ਪਟਿਆਲਾ : ਅੱਗ ਵਰ੍ਹਾਉਂਦੀ ਗਰਮੀ ਦਰਮਿਆਨ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਵਾਲੇ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਦਰਅਸਲ ਸੂਬੇ ‘ਚ ਹਲਕੀ ਬਾਰਸ਼ ਮਗਰੋਂ ਬਿਜਲੀ ਦੀ ਮੰਗ ‘ਚ ਕਮੀ ਦਰਜ ਕੀਤੀ ਗਈ ਹੈ।
ਸ਼ਨੀਵਾਰ ਨੂੰ ਪੰਜਾਬ ‘ਚ ਬਿਜਲੀ ਦੀ ਮੰਗ ‘ਚ 1458 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ। ਰੋਪੜ ਥਰਮਲ ਪਲਾਂਟ ਦੀ 210 ਮੈਗਾਵਾਟ ਦੀ ਯੂਨਿਟ ਚਾਲੂ ਹੋਣ ਨਾਲ ਵੀ ਪਾਵਰਕਾਮ ਨੂੰ ਬਿਜਲੀ ਮੁਹੱਈਆ ਕਰਾਉਣ ‘ਚ ਮਦਦ ਮਿਲੀ ਹੈ।
ਪੰਜਾਬ ‘ਚ 29 ਜੂਨ ਤੋਂ ਬਿਜਲੀ ਦੀ ਮੰਗ ‘ਚ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਿਆਨਕ ਗਰਮੀ ਅਤੇ ਝੋਨੇ ਦੀ ਬੀਜਾਈ ਕਾਰਨ ਪੰਜਾਬ ‘ਚ ਬਿਜਲੀ ਦੀ ਮੰਗ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 14500 ਮੈਗਾਵਾਟ ‘ਤੇ ਪਹੁੰਚ ਗਈ ਸੀ, ਜਦੋਂ ਕਿ ਪਾਵਰਕਾਮ ਕੋਲ ਸਿਰਫ 13700 ਮੈਗਾਵਾਟ ਬਿਜਲੀ ਦੀ ਉਪਲੱਬਧਤਾ ਸੀ।
ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋਣ ਨਾਲ ਘਰੇਲੂ ਖ਼ਪਤਕਾਰਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ ਸ਼ਨੀਵਾਰ ਨੂੰ ਕੁੱਝ ਰਾਹਤ ਮਿਲੀ।















