ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵਿਚ ਵੀ ਲੋਕ ਲਾਈਨਾਂ ਵਿਚ ਲੱਗਣਗੇ ਅਤੇ ਧਨ, ਸਿਹਤ ਅਤੇ ਜਾਨ ਦਾ ਨੁਕਸਾਨ ਸਹਿਣਗੇ।
ਰਾਹੁਲ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਦੀ ਟੀਕਾ ਸਬੰਧੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ- ਆਮ ਜਨਤਾ ਲਾਈਨਾਂ ’ਚ ਲੱਗੇਗੀ। ਧਨ, ਸਿਹਤ ਅਤੇ ਜਾਨ ਦਾ ਨੁਕਸਾਨ ਸਹਿਣਗੇ। ਅਖ਼ੀਰ ਵਿਚ ਕੁਝ ਉਦਯੋਗਪਤੀਆਂ ਦਾ ਫਾਇਦਾ ਹੋਵੇਗਾ।
ਜ਼ਿਕਰਯੋਗ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਵਿਡ-19 ਦੀ ਰੋਕਥਾਮ ਲਈ ਟੀਕਾ ਲਗਵਾ ਸਕਣਗੇ। ਸਰਕਾਰ ਨੇ ਟੀਕਾਕਰਨ ਮੁਹਿੰਮ ’ਚ ਢਿੱਲ ਦਿੰਦੇ ਹੋਏ ਸੂਬਿਆਂ, ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਿੱਧੇ ਟੀਕਾ ਨਿਰਮਾਤਾਵਾਂ ਤੋਂ ਕੋਰੋਨਾ ਖ਼ੁਰਾਕ ਖਰੀਦਣ ਦੀ ਆਗਿਆ ਵੀ ਦੇ ਦਿੱਤੀ ਹੈ।















