ਸ਼ਰਨਜੀਤ ਢਿੱਲੋਂ ਵਲੋਂ ਪੰਜਾਬੀ ਉਮੀਦਵਾਰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ‘ਚ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ

5ਚੰਡੀਗੜ੍ਹ  : ਸਿੰਚਾਈ ਮੰਤਰੀ, ਪੰਜਾਬ ਸ. ਸ਼ਰਨਜੀਤ ਸਿੰਘ ਢਿੱਲੋਂ ਨੇ 30 ਪੰਜਾਬੀ ਉਮੀਦਵਾਰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐਸ. ਤੇ ਹੋਰ) ‘ਚ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇੱਕ ਪ੍ਰੈਸ ਬਿਆਨ ਰਾਹੀਂ ਸ. ਢਿੱਲੋਂ ਨੇ ਦੱਸਿਆ ਕਿ ਯੂ.ਪੀ.ਐਸ.ਸੀ. ਦੇ ਤਾਜ਼ਾ ਨਤੀਜਿਆਂ ‘ਚ ਸੂਬੇ ਦੇ 30 ਪੰਜਾਬੀ ਉਮੀਦਵਾਰਾਂ ਵਲੋਂ ਉਚ ਪ੍ਰਸ਼ਾਸਨਿਕ ਸੇਵਾਵਾਂ ‘ਚ ਸਫ਼ਲ ਹੋਣਾ ਪੰਜਾਬੀਆਂ ਲਈ ਮਾਣਮੱਤੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੂਬੇ ‘ਚ ਸਿੱਖਿਆ ਪ੍ਰਾਪਤੀ ਲਈ ਇੱਕ ਚੰਗਾ ਬੁਨਿਆਦੀ ਢਾਂਚਾ ਤੇ ਸਾਜਗਾਰ ਮਾਹੌਲ ਹੈ।
ਸਿੰਚਾਈ ਮੰਤਰੀ ਨੇ ਕਿਹਾ ਕਿ ਆਰਮੀ, ਇੰਜੀਨੀਅਰਰਿੰਗ, ਵਿਗਿਆਨ ਅਤੇ ਅਨੇਕਾਂ ਹੋਰਨਾਂ ਖੇਤਰਾਂ ‘ਚ ਪੰਜਾਬੀ ਨੌਜਵਾਨ ਹਮੇਸ਼ਾ ਮੋਹਰੀ ਰਹੇ ਹਨ ਅਤੇ ਇਨ੍ਹਾਂ ਤਾਜ਼ਾ ਨਤੀਜਿਆਂ ਨੇ ਇਸ ਧਾਰਨਾ ਨੂੰ ਹੋਰ ਵੀ ਪਕੇਰਾ ਕੀਤਾ ਹੈ। ਸ. ਢਿੱਲੋਂ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਸੇਵਨ ਕਰਨ ਦਾ ਇਲਜ਼ਾਮ ਲਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਇਹ ਤੱਥ ਸਚਾਈ ਤੋਂ ਕੋਹਾਂ ਦੂਰ ਹਨ।
ਸ. ਢਿੱਲੋਂ ਨੇ ਅਗਾਂਹ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੁਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਨੌਜਵਾਨ ਭਲਾਈ ਸਬੰਧੀ ਅਨੇਕਾਂ ਪਹਿਲਕਦਮੀਆਂ ਕੀਤੀਆਂ ਹਨ, ਜਿਸ ਨਾਲ ਸੂਬੇ ਦਾ ਵਾਤਾਵਰਨ ਸਿੱਖਿਆ ਅਨੁਕੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੋਰਨਾਂ ਪਹਿਲਕਦਮੀਆਂ ਦੇ ਨਾਲ-ਨਾਲ ਸਿੱਖਿਆ, ਖੇਡਾਂ, ਰੁਜ਼ਗਾਰ ਦੇਣ ਦੇ ਖੇਤਰਾਂ ‘ਚ ਬੇਮਿਸਾਲ ਕਾਰਗੁਜ਼ਾਰੀ ਵਿਖਾਈ ਹੈ, ਜਿਸ ਨਾਲ ਜਿੱਥੇ ਨੌਜਵਾਨਾਂ ਨੂੰ ਆਪਣੇ ਮਿੱਥੇ ਟੀਚੇ ਪ੍ਰਾਪਤ ਕਰਨ’ਚ ਮਦਦ ਮਿਲੀ ਹੈ ਤੇ ਉਥੇ ਸਿੱਖਿਆ ਦਾ ਮਾਹੌਲ ਵੀ ਸਾਜਗਾਰ ਬਣਿਆ ਹੋਇਆ ਹੈ।