ਮੇਥੀ ਦੇ ਲੱਡੂ

ਸਰਦੀਆਂ ‘ਚ ਸੁੱਕੇ ਫ਼ਲ ਅਤੇ ਮੇਥੀ ਦੇ ਲੱਡੂ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਨੂੰ ਦੁੱਧ ਨਾਲ ਖਾਣ ਨਾਲ ਊਰਜਾ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਘਰ ‘ਚ ਆਸਾਨ ਵਿਧੀ ਨਾਲ ਮੇਥੀ ਦੇ ਲੱਡੂ ਬਣਾਉਣ ਬਾਰੇ।
ਸਮੱਗਰੀ
100 ਗ੍ਰਾਮ ਮੇਥੀ ਦਾਣਾ (ਪੀਸੀਆ ਹੋਇਆ)
ਅੱਧਾ ਲੀਟਰ ਦੁੱਧ
300 ਗ੍ਰਾਮ ਕਣਕ ਦਾ ਆਟਾ
250 ਗ੍ਰਾਮ ਘਿਓ
100 ਗ੍ਰਾਮ ਗੋਂਦ
30-15 ਬਦਾਮ
8-10 ਕਾਲੀ ਮਿਰਚ
ਦੋ ਚੱਮਚ ਸੁੰਢ ਪਾਊਡਰ
10-12 ਹਰੀ ਇਲਾਇਚੀ ਪਾਊਡਰ
ਦੋ ਜੈਫ਼ਲ
300 ਗ੍ਰਾਮ ਚੀਨੀ
ਦਾਲਚੀਨੀ ਟੇਸਟ ਅਨੁਸਾਰ
ਵਿਧੀ
ਸਭ ਤੋਂ ਪਹਿਲੇ ਪੀਸੇ ਹੋਈ ਮੇਥੀ ਨੂੰ ਦੁੱਧ ‘ਚ ਉਬਾਲ ਲਓ। ਜਦੋਂ ਇਹ ਉਬਲ ਜਾਵੇਂ ਤਾਂ ਉਸ ਨੂੰ 8-10 ਘੰਟੇ ਲਈ ਰੱਖ ਦਵੋ। ਹੁਣ ਬਾਦਾਮ, ਕਾਲੀ, ਮਿਰਚ, ਦਾਲ ਚੀਨੀ, ਇਲਾਇਚੀ ‘ਤੇ ਜੈਫ਼ਲ ਨੂੰ ਕੁੱਟ ਕੇ ਪਾਊਡਰ ਬਣਾ ਲਓ। ਕੜਾਹੀ ‘ਚ ਘਿਓ ਪਾ ਕੇ ਪਹਿਲੇ ਤੋਂ ਹੀ ਦੁੱਧ ‘ਚ ਭਿੱਜੀ ਹੋਈ ਮੇਥੀ ਨੂੰ ਕੱਢ ਕੇ ਘੱਟ ਗੈਸ ‘ਤੇ ਭੁੰਨੋ। ਜਦੋਂ ਇਹ ਹਲਕੀ ਭੂਰੇ ਰੰਗ ਦੀ ਹੋ ਜਾਵੇ ਤਾਂ ਇਸ ਨੂੰ ਪਲੇਟ ‘ਚ ਕੱਢ ਲਵੋ। ਕੜਾਹੀ ‘ਚ ਦੁਬਾਰਾ ਘਿਓ ਪਾ ਕੇ ਅਤੇ ਇਸ ‘ਚ ਗੋਂਦ ਪਾ ਕੇ ਤਲ ਲਵੋ। ਉਸ ਤੋਂ ਬਾਅਦ ਆਟੇ ਨੂੰ ਹਲਕਾ ਭੂਰਾ ਭੁੰਨ ਲਵੋ। ਉਸ ਤੋਂ ਬਾਅਦ ਚੀਨੀ ‘ਚ ਪਾਣੀ ਪਾ ਕੇ ਚਾਸ਼ਨੀ ਬਣਾ ਲਓ। ਚਾਸ਼ਨੀ ‘ਚ ਸੁੰਢ, ਬਾਦਾਮ, ਦਾਲਚੀਨੀ, ਕਾਲੀ ਮਿਰਚ, ਜੈਫ਼ਲ ਅਤੇ ਇਲਾਇਚੀ ਦਾ ਪਾਊਡਰ ਪਾਓ। ਉਸ ਤੋਂ ਬਾਅਦ ਉਸ ‘ਚ ਭੁੰਨਿਆ ਹੋਇਆ ਆਟਾ, ਗੋਂਦ ਅਤੇ ਮੇਥੀ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਲੱਡੂ ਦੀ ਸਮੱਗਰੀ ਬਣ ਕੇ ਤਿਆਰ ਹੈ। ਥੋੜ੍ਹਾ ਠੰਡਾ ਹੋਣ ‘ਤੇ ਉਸ ਦੇ ਲੱਡੂ ਬਣਾ ਲਵੋ। ਠੰਡਾ ਹੋਣ ਤੋਂ ਬਾਅਦ ਕਿਸੇ ਡੱਬੇ ‘ਚ ਬੰਦ ਕਰ ਕੇ ਰੱਖ ਲਵੋ।