ਸਿੱਖ ਜੂਨ ’84 ਕਦੇ ਨਹੀਂ ਭੁੱਲਣਗੇ!

main-news-300x1501 ਜੂਨ 1984 ਦਾ ਦਿਨ ਪੰਜਾਬ ਲਈ ਅਤੇ ਖ਼ਾਸ ਕਰ ਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ ਜਿਸ ਦਿਨ ਭਾਰਤੀ ਫ਼ੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫ਼ਿਰਕੇ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗ਼ੁਲਾਮੀ ਦਾ ਜੂਲਾ ਲਾਹੁਣ ਵਿੱਚ ਬਹੁਤ ਮਹੱਤਵਪੂਰਨ ਰੋਲ ਹੀ ਨਹੀਂ ਨਿਭਾਇਆ ਸਗੋਂ ਭਾਰਤ ਨੂੰ ਅੰਗਰੇਜ਼ ਸਾਮਰਾਜ ਦੀ ਦੋ ਸਦੀਆਂ ਪੁਰਾਣੀ ਗ਼ੁਲਾਮੀ ਤੋਂ ਮੁਕੰਮਲ ਅਜ਼ਾਦੀ ਦਿਵਾਈ। ਜੂਨ 1984 ਦਾ ਸ੍ਰੀ ਹਰਿਮੰਦਰ ਸਾਹਿਬ ‘ਤੇ ਫ਼ੌਜੀ ਹਮਲਾ ਭਾਰਤ ਦੇ ਹਿੰਦੂ ਕੱਟੜਵਾਦੀਆਂ ਵਲੋਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਲਈ ਕੀਤੇ ਗਏ ਜਬਰ ਜ਼ੁਲਮ ਦੀ ਇੰਤਹਾ ਸੀ। ਇਸ ਹਮਲੇ ਦੌਰਾਨ ਭਾਰਤੀ ਫ਼ੌਜ ਦੀ ਹਾਈਕਮਾਂਡ ਵਲੋਂ ਫ਼ੌਜੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੁੜੀਆਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸਬਕ ਸਿਖਾਉਣ ਲਈ ਜੋ ਹਿਦਾਇਤਾਂ ਦਿੱਤੀਆਂ ਗਈਆਂ ਸਨ ਉਹ ਵੀ ਬਹੁਤ ਹੀ ਦਿਲ ਕੰਬਾਊ ਤੇ ਸ਼ਰਮਨਾਕ ਸਨ। ਜੂਨ 84 ਦੀਆਂ ਇਹ ਸ਼ਰਮਨਾਕ ਯਾਦਾਂ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਹੋ ਕੇ ਭਾਰਤ ਦੇ ਕੱਟੜਵਾਦੀ ਨਿਜ਼ਾਮ ਦੀ ਆਚਰਣਹੀਣਤਾ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ। ਫ਼ੌਜ ਦੀ ਹਾਈਕਮਾਂਡ ਵਲੋਂ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਦਰਬਾਰ ਸਹਿਬ ਕੌਂਪਲੈਕਸ ਅੰਦਰ ਘਿਰ ਚੁੱਕੀਆਂ ਸਿੱਖ ਬੀਬੀਆਂ ਨਾਲ ਬਲਾਤਕਾਰ ਤਕ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ ਅਤੇ ਫ਼ੌਜੀ ਹਮਲੇ ਦੀ ਕਮਾਂਡ ਸੰਭਾਲ ਰਹੇ ਜਰਨੈਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਸਨ ਕਿ ਜੇਕਰ ਕੋਈ ਫ਼ੌਜੀ ਜਵਾਨ ਕਿਸੇ ਸਿੱਖ ਸ਼ਰਧਾਲੂ ਨੂੰ ਮਾਰ ਬੈਠਦਾ ਹੈ ਜਾਂ ਕਿਸੇ ਸਿੱਖ ਬੀਬੀ ਨਾਲ ਜ਼ਿਆਦਤੀ ਕਰ ਬੈਠਦਾ ਹੈ ਤਾਂ ਉਸ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ, ਭਾਵ ਕਿਸੇ ਵੀ ਜੁਰਮ ਬਦਲੇ ਕਿਸੇ ਵੀ ਫ਼ੌਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਹੌਂਸਲੇ ਪਸਤ ਹੋ ਸਕਦੇ ਸਨ।
ਭਾਰਤੀ ਫ਼ੌਜ ਦੇ ਇਹ ਰਾਜ਼ ਉਸ ਸਮੇਂ ਦੇ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਦੇ ਕਮਾਂਡਰ ਰਹੇ ਜਰਨਲ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਉਜਾਗਰ ਕੀਤੇ ਸਨ। ਭਾਰਤੀ ਨਿਜ਼ਾਮ ਦਾ ਸਿੱਖ ਕੌਮ ਵਿਰੁੱਧ ਇਹ ਕਾਰਾ ਸਿੱਖਾਂ ਦੇ ਅਠਾਰਵੀਂ ਸਦੀ ਦੇ ਇਤਿਹਾਸ ਦੀ ਰੌਸ਼ਨੀ ਵਿੱਚ ਵਾਚਿਆਂ ਅਹਿਸਾਨ ਫ਼ਰਾਮੋਸ਼ੀ ਦੀ ਸਿਖਰ ਹੀ ਕਿਹਾ ਜਾ ਸਕਦਾ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਅਫ਼ਗ਼ਾਨੀ ਫ਼ੌਜਾਂ ਹਿੰਦੁਸਤਾਨੀ ਬਹੂ ਬੇਟੀਆਂ ਨੂੰ ਲੁੱਟ ਦਾ ਮਾਲ ਸਮਝ ਕੇ ਜਬਰੀ ਚੁੱਕ ਕੇ ਲੈ ਜਾਂਦੀਆਂ ਸਨ ਅਤੇ ਗ਼ਜ਼ਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਨੂੰ ਭਾਰਤ ਦੀ ਇੱਜ਼ਤ ਨਿਲਾਮ ਕਰਦੇ ਸਨ ਤਾਂ ਉਸ ਮੌਕੇ ‘ਤੇ ਇਹ ਗੁਰੂ ਦਾ ਖ਼ਾਲਸਾ ਹੀ ਸੀ ਜਿਹੜਾ ਅਫ਼ਗ਼ਾਨੀ ਫ਼ੌਜਾਂ ਨਾਲ ਲੋਹਾ ਲੈ ਕੇ ਆਪਣੀ ਜਾਨ ‘ਤੇ ਖੇਡਦੇ ਹੋਏ ਹਿੰਦੂ ਬਹੂ ਬੇਟੀਆਂ ਨੂੰ ਛੁਡਵਾਉਂਦਾ ਹੀ ਨਹੀਂ ਸੀ ਸਗੋਂ ਉਹਨਾਂ ਨੂੰ ਬਾ-ਇੱਜ਼ਤ ਉਹਨਾਂ ਦੇ ਘਰੋ ਘਰੀਂ ਪਹੁੰਚਾਉਣ ਨੂੰ ਆਪਣਾ ਧਰਮ ਸਮਝਦਾ ਸੀ। ਪਰ ਅਫ਼ਸੋਸ ਹੈ ਭਾਰਤੀ ਫ਼ਿਰਕਾਪ੍ਰਸਤ ਸਿਸਟਮ ਦੀ ਤੰਗਦਿਲੀ ‘ਤੇ ਕਿ ਉਸ ਨੇ ਅੱਜ ਗੁਰੂ ਕੇ ਖ਼ਾਲਸੇ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਿਆ ਹੋਇਐ। ਜਰਨਲ ਕੁਲਦੀਪ ਬਰਾੜ ਅਨੁਸਾਰ, ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਵਿੱਚ ਭਾਰਤੀ ਫ਼ੌਜ ਨੂੰ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਤੋਂ ਵੀ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਸੀ। ਉਪਰੋਕਤ ਤੱਥਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਆਪਣਿਆਂ ਵਾਲੀ ਨਹੀਂ ਬਲਕਿ ਦੁਸ਼ਮਣਾਂ ਵਾਲੀ ਰਹੀ ਹੈ। ਇਹ ਸਮਝ ਵੀ ਪੈਂਦੀ ਹੈ ਕਿ ਭਾਰਤ ਸਰਕਾਰ ਵਲੋਂ ਇਹ ਫ਼ੌਜੀ ਹਮਲਾ ਮਹਿਜ਼ ਦੇਸ਼ ਦਾ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਨਹੀਂ ਬਲਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦੁਸ਼ਮਣ ਸਮਝ ਕੇ ਦੂਸਰੇ ਮੁਲਕ ‘ਤੇ ਕੀਤੇ ਜਾਣ ਵਾਲੇ ਹਮਲੇ ਦੀ ਤਰਜ਼ ‘ਤੇ ਬਕਾਇਦਾ ਔਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਕੀਤਾ ਗਿਆ ਸੀ।
ਸਿੱਖ ਕੌਮ ਦੀ ਆਨ-ਸ਼ਾਨ ਦੇ ਪਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕੇਂਦਰ ਦੀ ਇਸ ਬਦਨੀਤੀ ਤੋਂ ਚੰਗੀ ਤਰ੍ਹਾਂ ਵਾਕਫ਼ ਸਨ ਅਤੇ ਇਸੇ ਲਈ ਉਹਨਾਂ ਨੇ ਭਾਰਤ ਸਰਕਾਰ ਵਲੋਂ ਕੀਤੇ ਜਾਣ ਵਾਲੇ ਫ਼ੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਇਹ ਐਲਾਨ ਕੀਤਾ ਕਿ ਜੇਕਰ ਅਤੇ ਜਿਸ ਦਿਨ ਭਾਰਤ ਸਰਕਾਰ ਸ੍ਰੀ ਹਰਿਮੰਦਰ ਸਾਹਿਬ ‘ਤੇ ਫ਼ੌਜੀ ਹਮਲਾ ਕਰਦੀ ਹੈ, ਉਸੇ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹ ਕਿਹਾ ਜਾਣਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਆਸ ਹੀ ਨਹੀਂ ਸੀ ਕਿ ਕੇਂਦਰ ਸਰਕਾਰ ਕਦੇ ਐਨਾ ਵੱਡਾ ਹਮਲਾ ਸ੍ਰੀ ਦਰਬਾਰ ਸਾਹਿਬ ‘ਤੇ ਕਰ ਸਕਦੀ ਹੈ, ਉਸ ਦੂਰਅੰਦੇਸ਼ ਸੰਤ ਸਿਪਾਹੀ ਦੀ ਬੇਇੱਜ਼ਤੀ ਕਰਨ ਦੇ ਸਮਾਨ ਹੋਵੇਗਾ ਜਿਹੜਾ ਚਲਾਕ ਦੁਸ਼ਮਣ ਦੇ ਅੰਦਰ ਦੀ ਹਰੇਕ ਮੰਦ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਸਿਆਣਦਾ ਸੀ। ਜਰਨਲ ਸੁਭੇਗ ਸਿੰਘ ਵਲੋਂ ਦਰਬਾਰ ਸਾਹਿਬ ਵਿੱਚ ਕੀਤੀ ਗਈ ਮੋਰਚਾਬੰਦੀ ਅਤੇ ਸੰਤਾਂ ਵਲੋਂ ਫ਼ੌਜੀ ਹਮਲੇ ਦੇ ਡਟਵੇਂ ਮੁਕਾਬਲੇ ਲਈ ਪਹਿਲਾਂ ਹੀ ਕੀਤਾ ਗਿਆ ਗੋਲੀ ਸਿੱਕੇ ਦਾ ਪ੍ਰਬੰਧ ਕਿਸੇ ਵੀ ਅਜਿਹੇ ਸ਼ੱਕ ਦੀ ਗੁੰਜਾਇਸ਼ ਨਹੀਂ ਸੀ ਛੱਡਦਾ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਜਿਹੇ ਹਮਲੇ ਦੀ ਵਿਓਂਤਬੰਦੀ ਤੋਂ ਅਣਜਾਣ ਸਨ। ਅਜਿਹਾ ਕਹਿ ਕੇ ਸਿੱਖ ਕੌਮ ਦੇ ਦੋਖੀਆਂ ਵਲੋਂ ਸੰਤਾਂ ਦੀ ਸੂਰਮਗਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਚਾਈ ਤਾਂ ਇਹ ਹੈ ਕਿ ਕੇਂਦਰ ਦੀ ਬਦਨੀਤੀ ਤੇ ਬੇਗ਼ਾਨਗੀ ਵਾਲੀ ਭਾਵਨਾ ਤੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ ਜਿਸ ਤੋਂ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਖ਼ੌਫ਼ਜ਼ਦਾ ਹੋ ਚੁੱਕੀਆਂ ਸਨ। ਕੇਂਦਰ ਵਲੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਪੰਜਾਬ ਦੇ ਰਾਜ ਭਾਗ, ਮਾਲ ਅਸਬਾਬ ਸਮੇਤ ਹਰ ਤਰ੍ਹਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਨਿਸ਼ਾਨੇ ਤੋਂ ਥਿੜਕਾਇਆ ਨਹੀਂ ਸੀ ਜਾ ਸਕਿਆ। ਅਖੀਰ, ਕੇਂਦਰ ਨੇ ਇਸ ਫ਼ੌਜੀ ਹਮਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਮਨ ਬਣਾਇਆ। ਇੱਕ ਤਾਂ ਸਿੱਖ ਮੰਗਾਂ ਮਨਵਾਉਣ ਲਈ ਕੇਂਦਰ ਨਾਲ ਟੱਕਰ ਲੈ ਕੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਖ਼ਤਮ ਕਰਨਾ ਅਤੇ ਦੂਜਾ ਫ਼ੌਜੀ ਹਮਲੇ ਅਤੇ ਪੁਲਿਸ ਫ਼ੋਰਸਾਂ ਦੀ ਮਦਦ ਨਾਲ ਕੇਂਦਰ ਲਈ ਖ਼ਤਰਾ ਪੈਦਾ ਕਰਨ ਵਾਲੀ ਨੌਜਵਾਨ ਸਿੱਖ ਪੀੜ੍ਹੀ ਦਾ ਖ਼ਾਤਮਾ ਕਰ ਕੇ ਅਜਿਹੀ ਦਹਿਸ਼ਤ ਪੈਦਾ ਕਰਨੀ ਕਿ ਭਵਿਖ ਵਿੱਚ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਿੱਖ ਸੌ ਵਾਰੀ ਸੋਚਣ। ਇਹ ਕੌੜਾ ਸੱਚ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਦਰਬਾਰ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਲਈ ਰਵਾਇਤੀ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਕੇਂਦਰ ਦੇ ਨਾਲ ਸੀ ਜਿਸ ਨਾਲ ਕੇਂਦਰ ਨੂੰ ਸਿੱਖ ਨਸਲਕੁਸ਼ੀ ਕਰਨ ਦਾ ਹੌਸਲਾ ਮਿਲਿਆ ਅਤੇ ਫ਼ਿਰ ਉਹਨਾਂ ਨੇ ਮੁਕੰਮਲ ਬੇ-ਫ਼ਿਕਰੀ ਤੇ ਬੇ-ਕਿਰਕੀ ਨਾਲ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ। ਰਹਿੰਦੀ ਦੁਨੀਆਂ ਤਕ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਦਿਨ ਸਿੱਖਾਂ ਦੇ ਹਿਰਦਿਆਂ ਵਿਚਲੇ ਜ਼ਖ਼ਮ ਤਾਜ਼ਾ ਹੁੰਦੇ ਰਹਿਣਗੇ। ਜੂਨ ਮਹੀਨੇ ਦਾ ਇਹ ਪਹਿਲਾ ਹਫ਼ਤਾ ਜਿੱਥੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਆਪਣੇ ਪੁਰਖਿਆਂ ਦੀਆਂ ਲਾਮਿਸਾਲ ਕੁਰਬਾਨੀਆਂ ਕਰ ਕੇ ਪ੍ਰੇਰਨਾ ਸਰੋਤ ਹੋਵੇਗਾ ਉਥੇ ਸਮੇਂ ਦੇ ਅਹਿਸਾਨ ਫ਼ਰਾਮੋਸ਼ ਜ਼ੁਲਮੀ ਹਾਕਮਾਂ ਅਤੇ ਕੌਮ ਧਰੋਹੀ ਸਿੱਖ ਆਗੂਆਂ ਪ੍ਰਤੀ ਨਫ਼ਰਤ ਵੀ ਜਗਾਉਂਦਾ ਰਹੇਗਾ।
ਬਘੇਲ ਸਿੰਘ ਧਾਲੀਵਾਲ
011-91-99142-58142