ਫਿਜੀ ਦੇ ਪ੍ਰਧਾਨ ਮੰਤਰੀ ਵੱਲੋਂ ਨਰੇਂਦਰ ਮੋਦੀ ਨਾਲ ਮੁਲਾਕਾਤ

2ਨਵੀਂ ਦਿੱਲੀ  : ਫਿਜੀ ਦੇ ਪ੍ਰਧਾਨ ਮੰਤਰੀ ਰੀਅਰ ਐਡਮਿਰਲ (ਸੇਵਾ-ਮੁਕਤ) ਜੋਸਾਇਆ ਵੋਰਿਕ ਬੈਨੀਮਾਰਮਾ(Rear Admiral (Retd.) Josaia Voreqe Bainimarama) ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ 20 ਫ਼ਰਵਰੀ, 2016 ਨੂੰ ਫਿਜੀ ‘ਚ ਆਏ ਵਰਗ 5 ਦੇ ਚੱਕਰਵਾਤੀ ਤੂਫ਼ਾਨ ‘ਵਿਨਸਟਨ’ ਕਾਰਣ ਉਸ ਦੇਸ਼ ਵਿੱਚ ਹੋਏ ਜਾਨੀ ਨੁਕਸਾਨ ਲਈ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਜੀ ਨੂੰ ਪੀੜਤਾਂ ਦੇ ਮੁੜ-ਵਸੇਬੇ ਅਤੇ ਪੁਨਰ-ਨਿਰਮਾਣ ਦੇ ਜਤਨਾਂ ਵਿੱਚ ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਸ੍ਰੀ ਬੇਨਿਮਾਰਮਾ ਨੇ ਭਾਰਤ ਵੱਲੋਂ ਚੱਕਰਵਾਤੀ ਤੂਫ਼ਾਨ ਦੇ ਤੁਰੰਤ ਬਾਅਦ ਭੇਜੀ ਗਈ 10 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਅਤੇ 45 ਟਨ ਰਾਹਤ ਸਮੱਗਰੀ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਅਗਸਤ 2015 ਦੌਰਾਨ ਜੈਪੁਰ ਵਿਖੇ ਐੱਫ਼.ਆਈ.ਪੀ.ਆਈ.ਸੀ. ਸਿਖ਼ਰ ਸੰਮੇਲਨ ਦੌਰਾਨ ਖੇਤਰ ਲਈ ਪੁਲਾੜ ਤਕਨਾਲੋਜੀ ਐਪਲੀਕੇਸ਼ਨਜ਼ ਸੈਂਟਰ ਦੀ ਸਥਾਪਨਾ ਕਰ ਕੇ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਰੇ ਟਾਪੂ ਦੇਸ਼ਾਂ ਨਾਲ ਆਫ਼ਤ ਪ੍ਰਬੰਧ ਵਿੱਚ ਸਹਿਯੋਗ ਮਜ਼ਬੂਤ ਕਰਨ ਬਾਰੇ ਕੀਤੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਇਆ।
ਦੋਵੇਂ ਆਗੂਆਂ ਨੇ ਸੋਲਰ ਤੇ ਅਖੁੱਟ ਊਰਜਾ, ਖੇਤੀਬਾੜੀ, ਸਿੱਖਿਆ ਅਤੇ ਸਿਹਤ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।