ਼ਿੰਦਗੀ ਵੀ ਨਰਕ ਬਣ ਗਈ ਸੀ। ਉਹ ਖਿਝਿਆ ਖਿਝਿਆ ਰਹਿਣ ਲੱਗਾ ਸੀ। ਆਨੇ ਬਹਾਨੇ ਆਪਣੀ ਪਤਨੀ ਨਾਲ ਝਗੜਨ ਲੱਗਾ। ਸੁਰਜੀਤ ਨਾਲ ਵੀ ਉਸਦਾ ਵਿਵਹਾਰ ਬਦਲ ਗਿਆ ਸੀ। ਇਉਂ ਕੁਝ ਦਿਨ ਤਾਂ ਚਲਦਾ ਰਿਹਾ, ਫਿਰ ਇਕ ਦਿਨ ਅਚਾਨਕ ਅਖਬਾਰਾਂ ਵਿਚ ਖਬਰ ਛਪੀ ਸੀ ਕਿ ਸੁਰਜੀਤ ਦੀ ਲਾਸ਼ ਨਹਿਰ ਦੇ ਲਾਗਿਉਂ ਮਿਲੀ ਸੀ। ਪੁਲਿਸ ਨੇ ਖੋਜ ਕੱਢ ਲਈ ਸੀ ਕਿ ਪਤਨੀ ਨਾਲ ਨਜਾਇਜ਼ ਸਬੰਧ ਹੋਣ ਦੇ ਸ਼ੱਕ ਵਿਚ ਮੁਖਤਿਆਰ ਸਿੰਘ ਨੇ ਆਪਣੇ ਜਿਗਰੀ ਯਾਰ ਸੁਰਜੀਤ ਨੂੰ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਪਿਲਾ ਦਿੱਤੀ ਸੀ।
ਇਸ ਕਹਾਣੀ ਵਿਚ ਵੀ ਸ਼ੱਕ ਦੀ ਵਜ੍ਹਾ ਕਾਰਨ ਇਕ ਨਹੀਂ ਦੋ ਘਰ ਬਰਬਾਦ ਹੋ ਗਏ  ਸਨ। ਅਜਿਹੀਆਂ ਖੁਦਕੁਸ਼ੀਆਂ ਅਤ ਕਤਲਾਂ ਤੋਂ ਇਲਾਵਾ ਸ਼ੱਕ ਕਾਰਨ ਹਜ਼ਾਰਾਂ ਘਰਾਂ ਦੀ ਸੁਖ ਸ਼ਾਂਤੀ ਗਾੲਬ ਹੋ ਗਈ ਹੈ। ਗੌਰਵ ਦੀ ਸ਼ਾਦੀ ਬੜੀ ਧੂਮ ਧਾਮ ਨਾਲ ਹੋਈ ਸੀ। ਅਮਰੀਕਾ ਵਿਚ ਕੰਮ ਕਰਦੇ ਇੰਜੀਨੀਅਰ ਗੌਰਵ ਨੂੰ ਯੂਨੀਵਰਸਿਟੀ ਦੀ ਇਕ ਖੂਬਸੂਰਤ ਕੁੜੀ ਮਿਲੀ ਸੀ। ਦੋਵੇਂ ਖੁਸ਼ ਸਨ। ਖੁਸ਼ੀ ਦੇ ਦਿਨ ਤੇਜ਼ੀ ਨਾਲ ਨਿਕਲ ਰਹੇ ਸਨ। ਉਹ ਗੋਆ ਗਏ, ਸ਼ਿਮਲਾ ਗਏ ਅਤੇ ਹੁਣ ਕੇਰਲਾ ਜਾਣ ਦੀ ਸੋਚ ਰਹੇ ਸਨ। ਅਮਰੀਕਾ ਜਾਣ ਤੋਂ ਪਹਿਲਾਂ ਭਾਰਤ ਨੂੰ ਚੰਗੀ ਤਰ੍ਹਾਂ ਦੇਖਣ ਦੀ ਚਾਹਤ ਸੀ ਗੌਰਵ ਦੀ। ਉਹ ਦੋਵੇਂ ਜਿੱਥੇ ਵੀ ਜਾਂਦੇ, ਉਥੋਂ ਦੀਆਂ ਫੋਟੋਆਂ ਫੇਸਬੁੱਕ ‘ਤੇ ਜ਼ਰੂਰ ਪਾਉਂਦੇ। ਫਿਰ ਉਹ ਦੋਵੇਂ ਫੇਸਬੁੱਕ ‘ਤੇ ਆਏ ਕਮੈਂਟਾਂ ਬਾਰੇ ਗੱਲਾਂ ਕਰਦੇ। ਇਕ ਦਿਨ ਗੌਰਵ ਨੇ ਫੇਸਬੁੱਕ ‘ਤੇ ਆਪਣੀ ਪਤਨੀ ਬਾਰੇ ਹੋਏ ਕਮੈਂਟ ਨੂੰ ਗੌਰ ਨਾਲ ਪੜ੍ਹਿਆ, ਜਿਸ ਵਿਚ ਉਸਦੀ ਖੂਬਸੂਰਤੀ ਦੀ ਤਾਰੀਫ ਇਸ ਤਰ੍ਹਾਂ ਕੀਤੀ ਹੋਈ ਸੀ ਕਿ ਜਿਸਦਾ ਅਰਥ ਇਹ ਬਣਦਾ ਸੀ ਕਿ ਇਸ ਤਸਵੀਰ ਵਿਚ ਤਾਂ ਉਸ ਦਿਨ  ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਹੈ। ਗੌਰਵ ਨੇ ਕਮੈਂਟ ਕਰਨ ਵਾਲੇ ਦਾ ਪ੍ਰੋਫਾਇਲ ਖੋਲ੍ਹਿਆ ਅਤੇ ਉਸਦੀ ਫੇਸਬੁੱਕ ‘ਤੇ ਪਈਆਂ ਪੁਰਾਣੀਆਂ ਤਸਵੀਰਾਂ ਨੂੰ ਦੇਖਣ ਲੱਗਾ। ਗੌਰਵ ਨੂੰ ਹੈਰਾਨੀ ਹੋਈ ਕਿ ਇਸ ਬੰਦੇ ਨਾਲ ਉਸਦੀ ਪਤਨੀ ਦੀਆਂ ਕਈ ਤਸਵੀਰਾਂ ਅਜਿਹੀਆਂ ਸਨ ਜੋ ਉਹਨਾਂ ਦੀ ਨਜ਼ਦੀਕੀ ਨੂੰ ਜ਼ਾਹਿਰ ਕਰਦੀਆਂ ਸਨ। ਗੌਰਵ ਨੂੰ ਗੁੱਸਾ ਤਾਂ ਆਇਆ ਕਿ ਇਸ ਬੰਦੇ ਬਾਰੇ ਉਸਦੀ ਪਤਨੀ ਨੇ ਉਸਨੂੰ ਕਿਉਂ ਨਹੀਂ ਦੱਸਿਆ ਪਰ ਉਸਨੇ ਆਪਣੀ ਸਬਰ ਕਾਇਮ ਰੱਖੀ ਅਤੇ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ।
ਜਾਨੂੰ ਆਹ ਕਮੈਂਟ ਕਰਨ ਵਾਲਾ ਤੇਰਾ ਕਲਾਸਮੇਟ ਐ, ਗੌਰਵ ਨੇ ਆਪਣੀ ਪਤਨੀ ਨੂੰ ਪੁੱਛਿਆ।
ਨਹੀਂ, ਮੇਰੇ ਯਾਦ ਨਹੀਂ ਕਿ ਫਰੈਂਡ ਲਿਸਟ ਕਿਵੇਂ ਆ ਗਿਆ। ਉਂਝ ਮੈਂ ਜ਼ਿਆਦਾ ਨਹੀਂ ਜਾਣਦੀ ਇਸ ਬਾਰੇ। ਪਤਨੀ ਦਾ ਜਵਾਬ ਸੁਣ ਕੇ ਗੌਰਵ ਹੈਰਾਨ ਹੋ ਗਿਆ ਸੀ। ਉਸਨੁੰ ਉਕਾ ਹੀ ਆਸ ਨਹੀਂ ਸੀ ਕਿ ਉਸਦੀ ਪਤਨੀ ਇੰਨਾ ਝੂਠ ਬੋਲੇਗੀ। ਗੌਰਵ ਨੇ ਆਪਣੇ ਕੁਝ ਦੋਸਤਾਂ ਨੂੰ ਉਸ ਬਾਰੇ ਪਤਾ ਕਰ ਲਿਆ। ਉਸਨੂੰ ਪਤਾ ਲੱਗਾ ਕਿ ਯੂਨੀਵਰਸਿਟੀ ਦਿਨਾਂ ਵਿਚ ਉਹ ਲੜਕਾ ਉਸਦੀ ਪਤਨੀ ਦਾ ਚੰਗਾ ਦੋਸਤ ਸੀ। ਗੌਰਵ ਨੂੰ ਦੁੱਖ ਇਸ ਗੰਲ ਦਾ ਸੀ ਕਿ ਉਸਦੀ ਪਤਨੀ ਨੇ ਇਹ ਸਭ ਕੁਝ ਉਸ ਕੋਲੋਂ ਕਿਉਂ ਛੁਪਾਇਆ ਸੀ। ਵਿਆਹ ਤੋਂ ਮਹੀਨਾ ਕੁ  ਬਾਅਦ ਹੀ ਗੌਰਵ ਉਹਨਾਂ ਲੋਕਾਂ ਵਿਚ ਸ਼ਾਮਲ ਹੋ ਗਿਆ ਜੋ ਵਿਆਹ ਤੋਂ ਬਾਅਦ ਪਛਤਾਉਂਦੇ ਹਨ। ਸ਼ੱਕ ਦੇ ਕੀੜੇ ਨੇ ਇਸ ਘਰ ਦੀ ਜ਼ਿੰਦਗੀ ਵੀ ਹਰਾਮ ਕਰ ਦਿੱਤੀ ਸੀ। ਜਿਸਦਾ ਅੰਤ ਤਲਾਕ ਨਾਲ ਹੋਣ ਵਾਲਾ ਸੀ।
ਨਵੀਂ ਪੀੜ੍ਹੀ ਵਿਚ ਫੇਸਬੁੱਕ, ਵਟਸਅੱਪ ਅਤੇ ਹੋਰ ਸੋਸ਼ਲ ਸਾਇਟਾਂ ਰਾਹੀਂ ਵੀ ਸ਼ੱਕ ਦਾ ਕੀੜਾ ਲੋਕਾਂ ਦੇ ਦਿਮਾਗ ਤੱਕ ਪਹੁੰਚ ਰਿਹਾ ਹੈ। ਫੇਸਬੁੱਕ ਰਾਹੀਂ ਬਰਬਾਦ ਹੋਏ ਘਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗੱਲ ਫੇਸਬੁੱਕ ਜਾਂ ਹੋਰ ਸੋਸ਼ਲ ਸਾਇਟਾਂ ਦੀ ਨਹੀਂ ਗੱਲ ਤਾਂ ਮਨੁੱਖੀ ਭਾਵਨਾ ਦੀ ਹੈ। ਮਾਨਵੀ ਰਿਸ਼ਤਿਆਂ ਵਿਚ ਅਗਰ ਵਿਸ਼ਵਾਸ ਹੈ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਰ ਜੇ ਕਿਤੇ ਥੋੜ੍ਹਾ ਸੰਦੇਹ ਜਾਂ ਸ਼ੱਕ ਨੂੰ ਜਗ੍ਹਾ ਮਿਲ ਤਾਂ ਸਮਝੋ ਜ਼ਿੰਦਗੀ ਖਤਮ। ਸੰਦੇਹ ਨੇ ਤਾਂ ਰਾਮ ਤੇ ਸੀਤਾ ਨੂੰ ਨਹੀਂ ਮਿਲਣ ਦਿੱਤਾ ਸੀ। ਸ਼ੱਕ ਜਾਂ ਸੰਦੇਹ ਵਿਚ ਨਿਸਚਿਤ ਜਾਂ ਪੱਕਾ ਤਾਂ ਕੁਝ ਨਹੀਂ ਹੁੰਦਾ ਪਰ ‘ਅਜਿਹਾ ਹੋ ਵੀ ਸਕਦਾ ਹੈ’ ਦੀ ਕਲਪਨਾ ਹੁੰਦੀ ਹੈ। ਮਨੁੱਖੀ ਸੁਭਾਅ ਹੈ ਕਿ ੳਹ ਅਜਿਹੀ ਸਥਿਤੀ ਵਿਚ ਜ਼ਿਆਦਾ ਨਕਾਰਾਤਮਕ ਹੀ ਸੋਚਦਾ ਹੈ। ਅਜਿਹੀ ਨਕਾਰਾਤਮਕ ਸੋਚ ਉਸਦੇ ਵਿਵਹਾਰ ‘ਤੇ ਅਸਰ ਪਾਉਂਦੀ ਹੈ। ਉਸਦੇ ਚਿਹਰੇ ‘ਤੇ ਅਸਰ ਪਾਉਂਦੀ ਹੈ। ਚਿਹਰੇ ‘ਤੇ ਤਿਉੜੀਆਂ ਰਹਿੰਦੀਆਂ ਹਨ। ਮਨ ਅਸ਼ਾਂਤ ਹੋਣ ਕਾਰਨ ਗੁੱਸਾ ਜ਼ਿਆਦਾ ਆਉਂਦਾ ਹੈ। ਗੁਸੈਲੇ ਬੰਦੇ ਦੇ ਰਿਸ਼ਤੇ ਕਿਵੇਂ ਕਾਇਮ ਰਹਿ ਸਕਦੇ ਹਨ। ਸ਼ੱਕ ਸਿਰਫ ਦੂਜੇ ਪ੍ਰਤੀ ਅਵਿਸ਼ਵਾਸ ਹੀ ਨਹੀਂ ਪੈਦਾ ਕਰਦਾ ਸਗੋਂ ਬੰਦੇ ਦੀ ਹਉਮੈ ਨੂੰ ਵੀ ਜ਼ਖਮੀ ਕਰਦਾ ਹੈ। ਜਦੋਂ ਅਹਿਮ ਨੂੰ ਸੱਟ ਵੱਜਦੀ ਹੈ ਤਾਂ ਮਨੁੱਖ ਚੀਕਦਾ ਹੈ ਪਰ ਆਵਾਜ਼ ਨਹੀਂ ਕੱਢਦਾ। ਅਜਿਹੀ ਸਥਿਤੀ ਵਿਚ ਸੁਭਾਵਿਕਤਾ ਕਿਵੇਂ ਕਾਇਮ ਰਹਿ ਸਕਦੀ ਹੈ। ਮਨੁੱਖ ਦੀ ਨੀਂਦ ਉਡ ਜਾਂਦੀ ਹੈ। ਕੰਮ ‘ਤੇ ਜੀਅ ਨਹੀਂ ਲੱਗਦਾ। ਜਿਸਨੂੰ ਵੇਖ ਵੇਖ ਜਿਉਂਦਾ ਸੀ ਉਸ ਨੂੰ ਮਾਰਨ ਦੀ ਵਿਉਂਤਾਂ ਘੜਦਾ ਹੈ। ਅਜਿਹੀਆਂ ਵਿਉਂਤਾਂ ਵਿਚੋਂ ਹੀ ਆਤਮ ਹੱਤਿਆ ਦੀ ਬਿਰਤੀ ਜਨਮਦੀ ਹੈ। ਕਤਲ ਕਰਨ ਦਾ ਇਰਾਦਾ ਪਣਪਦਾ ਹੈ। ਤਲਾਕ ਲੈਣ ਲਈ ਤਰਲੋਮੱਛੀ ਹੁੰਦਾ ਹੈ। ਰਿਸ਼ਤਿਆਂ ਵਿਚੋਂ ਵਿਸ਼ਵਾਸ ਉਡ ਜਾਂਦਾ ਹੈ।
ਅਜਿਹੀ ਸਥਿਤੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਸ਼ੱਕ ਦੇ ਜ਼ਹਿਰ ਤੋਂ ਬਚ ਕੇ ਰਹੀਏ। ਆਪਣੇ ਸਾਥੀ ਦਾ ਵਿਸ਼ਵਾਸ ਜਿੱਤੀਏ। ਵਿਸ਼ਵਾਸ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੀਏ। ਵਿਸ਼ਵਾਸ ਹਮੇਸ਼ਾ ਸੱਚ ਦੀ ਬੁਨਿਆਦ ‘ਤੇ ਖੜ੍ਹਦਾ ਹੈ। ਸੱਚੋ ਸੱਚ ਦੱਸ ਕੇ ਆਪਣੇ ਸਾਥੀ ਦੇ ਮਨ ਵਿਚ ਜਗ੍ਹਾ ਬਣਾਈਏ। ਜੇਕਰ ਇਹ ਅਜਿਹੀ ਕੋਈ ਗੱਲ ਜੋ ਸੰਦੇਹ ਉਪਜਾਂਦੀ ਹੋਵੇ, ਕਿਸੇ ਹੋਰ ਦੇ ਮੂੰਹੋਂ ਸੁਣੀ ਜਾਵੇਗੀ ਤਾਂ ਸ਼ੱਕ ਪੈਦਾ ਹੋਣਾ ਸੁਭਾਵਿਕ ਹੋਵੇਗਾ। ਨਵੀਂ ਪੀੜ੍ਹੀ ਫੇਸਬੁੱਕ ਆਦਿ ਨੂੰ ਵਰਤਣ ਸਮੇਂ ਹੋਰ ਸੁਚੇਤ ਹੋਵੇ। ਤੁਹਾਡੇ ਭੋਲੇਪਣ ਵਿਚ ਕੀਤੀ ਮਾਸੂਮ ਗਲਤੀ ਕਈ ਖਤਰਨਾਕ ਅਤੇ ਗਲਤ ਨਤੀਜਿਆਂ ਨੂੰ ਜਨਮ ਦੇ ਸਕਦੀ ਹੈ। ਜ਼ਿੰਦਗੀ ਦੀ ਖੂਬਸੂਰਤੀ ਮਾਨਣ ਲਈ ਰਿਸ਼ਤਿਆਂ ਵਿਚ ਵਿਸ਼ਵਾਸ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।