ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1395

ਜੇ ਮੁਰਦੇ ਬੋਲ ਸਕਦੇ ਤਾਂ ਉਹ ਕੀ ਕਹਿੰਦੇ? ਕੁਝ ਲੋਕ ਆਪਣੇ ਪੂਰਵਜਾਂ ਦੀਆਂ ਆਵਾਜ਼ਾਂ ਸੁਣਨ ਤੋਂ ਡਰਦੇ ਹਨ। ਗੁੱਸੈਲ ਜਾਂ ਭੂਤ ਬਣ ਕੇ ਬਾਰ-ਬਾਰ ਤੰਗ ਕਰਨ ਵਾਲੀਆਂ ਵਿਛੜੀਆਂ ਰੂਹਾਂ ਨੂੰ ਦੇਖਣਾ ਉਨ੍ਹਾਂ ਦੇ ਮਨ ‘ਚ ਘਬਰਾਹਟ ਪੈਦਾ ਕਰਦੈ। ਪਰ ਤੁਰ ਜਾਣ ਵਾਲਿਆਂ ਦਾ, ਭਾਵੇਂ ਉਹ ਚੰਗੇ ਸਨ, ਮਾੜੇ, ਨੇਕਦਿਲ ਜਾਂ ਖ਼ੁਦਗ਼ਰਜ਼, ਸਾਡੇ ਜੀਣਜੋਗਿਆਂ ਲਈ ਕੇਵਲ ਇੱਕੋ ਸੁਨੇਹਾ ਹੈ। ਇਸ ਜੀਵਨ ਦਾ ਜਿੰਨਾ ਆਨੰਦ ਮਾਣ ਸਕਦੇ ਹੋ ਮਾਣ ਲਓ ਕਿਉਂਕਿ ਇਹ ਹਮੇਸ਼ਾ ਨਹੀਂ ਰਹਿੰਦਾ! ਇਸ ਵਕਤ ਹਰ ਸਥਿਤੀ ਅਤੇ ਪਰਿਸਥਿਤੀ ਤੁਹਾਨੂੰ ਓਹੀ ਫ਼ਲਸਫ਼ਾ ਸਮਝਾ ਰਹੀ ਹੈ, ਤੁਸੀਂ ਬੇਸ਼ੱਕ ਉਸ ਨੂੰ ਪਸੰਦ ਕਰੋ ਜਾਂ ਉਸ ਤੋਂ ਡਰੋ। ਆਸਮਾਨ ਵੀ ਇਹੀ ਗੱਲ ਕਹਿ ਰਿਹੈ। ਇਹ ਤੁਹਾਡੇ ਪਲ ਹਨ। ਮੌਕੇ ਦਾ ਫ਼ਾਇਦਾ ਉਠਾਓ ਅਤੇ ਉਨ੍ਹਾਂ ਨੂੰ ਲਾਮਿਸਾਲ ਬਣਾਓ।
ਕਈ ਵਾਰ, ਮਸਲਿਆਂ ਨੂੰ ਦੇਖ ਕੇ ਇੰਝ ਜਾਪਦੈ ਜਿਵੇਂ ਉਨ੍ਹਾਂ ਨੇ ਹਮੇਸ਼ਾ ਸਾਡੇ ਨਾਲ ਇਸੇ ਤਰ੍ਹਾਂ ਹੀ ਚਿੰਮੜੇ ਰਹਿਣੈ ਅਤੇ ਕਦੇ ਸਾਡਾ ਪਿੱਛਾ ਨਹੀਂ ਛੱਡਣਾ। ਅਸੀਂ ਦੇਖਦੇ ਹਾਂ ਕੀ ਗ਼ਲਤ ਹੋ ਰਿਹੈ, ਕਿਸ ਚੀਜ਼ ਨੂੰ ਅਸੀਂ ਬਦਲਨਾ ਚਾਹਾਂਗੇ, ਅਸੀਂ ਅਸਲ ‘ਚ ਕੀ ਚਾਹੁੰਦੇ ਹਾਂ, ਸਾਨੂੰ ਕਿਸ ਸ਼ੈਅ ਨੂੰ ਕਬੂਲ ਕਰਨਾ ਪੈਣੈ – ਅਤੇ ਫ਼ਿਰ ਅਸੀਂ ਉਦਾਸ ਹੋ ਜਾਂਦੇ ਹਾਂ। ਪਰ ਸਾਰੀਆਂ ਸਥਿਤੀਆਂ ਬਦਲਦੀਆਂ ਹਨ, ਅਤੇ ਸੁਧਾਰ ਕਦੇ ਵੀ ਸਾਥੋਂ ਓਨੇ ਦੂਰ ਨਹੀਂ ਹੁੰਦੇ ਜਿੰਨਾ ਅਸੀਂ ਡਰਦੇ ਹਾਂ। ਜਿੱਥੇ ਤੁਸੀਂ ਇਸ ਵਕਤ ਖੜ੍ਹੇ ਹੋ ਓਥੋਂ ਇੱਕ ਸੜਕ ਸੁਖਦ ਭਵਿੱਖ ਤਕ ਲਿਜਾਂਦੀ ਹੈ। ਇਹ ਹੈ ਵਿਸ਼ਵਾਸ, ਹੌਸਲੇ ਅਤੇ ਖ਼ਿਮਾ ਦਾ ਰਸਤਾ। ਇਸ ਉੱਪਰ ਬਹਾਦਰੀ ਨਾਲ ਚੱਲੋ, ਅਤੇ ਕੋਈ ਸੁਖਦ ਮੰਜ਼ਿਲ ਤੁਹਾਡੀ ਉਸ ਕੋਸ਼ਿਸ਼ ਨੂੰ ਦੇਖ ਲਵੇਗੀ ਜਿਹੜੀ ਤੁਸੀਂ ਕਰ ਰਹੇ ਹੋ ਅਤੇ ਤੁਹਾਨੂੰ ਮਿਲਣ ਲਈ ਖ਼ੁਦ ਹੀ ਤੁਹਾਡੇ ਵੱਲ ਆਉਣਾ ਸ਼ੁਰੂ ਕਰ ਦੇਵੇਗੀ।
ਕੀ ਤੁਸੀਂ ਬਹੁਤ ਜ਼ਿਆਦਾ ਮੰਗ ਰਹੇ ਹੋ? ਕੀ ਤੁਸੀਂ ਆਪਣੀਆਂ ਨਜ਼ਰਾਂ ਬਹੁਤ ਉੱਪਰ ਸੈੱਟ ਕੀਤੀਆਂ ਹੋਈਆਂ ਨੇ? ਕੀ ਹਾਲੀਆ ਨਿਰਾਸ਼ਾਜਨਕ ਤਜਰਬੇ ਤੁਹਾਡੀ ਕਿਸੇ ਗ਼ੈਰਵਿਹਾਰਕ ਉਮੀਦ ਦਾ ਸਾਈਡ-ਇਫ਼ੈੱਕਟ ਹੋ ਸਕਦੇ ਹਨ? ਮੈਂ ਇਹ ਸਿਰਫ਼ ਇਸ ਲਈ ਪੁੱਛਦਾਂ ਕਿਉਂਕਿ ਮੈਨੂੰ ਪਤੈ ਕਿ ਤੁਸੀਂ ਵੀ ਇਹ ਪੁੱਛਣ ਲਈ ਤਤਪਰ ਹੋ। ਦੂਜੇ ਦਰਜੇ ਦੀ ਚੀਜ਼ ਲਈ ਸਮਝੌਤਾ ਕਰਨ ਦਾ ਕੋਈ ਕਾਰਨ ਨਹੀਂ। ਤੁਸੀਂ ਕੁਝ ਮੁਸ਼ਕਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕੁਦਰਤੀ ਗੱਲ ਹੈ, ਇਹ ਕੋਈ ਸੌਖਾ ਕੰਮ ਤਾਂ ਹੈ ਨਹੀਂ। ਪਰ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਤੁਹਾਡਾ ਪੇਚਾ ਕਿਸੇ ਬਿਲਕੁਲ ਹੀ ਨਾਮੁਮਕਿਨ ਕਾਰਜ ਨਾਲ ਪੈ ਗਿਐ। ਤੁਹਾਡੇ ਨਾਲ ਇੱਕ ਸੰਭਾਵੀ ਦੋਸਤ ਵੀ ਹੈ। ਤੁਸੀਂ ਇਹ ਦੇਖ ਕੇ ਹੈਰਾਨ ਤਾਂ ਹੋ ਸਕਦੇ ਹੋ ਕਿ ਤੁਹਾਡੇ ਲਈ ਮਦਦ ਦੀ ਪੇਸ਼ਕਸ਼ ਕਿੱਥੋਂ ਆ ਰਹੀ ਹੈ, ਪਰ ਇਸ ਕਾਰਨ ਉਸ ਨੂੰ ਕਬੂਲਣ ਤੋਂ ਇਨਕਾਰ ਨਾ ਕਰਿਓ।
ਕਈ ਵਾਰ ਇਸ ਤਰ੍ਹਾਂ ਜਾਪਦੈ ਜਿਵੇਂ ਕੁਝ ਲੋਕ ਜਾਣਬੁਝ ਕੇ ਪੂਰੀ ਸਰਗਰਮੀ ਨਾਲ ਦੁਖ ਲੱਭਦੇ ਫ਼ਿਰਦੇ ਨੇ। ਉਹ ਉਨ੍ਹਾਂ ਹੱਲਾਂ ਨੂੰ ਨਕਾਰ ਦਿੰਦੇ ਨੇ ਜਿਹੜੇ ਉਨ੍ਹਾਂ ਦੀ ਮਦਦ ਕਰ ਸਕਦੇ ਹੋਣ। ਉਹ ਉਨ੍ਹਾਂ ਤੱਥਾਂ ਨੂੰ ਵੀ ਅਣਗੌਲਿਆਂ ਕਰ ਦਿੰਦੇ ਨੇ ਜਿਹੜੇ ਨਿਰਸੰਦੇਹ ਉਨ੍ਹਾਂ ਦੇ ਜੀਵਨ ਨੂੰ ਸੌਖਾਲਾ ਬਣਾ ਸਕਦੇ ਹੋਣ। ਕੇਵਲ ਜੇ, ਉਹ ਇਨ੍ਹਾਂ ਨੂੰ ਵਧੇਰੇ ਮਾਨਤਾ ਦੇ ਸਕਦੇ, ਹਾਲਾਤ ਵੱਖਰੇ ਹੋਣੇ ਸਨ। ਸਾਡੇ ਸਭਨਾਂ ਦੇ ਅੰਦਰ, ਨਿਰਾਸ਼ਾ ਦਾ ਇੱਕ ਡੂੰਘਾ ਟੋਆ ਹੈ। ਅਤੇ ਸਾਡੇ ਸਾਰਿਆਂ ਦੇ ਅੰਦਰ ਹੀ ਹੁੰਦੀ ਹੈ, ਆਸ਼ਾ ਦੀ ਇੱਕ ਲਾਟ ਵੀ। ਜਦੋਂ ਸਾਨੂੰ ਅਜਿਹਾ ਲੱਗਦਾ ਹੋਵੇ ਕਿ ਅਸੀਂ ਕਿਸੇ ਸਥਿਤੀ ਦਾ ਕੇਵਲ ਇੱਕ ਪਹਿਲੂ ਹੀ ਦੇਖ ਸਕਦੇ ਹਾਂ, ਉਸ ਦਾ ਦੂਸਰਾ ਪੱਖ ਵੀ ਉਜਾਗਰ ਹੋ ਸਕਦੈ! ਤੁਹਾਡੀ ਜ਼ਿੰਦਗੀ ‘ਚ ਡੂੰਘੇ ਆਨੰਦ ਦੀ ਇੱਕ ਸੱਚੀ ਸੰਭਾਵਨਾ ਮੌਜੂਦ ਹੈ। ਪਰ ਇਹ ਬਾਹਰਲੇ ਵਿਅਕਤੀ ਜਾਂ ਬਾਹਰਲੀਆਂ ਵਸਤੂਆਂ ਨਹੀਂ ਜਿਹੜੇ ਉਸ ਰਾਹਤ ਨੂੰ ਤੁਹਾਡੇ ਤਕ ਲਿਆਉਣਗੇ। ਇਹ ਤੁਹਾਡੇ ਅੰਦਰ ਹੀ ਕੁਝ ਹੈ!
ਜ਼ਰਾ ਸੋਚੋ ਕਿ ਤੁਹਾਡੀ ਉਮਰ ਕਿੰਨੀ ਹੈ, ਤੁਸੀਂ ਕਿੰਨੇ ਸਮੇਂ ਤੋਂ ਜੀਅ ਰਹੇ ਹੋ, ਤੁਸੀਂ ਕਿੰਨਾ ਕੁਝ ਬਰਦਾਸ਼ਤ ਕੀਤੈ। ਚਲੋ। ਬਹੁਤ ਹੋਇਆ। ਅਸੀਂ ਇਸ ਮੁੱਦੇ ‘ਤੇ ਹੋਰ ਜ਼ਿਆਦਾ ਵਿਚਾਰ ਨਹੀਂ ਕਰਨਾ ਚਾਹੁੰਦੇ, ਨਹੀਂ ਤਾਂ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਦੌੜ ਕੇ ਸ਼ੀਸ਼ੇ ਦੇ ਸਾਹਮਣੇ ਜਾਓ ਅਤੇ ਦੇਖੋ ਕਿ ਕਿਤੇ ਇਹ ਸਭ ਤੁਹਾਡੇ ਚਿਹਰੇ ਤੋਂ ਤਾਂ ਨਹੀਂ ਝਲਕ ਰਿਹਾ। ਮੇਰਾ ਯਕੀਨ ਮੰਨੋ, ਬਿਲਕੁਲ ਨਹੀਂ। ਤੁਹਾਡੇ ਵਰਗੇ ਲੋਕ ਤਾਂ ਪੁਰਾਣੀਆਂ ਸ਼ਰਾਬਾਂ ਵਰਗੇ ਹੋਣ ਲਈ ਮਸ਼ਹੂਰ ਹਨ। ਉਮਰ ਦੇ ਵਧਣ ਨਾਲ ਉਨ੍ਹਾਂ ਦਾ ਆਕਰਸ਼ਣ ਵੀ ਵਧਦਾ ਜਾਂਦੈ। ਤੁਹਾਡੀਆਂ ਅੱਖਾਂ ‘ਚ ਹਾਲੇ ਵੀ ਚਮਕ ਹੈ। ਤੁਹਾਡਾ ਦਿਲ ਹਾਲੇ ਵੀ ਜਵਾਨੀ ਵਾਲੀ ਬੇਪਰਵਾਹੀ ਨਾਲ ਧੜਕਦੈ। ਸੱਚੀ, ਇਹੀ ਕਾਰਨ ਹੈ ਕਿ ਤੁਸੀਂ ਇਸ ਵਕਤ ਖ਼ੁਦ ਨੂੰ ਮੁਸੀਬਤ ‘ਚ ਫ਼ਸਿਆ ਹੋਇਆ ਪਾ ਰਹੇ ਹੋ। ਇਹ ਸਮਾਂ ਹੈ ਆਪਣੇ ਉਸ ਅਧਿਕਾਰ ਨੂੰ ਜਤਾਣ ਦਾ ਜਿਹੜਾ ਤੁਸੀਂ ਕਮਾਇਐ।