ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ : ਕੋਲਕਾਤਾ ਵਿੱਚ ਹੋਏ ਐਨਕਾਊਂਟਰ ’ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਦੀ ਮੰਗ ਮੰਨ ਲਈ ਹੈ। ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ ਪੀ.ਜੀ.ਆਈ. ਦੀ ਮੋਰਚਰੀ ਵਿੱਚ ਪਹੁੰਚੇਗਾ, ਜਿੱਥੇ ਡਾਕਟਰੀ ਬੋਰਡ ਦੀ ਦੇਖ-ਰੇਖ ਵਿੱਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਪਟੀਸ਼ਨ ਵਿੱਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੀ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।
ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ, ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ, ਜਿਸ ਦੀ ਜਾਂਚ ਲਈ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਫ਼ੈਸਲਾ ਲੈਣਗੇ।