ਜਲੰਧਰ, ਕਪਲੀਨ ਖੁੱਲ੍ਹਣ ਕਾਰਨ ਅਮਰਨਾਥ ਸੁਪਰਫਾਸਟ (ਭਾਗਲਪੁਰ-ਜੰਮੂਤਵੀ) ਦਾ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ, ਜਿਸ ਕਾਰਨ ਅਮਰਨਾਥ ਸੁਪਰਫਾਸਟ ਕਰੀਬ 40 ਮਿੰਟ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਖੜ੍ਹੀ ਰਹੀ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ 10.30 ਦੇ ਕਰੀਬ ਉਕਤ ਟ੍ਰੇਨ ਕੈਂਟ ਸਟੇਸ਼ਨ ਤੋਂ ਨਿਕਲ ਕੇ ਅਜੇ ਰਾਮਾ ਮੰਡੀ ਫਲਾਈਓਵਰ ਤੋਂ ਥੋੜ੍ਹਾ ਅੱਗੇ ਏਕਤਾ ਨਗਰ ਨੇੜੇ ਪਹੁੰਚੀ ਸੀ ਕਿ ਕਪਲੀਨ ਖੁੱਲ੍ਹਣ ਨਾਲ ਇੰਜਣ ਟ੍ਰੇਨ ਦੇ ਡੱਬਿਆਂ ਤੋਂ ਵੱਖ ਹੋ ਗਿਆ। ਇਸ ਦੌਰਾਨ ਟ੍ਰੇਨ ਵਿਚ ਸਵਾਰ ਯਾਤਰੀਆਂ ਨੂੰ ਭਾਰੀ ਗਰਮੀ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਉਹ ਟ੍ਰੇਨ ਨਾ ਚੱਲਣ ਕਾਰਨ ਬਾਹਰ ਟ੍ਰੈਕ ‘ਤੇ ਹੀ ਖੜ੍ਹੇ ਰਹੇ। ਕਪਲੀਨ ਵਿਚ ਆਈ ਖਰਾਬੀ ਨੂੰ ਰੇਲਵੇ ਦੇ ਮੌਕੇ ‘ਤੇ ਪਹੁੰਚੇ ਮਕੈਨਿਕਾਂ ਨੇ ਸਹੀ ਕਰਨ ਤੋਂ ਬਾਅਦ ਇੰਜਣ ਨੂੰ ਡੱਬਿਆਂ ਨਾਲ ਜੋੜਿਆ। ਜਿਸ ਤੋਂ ਬਾਅਦ 11.10 ‘ਤੇ ਟ੍ਰੇਨ ਉਥੋਂ ਰਵਾਨਾ ਹੋਈ। ਟ੍ਰੇਨ ਦਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ‘ਤੇ 2 ਮਿੰਟ ਦਾ ਸਟਾਪੇਜ ਰਿਹਾ।















