Tokyo Olympics ਦੀ ਓਪਨਿੰਗ ਸੈਰੇਮਨੀ ਦੌਰਾਨ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਦਿਖੇ PM ਮੋਦੀ

ਨੈਸ਼ਨਲ ਡੈਸਕ : ਟੋਕੀਓ ਓਲੰਪਿਕ 2020 ਦੀ ਸ਼ੁਰੂਆਤ ਹੋ ਚੁੱਕੀ ਹੈ। ਓਲੰਪਿਕ ਦੀ ਓਪਨਿੰਗ ਸੈਰੇਮਨੀ ’ਚ ਭਾਰਤੀ ਦਲ ਵੱਲੋਂ ਐੱਮ. ਮੈਰੀਕਾਮ ਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅਗਵਾਈ ਕੀਤੀ। ਟੋਕੀਓ ਪਹੁੰਚੇ ਭਾਰਤੀ ਦਲ ਦੀ ਗਰਾਊਂਡ ’ਤੇ ਐਂਟਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਨਜ਼ਰ ਆਏ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਵੱਲੋਂ ਜਾਰੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤੀ ਦਲ ਦੇ ਮੈਦਾਨ ’ਤੇ ਆਉਂਦੇ ਹੀ ਪ੍ਰਧਾਨ ਮੰਤਰੀ ਮੋਦੀ ਕੁਰਸੀ ਤੋਂ ਖੜ੍ਹੇ ਹੋ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਨਜ਼ਰ ਆ ਰਹੇ ਹਨ।
ਭਾਰਤ 25ਵੀਂ ਵਾਰ ਓਲੰਪਿਕ ਖੇਡਾਂ ’ਚ ਹਿੱਸਾ ਲੈ ਰਿਹਾ ਹੈ ਤੇ ਇਸ ਵਾਰ ਉਸ ਨੇ ਆਪਣਾ ਸਭ ਤੋਂ ਵੱਡਾ ਦਲ ਉਤਾਰਿਆ ਹੈ। ਓਲੰਪਿਕ ਮਾਰਚ ਪਾਸਟ ਦੀ ਸ਼ੁਰੂਆਤ ਹਮੇਸ਼ਾਂ ਵਾਂਗ ਯੂਨਾਨ ਤੋਂ ਹੋਈ, ਜਿਥੇ ਪਹਿਲੀਆਂ ਓਲੰਪਿਕ ਖੇਡਾਂ ਹੋਈਆਂ ਸਨ। ਭਾਰਤੀ ਦਲ ਜਾਪਾਨੀ ਵਰਣਮਾਲਾ ਦੇ ਅਨੁਸਾਰ 21ਵੇਂ ਨੰਬਰ ’ਤੇ ਆਇਆ।
ਭਾਰਤ ਦੇ 127 ਖਿਡਾਰੀਆਂ ਸਣੇ 228 ਮੈਂਬਰੀ ਦਲ ਓਲੰਪਿਕ ’ਚ ਹਿੱਸਾ ਲੈ ਰਿਹਾ ਹੈ ਪਰ ਇਨ੍ਹਾਂ ’ਚੋਂ ਸਿਰਫ 20 ਖਿਡਾਰੀਆਂ ਨੇ ਉਦਘਾਟਨ ਸਮਾਰੋਹ ’ਚ ਹਿੱਸਾ ਲਿਆ। ਜਦੋਂ ਉਦਘਾਟਨ ਸਮਾਰੋਹ ਚੱਲ ਰਿਹਾ ਸੀ, ਉਸ ਸਮੇਂ ਵੀ ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀ ਓਲੰਪਿਕ ਆਯੋਜਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਪੁਲਸ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕਰਨ ਪਈ।