ਕਾਂਗਰਸ ਨੇ ਅੰਬਿਕਾ ਸੋਨੀ ਨੂੰ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਐਲਾਨਿਆ

2ਨਵੀਂ ਦਿੱਲੀ   : ਕਾਂਗਰਸ ਨੇ ਪੰਜਾਬ ਤੋਂ ਰਾਜ ਸਭਾ ਲਈ ਅੰਬਿਕਾ ਸੋਨੀ ਨੂੰ ਉਮੀਦਵਾਰ ਐਲਾਨਿਆ ਹੈ। ਕਾਂਗਰਸ ਵਲੋਂ ਅੱਜ ਜਾਰੀ ਕੀਤੀ ਗਈ ਇਸ ਸੂਚੀ ਵਿਚ ਕਪਿਲ ਸਿੱਬਲ ਨੂੰ ਉਤਰ ਪ੍ਰਦੇਸ਼ ਤੋਂ, ਪੀ. ਚਿਦੰਬਰਮ ਨੂੰ ਮਹਾਰਾਸ਼ਟਰ ਅਤੇ ਜੈ ਰਾਮ ਰਮੇਸ਼ ਨੂੰ ਕਰਨਾਟਕ ਤੋਂ ਉਮੀਦਵਾਰ ਐਲਾਨਿਆ ਹੈ। ਰਾਜ ਸਭਾ ਵਾਸਤੇ ਉਮੀਦਵਾਰਾਂ ਨੂੰ ਚੁਣਨ ਲਈ ਵੋਟਾਂ 11 ਜੂਨ ਨੂੰ ਹੋ ਰਹੀਆਂ ਹਨ ਅਤੇ 31 ਮਈ ਤੱਕ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰਾਜ ਸਭਾ ਚੋਣਾਂ ਵਿਚ ਅੰਬਿਕਾ ਸੋਨੀ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ ਅਤੇ ਕਾਂਗਰਸ ਲੀਡਰਸ਼ਿਪ ਨੇ ਅੱਜ ਉਹਨਾਂ ਦੇ ਨਾਮ ‘ਤੇ ਮੋਹਰ ਲਾ ਦਿੱਤੀ।
ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਕੰਪੇਨ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਨੇ ਸਾਲ 2014 ਵਿਚ ਲੋਕ ਸਭਾ ਚੋਣ ਸ੍ਰੀ ਆਨੰਦਪੁਰ ਸਾਹਿਬ ਤੋਂ ਲੜੀ ਸੀ, ਜਿਸ ਵਿਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।