ਸੌ ਸੋਲਾਂ ਕਰੀਬ ਅੱਧਾ ਲੰਘ ਚੁੱਕਿਆ ਹੈ ਪਰ ਦਬੰਗ ਸੋਨਾਕਸ਼ੀ ਦੀ ਇਸ ਸਾਲ ਹਾਲੇ ਤਕ ਇੱਕ ਵੀ ਫ਼ਿਲਮ ਨਹੀਂ ਆਈ ਹੈ। ਬੀਤੇ ਵਰ੍ਹੇ ਰਿਲੀਜ਼ ਹੋਈ ਉਸ ਦੀ ਫ਼ਿਲਮ ‘ਤੇਵਰ’ ਨੇ ਵੀ ਬਾਕਸ ਆਫ਼ਿਸ ‘ਤੇ ਪਾਣੀ ਨਹੀਂ ਮੰਗਿਆ ਸੀ। ਉਂਜ, ਸੋਨਾਕਸ਼ੀ ਦੀਆਂ ਇਸ ਸਾਲ ਦੇ ਬਾਕੀ ਮਹੀਨਿਆਂ ਦੌਰਾਨ ਕਈ ਫ਼ਿਲਮਾਂ ਆਉਣ ਵਾਲੀਆਂ ਹਨ। ਉਸ ਦੀਆਂ ਫ਼ਿਲਮਾਂ ‘ਅਕੀਰਾ’ ਅਤੇ ‘ਫ਼ੋਰਸ-2’ ਦਾ ਤਾਂ ਉਸ ਦੇ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਨ੍ਹਾਂ ਫ਼ਿਲਮਾਂ ਵਿੱਚ ਉਹ ਕੁਝ ਵੱਖਰੇ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ। ਪੇਸ਼ ਹੈ ਇਸੇ ਸਬੰਧ ‘ਚ ਸੋਨਾਕਸ਼ੀ ਸਿਨਹਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:-
ਆਪਣੀ ਬਹੁਚਰਚਿਤ ਫ਼ਿਲਮ ‘ਅਕੀਰਾ’ ਬਾਰੇ ਦੱਸੋ?
-ਇਸ ਸਾਲ 23 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਅਕੀਰਾ’ ਇੱਕ ਐਕਸ਼ਨ ਥ੍ਰਿਲਰ ਹੈ ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਸਾਲ 2011 ਵਿੱਚ ਆਈ ਤਾਮਿਲ ਫ਼ਿਲਮ ‘ਮੌਨ ਗੁਰੂ’ ਦੇ ਹਿੰਦੀ ਰੀਮੇਕ ‘ਅਕੀਰਾ’ ਵਿੱਚ ਮੈਂ ਛੂਈ-ਮੂਈ ਵਾਲੇ ਨਹੀਂ ਬਲਕਿ ਮਾਰਧਾੜ ਵਾਲੇ ਦ੍ਰਿਸ਼ ਕਰਦੀ ਨਜ਼ਰ ਆਵਾਂਗੀ। ਮੇਰੇ ਲਈ ਇਹ ਫ਼ਿਲਮ ਕਿੰਨੀ ਖ਼ਾਸ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਮੈਂ ਇਸ ਫ਼ਿਲਮ ਲਈ ਖ਼ਾਸ ਤੌਰ ‘ਤੇ ਮਾਰਸ਼ਲ ਆਰਟ ਦੀ ਟਰੇਨਿੰਗ ਲਈ ਹੈ। ਏ.ਆਰ. ਮੁਰੂਗਦਾਸ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ਵਿੱਚ ਮੈਂ ਪਹਿਲੀ ਵਾਰ ਆਪਣੇ ਪਿਤਾ ਸ਼ਤਰੂਘਨ ਸਿਨਹਾ ਨਾਲ ਪਰਦੇ ‘ਤੇ ਨਜ਼ਰ ਆਵਾਂਗੀ। ਮੈਂ ਮੁਰੂਗਦਾਸ ਨਾਲ ਪਹਿਲਾਂ ਵੀ ਫ਼ਿਲਮ ‘ਹੋਲੀਡੇ’ ਕਰ ਚੁੱਕੀ ਹੈ।
‘ਅਕੀਰਾ’ ਦੇ ਨਾਲ ‘ਧੋਨੀ: ਦਿ ਅਨਟੋਲਡ ਸਟੋਰੀ’ ਵੀ ਰਿਲੀਜ਼ ਹੋਵੇਗੀ। ਇਸ ਟੱਕਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
– ਕੋਈ ਗੱਲ ਹੀ ਨਹੀਂ। ਹਰ ਸ਼ੁੱਕਰਵਾਰ ਸਿਰਫ਼ ਇੱਕ ਫ਼ਿਲਮ ਹੀ ਰਿਲੀਜ਼ ਨਹੀਂ ਹੁੰਦੀ ਸਗੋਂ ਕਈ ਫ਼ਿਲਮਾਂ ਇੱਕੱਠੀਆਂ ਰਿਲੀਜ਼ ਹੁੰਦੀਆਂ ਹਨ ਪਰ ਉਨ੍ਹਾਂ ‘ਚੋਂ ਚਲਦੀਆਂ ਓਹੀ ਹਨ ਜਿਨ੍ਹਾਂ ‘ਚ ਕੁਝ ਖ਼ਾਸ ਹੁੰਦਾ ਹੈ। ਹੁਣ ਇਹ ਤਾਂ ਦੋਵਾਂ ਫ਼ਿਲਮਾਂ ਦੇ ਰਿਲੀਜ਼ ਹੋਣ ਮਗਰੋਂ ਹੀ ਪਤਾ ਲੱਗੇਗਾ ਕਿ ਦਰਸ਼ਕਾਂ ਨੂੰ ਕਿਹੜੀ ਫ਼ਿਲਮ ਪਸੰਦ ਆਉਂਦੀ ਹੈ ਅਤੇ ਇਨ੍ਹਾਂ ‘ਚੋਂ ਕਿਹੜੀ ਬਾਕਸ ਆਫ਼ਿਸ ‘ਤੇ ਕਿੰਨੀ ਕਮਾਈ ਕਰਦੀ ਹੈ।
ਤੁਹਾਡੀ ਫ਼ਿਲਮ ‘ਫ਼ੋਰਸ-2’ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੀ ਕਹੋਗੇ?
-‘ਫ਼ੋਰਸ-2’ ਵੀ ਇੱਕ ਐਕਸ਼ਨ ਭਰਪੂਰ ਫ਼ਿਲਮ ਹੈ ਜਿਸ ਵਿੱਚ ਮੇਰੇ ਤੋਂ ਇਲਾਵਾ ਜੌਨ ਅਬਰਾਹਿਮ ਅਤੇ ਤਾਹਿਰ ਭਸੀਨ ਅਹਿਮ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਨਿਰਦੇਸ਼ਿਤ ਅਭਿਨੈ ਦਿਓ ਨੇ ਕੀਤਾ ਹੈ। ‘ਫ਼ੋਰਸ-2’ ਵਿੱਚ ਲੋਕਾਂ ਨੂੰ ਮੇਰਾ ਐਕਸ਼ਨ ਰੂਪ ਦੇਖਣ ਨੂੰ ਮਿਲੇਗਾ। ‘ਫ਼ੋਰਸ-2’ ਸੁਪਰਹਿੱਟ ਫ਼ਿਲਮ ‘ਫ਼ੋਰਸ’ ਦਾ ਸੀਕੁਅਲ ਹੈ।
ਅੱਜ-ਕੱਲ੍ਹ ਐਕਸ਼ਨ ‘ਚ ਜ਼ਿਆਦਾ ਦਿਲਚਸਪੀ ਦੀ ਕੋਈ ਖ਼ਾਸ ਵਜ੍ਹਾ?
-ਵਜ੍ਹਾ ਇਹੀ ਹੈ ਕਿ ਮੈਂ ਸਿਰਫ਼ ਡਾਂਸ ਜਾਂ ਰੋਮਾਂਸ ਹੀ ਨਹੀਂ ਕਰ ਸਕਦੀ। ਮੈਂ ਜੋਖ਼ਮ ਵਾਲੇ ਕਿਰਦਾਰ ਨਿਭਾਉਣ ਤੇ ਦ੍ਰਿਸ਼ ਕਰਨ ਦੀ ਸਮਰੱਥਾ ਰੱਖਦੀ ਹਾਂ। ਅਕੀਰਾ ਅਤੇ ਫ਼ੋਰਸ-2 ਫ਼ਿਲਮਾਂ ਜ਼ਰੀਏ ਮੈਂ ਆਪਣੇ ਐਕਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਨੂੰ ਸ਼ੁਰੂ ਤੋਂ ਹੀ ਲੱਗਦਾ ਸੀ ਕਿ ਮੈਂ ਐਕਸ਼ਨ ਦ੍ਰਿਸ਼ ਚੰਗੀ ਤਰ੍ਹਾਂ ਕਰ ਸਕਦੀ ਹਾਂ। ਇਸ ਲਈ ਮੈਂ ਇਨ੍ਹਾਂ ਫ਼ਿਲਮਾਂ ਨੂੰ ਆਪਣੇ ਖਾਤੇ ‘ਚ ਸ਼ਾਮਿਲ ਕੀਤਾ। ਮੈਂ ਹੁਣ ਤਕ ਦੇ ਕਰੀਅਰ ‘ਚ ਜੋ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਮਾਣਿਆ ਹੈ ਅਤੇ ਐਕਸ਼ਨ ਫ਼ਿਲਮਾਂ ਕਰਕੇ ਵੀ ਮੈਂ ਬਹੁਤ ਖ਼ੁਸ਼ ਹੈ।
ਅਪੂਰਵ ਲਖੀਆ ਦੀ ਫ਼ਿਲਮ ‘ਹਸੀਨਾ’ ਨੂੰ ਲੈ ਕੇ ਤੁਸੀਂ ਕਾਫ਼ੀ ਉਤਸ਼ਾਹਿਤ ਸੀ ਪਰ ਹੁਣ ਤੁਸੀਂ ਇਸ ਫ਼ਿਲਮ ਦਾ ਹਿੱਸਾ ਨਹੀਂ ਰਹੇ। ਕਿਉਂ?
-ਇਹ ਸੱਚ ਹੈ ਕਿ ਮੈਂ ਅਪੂਰਵ ਲਖੀਆ ਦੀ ਫ਼ਿਲਮ ‘ਹਸੀਨਾ’ ‘ਚ ਕੰਮ ਕਰਨ ਲਈ ਤਿਆਰ ਸੀ ਪਰ ਮੇਰੀ ਕਿਸਮਤ ‘ਚ ਦਾਊਦ ਇਬਰਾਹਿਮ ਦੀ ਭੈਣ ਦਾ ਕਿਰਦਾਰ ਨਿਭਾਉਣਾ ਨਹੀਂ ਲਿਖਿਆ ਸੀ। ਦਰਅਸਲ, ਤਾਰੀਖਾਂ ਦੀ ਸਮੱਸਿਆ ਕਾਰਨ ਮੈਨੂੰ ਇਹ ਫ਼ਿਲਮ ਛੱਡਣੀ ਪਈ। ‘ਫ਼ੌਰਸ-2’ ਅਤੇ ‘ਹਸੀਨਾ’ ਦੀ ਸ਼ੂਟਿੰਗ ਦੀਆਂ ਤਾਰੀਖਾਂ ਟਕਰਾ ਰਹੀਆਂ ਸਨ ਅਤੇ ‘ਫ਼ੋਰਸ-2’ ਦੀ ਕਾਫ਼ੀ ਸ਼ੂਟਿੰਗ ਮੈਂ ਕਰ ਚੁੱਕੀ ਸੀ। ਇਸ ਲਈ ਇਸ ਫ਼ਿਲਮ ਨੂੰ ਲਮਕਾਉਣਾ ਮੇਰੇ ਲਈ ਸੰਭਵ ਨਹੀਂ ਸੀ। ਅਸਲ ‘ਚ ‘ਫ਼ੋਰਸ-2’ ਦੀ ਸ਼ੂਟਿੰਗ ਦੌਰਾਨ ਜੌਨ ਅਬਰਾਹਿਮ ਨੂੰ ਸੱਟ ਲੱਗਣ ਕਾਰਨ ਸਾਰਾ ਸ਼ਡਿਊਲ ਹਿੱਲ ਗਿਆ ਅਤੇ ਸ਼ੂਟਿੰਗ ਦੀਆਂ ਜਿਹੜੀਆਂ ਤਾਰੀਖਾਂ ਮੈਂ ਪਹਿਲਾਂ ਹਸੀਨਾ ਨੂੰ ਦੇ ਰੱਖੀਆਂ ਸਨ, ਉਹ ‘ਫ਼ੋਰਸ-2’ ਦੇ ਲੇਖੇ ਲੱਗ ਗਈਆਂ ਤੇ ਉਸ ਤੋਂ ਬਾਅਦ ਦੀਆਂ ਤਾਰੀਖਾਂ ਮੈਂ ਦੂਜੀਆਂ ਫ਼ਿਲਮਾਂ ਨੂੰ ਦੇ ਚੁੱਕੀ ਸੀ। ਇਸ ਲਈ ‘ਹਸੀਨਾ’ ਲਈ ਮੇਰੇ ਕੋਲ ਸਮਾਂ ਹੀ ਨਹੀਂ ਸੀ।
ਉਂਜ, ਤੁਸੀਂ ‘ਹਸੀਨਾ’ ਨਾਲ ਮਿਲਦੀਆਂ-ਜੁਲਦੀਆਂ ਕਈ ਫ਼ਿਲਮਾਂ ਕਰ ਰਹੇ ਹੋ?
-ਜੀ ਹਾਂ, ਮੈਂ ਇੱਕ ਫ਼ਿਲਮ ‘ਚ ਪਾਕਿਸਤਾਨੀ ਪੱਤਰਕਾਰ ਦਾ ਕਿਰਦਾਰ ਨਿਭਾਉਣ ਵਾਲੀ ਹਾਂ। ਦਰਅਸਲ ਮੈਂ ਸਬਾ ਇਮਤਿਆਜ਼ ਦੇ ਪ੍ਰਸਿੱਧ ਨਾਵਲ ‘ਕਰਾਚੀ, ਯੂ ਆਰ ਕਿਲਿੰਗ ਮੀ’ ‘ਤੇ ਬਣਨ ਵਾਲੀ ਫ਼ਿਲਮ ਵਿੱਚ ਕੰਮ ਕਰਨ ਲਈ ਹਾਮੀ ਭਰੀ ਹੈ ਜਿਸ ਦਾ ਨਾਮ ਹੋਵੇਗਾ ‘ਨੂਰ’। ਇਸ ਦੀ ਕਹਾਣੀ ਇੱਕ ਔਰਤ ਪੱਤਰਕਾਰ ਆਇਸ਼ਾ ਅਤੇ ਉਸ ਦੇ ਕੰਮਕਾਜ ਦੌਰਾਨ ਸੰਘਰਸ਼ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਕਰਾਚੀ ਵਿੱਚ ਵਾਪਰਨ ਵਾਲੇ ਹਾਦਸਿਆਂ ਅਤੇ ਇਨ੍ਹਾਂ ਕਾਰਨ ਆਮ ਲੋਕਾਂ ਦੀ ਜ਼ਿੰਦਗੀ ‘ਤੇ ਪੈਣ ਵਾਲੇ ਅਸਰ ਨੂੰ ਵੀ ਦਿਖਾਇਆ ਜਾਵੇਗਾ। ਫ਼ਿਲਮ ਦੇ ਨਿਰਦੇਸ਼ਕ ਸੁਨੀਲ ਸਿੱਪੀ ਹਨ। ਐਡ ਫ਼ਿਲਮਾਂ ਬਣਾਉਣ ਵਾਲੇ ਸੁਨੀਲ ਸਿੱਪੀ ਦੀ ਬਤੌਰ ਨਿਰਦੇਸ਼ਕ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਅਤੇ ਇਹ ਅਗਲੇ ਸਾਲ ਰਿਲੀਜ਼ ਹੋਵੇਗੀ।
ਸੁਣਨ ‘ਚ ਆਇਆ ਹੈ ਕਿ ਤੁਸੀਂ ਅਕਸ਼ੈ ਕੁਮਾਰ ਨਾਲ ਨਵੀਂ ਫ਼ਿਲਮ ਸਾਈਨ ਕੀਤੀ ਹੈ?
– ਜੀ ਹਾਂ ਅਤੇ ਇਸ ਫ਼ਿਲਮ ਦਾ ਨਾਮ ਹੈ ‘ਨਮਸਤੇ ਇੰਗਲੈਂਡ’। ‘ਰਾਊਡੀ ਰਾਠੌਰ’, ‘ਹੌਲੀਡੇ: ਏ ਸੋਲਜ਼ਰ ਇਜ਼ ਨੈਵਰ ਔਫ਼ ਡਿਊਟੀ’, ‘ਬੌਸ’, ‘ਜੋਕਰ’ ਅਤੇ ‘ਵੰਨਸ ਅਪੌਨ ਏ ਟਾਈਮ ਇਨ ਮੁੰਬਈ ਦੁਬਾਰਾ’ ਤੋਂ ਬਾਅਦ ਬੌਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨਾਲ ਇਹ ਮੇਰੀ ਛੇਵੀਂ ਫ਼ਿਲਮ ਹੋਵੇਗੀ ਜਿਸ ਦੇ ਨਿਰਦੇਸ਼ਕ ਵਿਪੁਲ ਸ਼ਾਹ ਹੋਣਗੇ। ਇਸ ਫ਼ਿਲਮ ਦੀ ਸ਼ੂਟਿੰਗ ਅਗਸਤ ‘ਚ ਸ਼ੁਰੂ ਹੋਵੇਗੀ।
ਅੱਜ ਜਦੋਂ ਹੋਰ ਨਾਇੱਕਾਵਾਂ ਪਤਲੇ ਹੋਣ ਲਈ ਕੀ ਕੁਝ ਨਹੀਂ ਕਰ ਰਹੀਆਂ, ਉੱਥੇ ਤੁਸੀਂ ਇਸ ਮਾਮਲੇ ‘ਚ ਬੇਫ਼ਿਕਰ ਨਜ਼ਰ ਆਉਂਦੇ ਹੋ, ਕਿਉਂ?
– ਮੈਨੂੰ ਆਪਣੀ ਸਰੀਰਕ ਫ਼ਿੱਟਨੈਸ ‘ਤੇ ਮਾਣ ਹੈ ਅਤੇ ਮੈਂ ਖ਼ੁਦ ਨੂੰ ਬਦਲਣਾ ਨਹੀਂ ਚਾਹੁੰਦੀ। ਇਸ ਕਰਕੇ ਵੀ ਮੇਰੀ ਵੱਖਰੀ ਪਛਾਣ ਹੈ ਅਤੇ ਕੋਈ ਵੀ ਆਪਣੀ ਪਛਾਣ ਨਹੀਂ ਖੋਹਣਾ ਚਾਹੁੰਦਾ। ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ? ਮੇਰੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਕੀ ਚਾਹੁੰਦੀ ਹਾਂ।
ਤੁਹਾਡੇ ਲਈ ਫ਼ੈਸ਼ਨ ਦਾ ਕੀ ਮਤਲਬ ਹੈ?
– ਮੈਂ ਹਮੇਸ਼ਾਂ ਮੇਰੀ ਆਪਣੀ ਫ਼ੈਸ਼ਨ ਸ਼ੈਲੀ ਅਤੇ ਅੰਦਾਜ਼ ਨਾਲ ਜੁੜੀ ਰਹਿਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਮੈਂ ਫ਼ੈਸ਼ਨ ਦੇ ਇਸ ਦੌਰ ‘ਚ ਕੁੜੀਆਂ ਨੂੰ ਅੱਗੇ ਵਧਦੇ ਹੋਏ ਦੇਖਣਾ ਚਾਹੁੰਦੀ ਹਾਂ ਅਤੇ ਸਮਾਜ ਲਈ ਇੱਕ ਮਿਸਾਲ ਬਣਨਾ ਚਾਹੁੰਦੀ ਹਾਂ।











