ਸਿੱਖ ਕਦੋਂ ਤਕ ਗ਼ੈਰ ਸਿਧਾਂਤਕ ਸਮਝੌਤਿਆਂ ਦਾ ਖ਼ਮਿਆਜ਼ਾ ਭੁਗਤਦੇ ਰਹਿਣਗੇ

main-news-300x150ਇਸ ਦੇ ਵਿੱਚ ਕੋਈ ਅਤਿਕਥਨੀ ਨਹੀਂ ਕਿ ਜਦੋਂ ਤਕ ਸਿੱਖ ਆਪਣੇ ਗੁਰੂ ‘ਤੇ ਪੂਰਨ ਭਰੋਸਾ ਰੱਖ ਕੇ ਵਿਚਰਦਾ ਰਿਹਾ ਓਨੀ ਦੇਰ ਦੁਨੀਆਂ ਦੇ ਅਜੇਤੂ ਮੰਨੇ ਜਾਣ ਵਾਲੇ ਅਫ਼ਗ਼ਾਨੀ ਧਾੜਵੀਆਂ ਨੂੰ ਵੀ ਭਜਾ ਭਜਾ ਕੇ ਕੁੱਟਣ ਦਾ ਖ਼ਾਲਸੇ ਦਾ ਸੁਨਿਹਰੀ ਇਤਿਹਾਸ ਰਿਹਾ ਹੈ। ਹਿੰਦ ਹਕੂਮਤ ਨੂੰ ਗੋਡਿਆਂ ਭਾਰ ਕਰਕੇ ਹਿੰਦ ਨੂੰ ਲੁੱਟਣ ਵਾਲੀਆਂ ਅਬਦਾਲੀ ਦੀਆਂ ਫ਼ੌਜਾਂ ਜਦ ਵਾਪਸ ਜਾਂਦੀਆਂ ਹੋਈਆਂ ਹਿੰਦੂ ਬਹੂ ਬੇਟੀਆਂ ਨੂੰ ਜਬਰੀ ਚੁੱਕ ਕੇ ਗ਼ਜ਼ਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਵਿੱਚ ਵੇਚਣ ਲਈ ਲੈ ਕੇ ਜਾ ਰਹੀਆਂ ਹੁੰਦੀਆਂ ਤਾਂ ਰਸਤੇ ਵਿੱਚ ਉਹਨਾਂ ਤੋਂ ਲੁੱਟ ਦਾ ਮਾਲ ਵਾਪਸ ਲੈਣ ਅਤੇ ਹਿੰਦੁਸਤਾਨੀ ਬਹੂ ਬੇਟੀਆਂ ਨੂੰ ਛੁਡਵਾਉਣ ਲਈ ਗੁਰੂ ਦਾ ਖ਼ਾਲਸਾ ਹੀ ਆਪਣੀ ਜਾਨ ‘ਤੇ ਖੇਡ ਕੇ ਬਿਨਾ ਇਸ ਦੀ ਪ੍ਰਵਾਹ ਕੀਤਿਆਂ ਕਿ ਉਸ ਦੇ ਅੱਗੇ ਉਹ ਸ਼ਕਤੀਸ਼ਾਲੀ ਧਾੜਵੀ ਹਨ ਜਿਹੜੇ ਦਿੱਲੀ ਨੂੰ ਲੁੱਟ ਕੇ ਆ ਰਹੇ ਹਨ। ਉਹ ਸਿਰਫ਼ ਤੇ ਸਿਰਫ਼ ਆਪਣੇ ਗੁਰੂ ਦੇ ਭਰੋਸੇ ‘ਤੇ ਅਤੇ ਗੁਰੂ ਦੇ ਸਿਧਾਤਾਂ ਨੂੰ ਸਮੱਰਪਿਤ ਹੋ ਕੇ ਅਬਦਾਲੀ ਦੀਆਂ ਫ਼ੌਜਾਂ ਨੂੰ ਵਖਤ ਪਾਉਂਦੇ ਰਹੇ। ਗੁਰੂ ਦੇ ਸਿੱਖਾਂ ਦੇ ਹਮਲਿਆਂ ਦਾ ਸਤਾਇਆ ਅਬਦਾਲੀ ਗੁੱਸੇ ਵਿੱਚ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦੇਣ ਦੇ ਇਰਾਦੇ ਨਾਲ ਮਾਰੋ ਮਾਰ ਕਰਦਾ ਆਉਂਦਾ ਹੈ ਅਤੇ ਇੱਕੋ ਦਿਨ ਵਿੱਚ ਅੱਧੀ ਕੌਮ ਨੂੰ ਖ਼ਤਮ ਵੀ ਕਰ ਜਾਦਾ ਹੈ ਫ਼ਿਰ ਵੀ ਸਿੱਖਾਂ ਦੇ ਆਗੂ ਜ਼ਖ਼ਮੀ ਹਾਲਤ ਵਿੱਚ ਵੀ ਘਬਰਾਉਂਦੇ ਨਹੀਂ ਸਗੋਂ ਗੁਰੂ ਦਾ ਸ਼ੁਕਰ ਕਰਦੇ ਹੋਏ ਅਗਲੀ ਰਣਨੀਤੀ ਲਈ ਤਿਆਰ ਹੁੰਦੇ ਹਨ ਤੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਹੀ ਮੁੜ ਜਥੇਬੰਦ ਹੋ ਕੇ ਅਖੀਰ ਅਬਦਾਲੀ ਨੂੰ ਵੀ ਹਰਾਉਣ ਦਾ ਕਰਿਸ਼ਮਾ ਵਰਤਾ ਜਾਂਦੇ ਹਨ।
ਅਠਾਰਵੀਂ ਸਦੀ ਦੇ ਸਿੱਖਾਂ ਨੇ ਗੁਰੂ ‘ਤੇ ਆਪਣੇ ਭਰੋਸੇ ਸਦਕਾ ਹੀ ਆਪਣਾ ਅਜਿਹਾ ਵਿਸ਼ਾਲ ਖ਼ਾਲਸਾ ਰਾਜ ਕਾਇਮ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਜਿਹੜਾ ਦੁਨੀਆਂ ਵਿੱਚ ਇੱਕ ਮਿਸਾਲੀ ਰਾਜ ਹੋ ਨਿਬੜਿਆ। ਦਿੱਲੀ ਦੇ ਮੁਗ਼ਲ ਬਾਦਸਾਹ ਤੋਂ ਅਫ਼ਗ਼ਾਨੀਆਂ ਕੋਲ ਪਹੁੰਚਿਆ ਕੋਹਿਨੂਰ ਹੀਰਾ ਖ਼ਾਲਸਾ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗ਼ਾਨ ਫ਼ਤਿਹ ਕਰ ਕੇ ਹਾਸਿਲ ਕੀਤਾ ਜਿਹੜਾ ਅਖੀਰ ਤਕ ਮਹਾਰਾਜੇ ਦੀ ਸ਼ਾਨ ਦਾ ਪ੍ਰਤੀਕ ਰਿਹਾ। ਵਿਸ਼ਾਲ ਖ਼ਾਲਸਾ ਰਾਜ ਦੇ ਪਤਨ ਦਾ ਮੁੱਖ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਆਪਣਿਆਂ ਨੂੰ ਦੂਰ ਕਰ ਕੇ ਗ਼ੈਰਾਂ ‘ਤੇ ਵੱਧ ਭਰੋਸਾ ਕਰਨ ਦੀ ਭੁੱਲ ਹੀ ਸੀ ਜਿਸ ਨੂੰ ਝੁਠਲਾਇਆ ਜਾਂ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਮਹਾਰਾਜੇ ਨੇ ਜਿਹੜੇ ਹਿੰਦੂ ਡੋਗਰਿਆਂ ਨੂੰ ਰਾਜ ਭਾਗ ਵਿੱਚ ਪ੍ਰਧਾਨ ਮੰਤਰੀ ਵਰਗੇ ਅਹਿਮ ਆਹੁਦੇ ਦੇ ਕੇ ਨਿਵਾਜ਼ਿਆ ਹੋਇਆ ਸੀ ਉਹ ਹੀ ਡੋਗਰੇ ਮਹਾਰਾਜੇ ਦੇ ਪਰਿਵਾਰ ਦੇ ਕਾਤਲ ਅਤੇ ਅੰਗਰੇਜ਼ਾਂ ਦੇ ਵਫ਼ਾਦਾਰ ਬਣ ਕੇ ਸਿੱਖ ਰਾਜ ਦੇ ਖ਼ਾਤਮੇ ਦੇ ਜ਼ਿੰਮੇਵਾਰ ਬਣੇ। ਇੱਥੇ ਇਹ ਗੱਲ ਬੜੇ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਸਿੱਖ ਸਿਆਸਤ ਵਿੱਚ ਆਪਣਿਆਂ ਨੂੰ ਛੱਡ ਕੇ ਗ਼ੈਰਾਂ ਨਾਲ ਸਾਂਝ ਪਾਉਣ ਦੀ ਇਹ ਖ਼ਤਰਨਾਕ ਖੇਡ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮੌਜੂਦਾ ਸਮੇਂ ਤਕ ਬਾਦਸਤੂਰ ਜਾਰੀ ਹੈ ਅਤੇ ਸਿੱਖ ਕੌਮ ਸਿੱਖ ਆਗੂਆਂ ਦੀਆਂ ਇਹਨਾਂ ਬਜਰ ਗ਼ਲਤੀਆਂ ਦਾ ਖ਼ਮਿਆਜ਼ਾ ਵੀ ਲਗਾਤਾਰ ਭੁਗਤਦੀ ਆ ਰਹੀ ਹੈ। ਪ੍ਰੰਤੂ ਆਗੂਆਂ ਦੀ ਨਿੱਜੀ ਲੋਭ ਲਾਲਸਾ ਨੇ ਉਹਨਾਂ ਨੂੰ ਆਪਣੀ ਇਸ ਕਮਜ਼ੋਰੀ ਨੂੰ ਸੁਧਾਰਨ ਵਾਲੇ ਪਾਸੇ ਜਾਣ ਹੀ ਨਹੀਂ ਦਿੱਤਾ। ਅੰਗਰੇਜ਼ਾਂ ਦੀ ਸੌ ਸਾਲ ਦੀ ਗ਼ੁਲਾਮੀ ਨੇ ਸਿੱਖਾਂ ਦੇ ਆਪਣੇ ਰਾਜ ਭਾਗ ਨੂੰ ਅਸਲੋਂ ਹੀ ਭੁਲਾ ਦਿੱਤਾ। ਗੁਰੂ ਕਾਲ ਤੋ ਲੈ ਕੇ ਕਦੇ ਵੀ ਹਿੰਦ ਹਕੂਮਤ ਦਾ ਹਿੱਸਾ ਨਾ ਰਹੇ ਪੰਜਾਬ ਨੂੰ ਅਜ਼ਾਦੀ ਮੌਕੇ ਅਥਾਹ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਿੱਖ ਆਗੂਆਂ ਨੇ ਨਹਿਰੂ, ਪਟੇਲ ਵਰਗੇ ਸ਼ਾਤਰ ਹਿੰਦੂ ਆਗੂਆਂ ਦੇ ਸਾਜ਼ਸ਼ੀ ਜਾਲ ਵਿੱਚ ਉਲਝ ਕੇ ਅਜਿਹੀ ਭੁੱਲ ਕਰ ਲਈ ਜਿਹੜੀ ਕੌਮ ਨੂੰ ਮੁੜ ਸਦੀਆਂ ਦੀ ਲੰਮੀ ਗ਼ੁਲਾਮੀ ਵਿੱਚ ਜਕੜ ਗਈ। ਅਕਾਲੀ ਆਗੂਆਂ ਦੇ ਬਾਹਰਲੇ ਸੂਬਿਆਂ ਵਿੱਚ ਫ਼ੈਲੇ ਨਿੱਜੀ ਕਾਰੋਵਾਰਾਂ ਦੇ ਮਾਇਆ ਜਾਲ ਨੇ ਉਹਨਾਂ ਦੀ ਕੌਮ ਪ੍ਰਤੀ ਇਮਾਨਦਾਰ ਸੋਚ ਨੂੰ ਸੀਮਿਤ ਕਰ ਦਿੱਤਾ। ਨਹਿਰੂ, ਪਟੇਲ ਦੇ ਝੂਠੇ ਲਾਰਿਆਂ ਦੇ ਸਬਜ਼ਬਾਗ਼ਾਂ ਨੇ ਉਹਨਾਂ ਦੇ ਕੌਮੀ ਘਰ ਦੀ ਸੋਚ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਅੰਗਰੇਜ਼ਾਂ ਵਲੋਂ ਸਿੱਖਾਂ ਨੂੰ ਤੀਜੀ ਧਿਰ ਮੰਨ ਕੇ ਕੀਤੀ ਵੱਖਰੇ ਦੇਸ਼ ਸਿੱਖ ਹੋਮਲੈਂਡ ਦੀ ਮੰਗ ਨੂੰ ਠੁਕਰਾਉਣ ਵਾਲੀ ਇਤਿਹਾਸਿਕ ਗ਼ਲਤੀ ਕਰ ਲਈ ਜਦੋਂ ਕਿ ਹਿੰਦੂ ਹੁਕਮਰਾਨਾਂ ਵਲੋਂ ਸਿੱਖਾਂ ਨਾਲ ਕੀਤੇ ਵਾਅਦੇ ਮੁੜ ਕਦੇ ਵੀ ਵਫ਼ਾ ਨਾ ਹੋਏ। ਸਿੱਖ ਆਗੂਆਂ ਦੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਨੇ ਸਿੱਖ ਜਨਤਾ ਨੂੰ ਹਮੇਸ਼ਾ ਜ਼ਖ਼ਮ ਹੀ ਦਿੱਤੇ ਹਨ ਜਿਸ ਦੀ ਉਦਾਹਰਣ ਜੂਨ 19984 ਦੇ ਭਾਰਤੀ ਫ਼ੌਜ ਵਲੋਂ ਕੀਤੇ ਗਏ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ ‘ਤੇ ਹਮਲੇ ਤੋਂ ਮਿਲਦੀ ਹੈ। ਜਦੋਂ ਕੇਂਦਰ ਇੰਦਰਾ ਗਾਂਧੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਕਹਿਣ ‘ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਪੰਜਾਬ ਦੇ ਤਿੰਨ ਦਰਜਨ ਤੋਂ ਵੱਧ ਗੁਰਦੁਆਰਿਆਂ ‘ਤੇ ਹਮਲੇ ਕਰ ਕੇ ਲੱਖਾਂ ਦੀ ਗਿਣਤੀ ਵਿੱਚ ਨਿਹੱਥੇ ਅਤੇ ਬੇਗ਼ੁਨਾਹ ਸਿੱਖਾਂ ਨੂੰ ਕੋਹ ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਭਾਰਤੀ ਜਨਤਾ ਪਾਰਟੀ ਦੇ ਉਸ ਸਮੇਂ ਦੇ ਕੱਟੜ ਆਗੂ ਲਾਲ ਕ੍ਰਿਸਨ ਅਡਵਾਨੀ ਨੇ ਸ੍ਰੀ ਦਰਬਾਰ ਸਹਿਬ ‘ਤੇ ਹਮਲੇ ਵਿੱਚ ਆਪਣੀ ਪਾਰਟੀ ਦੀ ਭੂਮਿਕਾ ਦਾ ਖ਼ੁਲਾਸਾ ਆਪਣੀ ਹੀ ਪੁਸਤਕ ਵਿੱਚ ਬੜੇ ਮਾਣ ਨਾਲ ਕੀਤਾ ਸੀ। ਕੱਟੜਵਾਦੀ ਪਾਰਟੀ ਨਾਲ ਸਿਧਾਂਤਕ ਮੱਤਭੇਦ ਹੋਣ ਦੇ ਬਾਵਜੂਦ ਲੰਮੇਂ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗ਼ੈਰ ਸਿਧਾਂਤਕ ਸਮਝੌਤਾ ਅਕਾਲੀ ਦਲ ਦੀ ਇਤਿਹਾਸਿਕ ਸ਼ਰਮਨਾਕ ਭੁੱਲ ਵਜੋਂ ਹੀ ਦਰਜ ਕੀਤਾ ਜਾਵੇਗਾ। ਇਸ ਵਿੱਚ ਉੱਕਾ ਹੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਅਕਾਲੀ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਨਾਲ ਰੱਖੀ ਸਾਂਝ ਨੂੰ ਕੌਮ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿੱਜੀ ਮੁਫ਼ਾਦਾਂ ਲਈ ਬਣਾ ਕੇ ਰੱਖਿਆ ਹੋਇਆ ਹੈ। ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਰੱਖਣ ਦੀ ਭੁੱਲ ਸਿੱਖ ਕੌਮ ‘ਤੇ ਬੁਰੀ ਤਰ੍ਹਾਂ ਭਾਰੀ ਪੈ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦੀ ਆਹਲਾ ਕਮਾਨ ਅਤੇ ਉਹਨਾਂ ਨੂੰ ਕੱਟੜ ਸੇਧ ਦੇਣ ਵਾਲੀ ਮਾਸਟਰ ਮਾਈਂਡ ਸੰਸਥਾ RSS ਇਹ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਸਿੱਖ ਕੌਮ ਦੇ ਆਗੂ ਆਪਣੇ ਗੁਰੂ ਦੀ ਪ੍ਰਤੀਤ ਖੋ ਕੇ ਨਿੱਜੀ ਲੋਭ ਲਾਲਸਾ ਵਿੱਚ ਗਰਕ ਹੋ ਕੇ ਬੇਗ਼ੈਰਤ ਹੋ ਚੁੱਕੇ ਹਨ। ਉਹ ਲੋਕ ਸਿੱਖ ਕੌਮ ਦੀ ਹੋਣੀ ਉਹਨਾਂ ਦੇ ਹਵਾਲੇ ਕਰ ਕੇ ਰਾਜ ਭਾਗ ਦੇ ਨਸ਼ੇ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋਂ ਬੇਖ਼ਬਰ ਹੋ ਚੁੱਕੇ ਹਨ। ਸੋਚਣ ਵਿਚਾਰਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਸਿੱਖ ਕੌਮ ਇਸੇ ਤਰ੍ਹਾਂ ਆਪਣੇ ਆਗੂਆਂ ਦੀ ਕੌਮ ਨਾਲ ਬੇਵਫ਼ਾਈ ਸਦਕਾ ਗ਼ੈਰਾਂ ਨਾਲ ਰੱਖੀ ਸਾਂਝ ਨੂੰ ਮਨਜ਼ੂਰ ਕਰਦੀ ਰਹੇਗੀ? ਕੀ ਸਮੁੱਚੀ ਸਿੱਖ ਕੌਮ ਹੀ ਆਪਣੇ ਗੁਰੂ ਦੀ ਪ੍ਰਤੀਤ ਗੁਆਈ ਬੈਠੀ ਹੈ? ਕੀ ਇਹ ਕੌਮ ਅੱਜ ਇੰਨੀ ਕਮਜ਼ੌਰ ਪੈ ਚੁੱਕੀ ਹੈ ਕਿ ਐਨਾ ਜ਼ੁਲਮ ਸਹਿ ਕੇ ਵੀ ਚੁੱਪ ਚਾਪ ਦੜ ਵੱਟ ਕੇ ਬੈਠੇ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗ ਪਈ ਹੈ? ਕੀ ਸਿੱਖਾਂ ਦਾ ਕੌਮੀ ਜਜ਼ਬਾ ਸਿਰਫ਼ ਤੇ ਸਿਰਫ ਅਖ਼ਬਾਰੀ ਬਿਆਨਬਾਜ਼ੀ ਤਕ ਹਹੀ ਸੀਮਿਤ ਹੋ ਕੇ ਹੀ ਰਹਿ ਗਿਆ ਹੈ? ਕੀ ਸਰਕਾਰੀ ਜਬਰ ਨੇ ਸਿੱਖਾਂ ਦੀ ਅਣਖ ਗ਼ੈਰਤ ਅਸਲੋਂ ਹੀ ਮਾਰ ਮੁਕਾ ਦਿੱਤੀ ਹੈ ਜਾਂ ਫ਼ਿਰ ਲੋਭ ਲਾਲਸਾ ਨਾਲ ਭਰਪੂਰ ਖ਼ੇਦਗ਼ਰਜ਼ੀਆਂ ਨੇ ਉਹਨਾਂ ਦੀਆਂ ਅੱਖਾਂ ‘ਤੇ ਅਜਿਹੀ ਲਾਲਚ ਦੀ ਪੱਟੀ ਬੰਨ੍ਹ ਦਿੱਤੀ ਹੈ ਜਿਹੜੀ ਉਹਨਾਂ ਨੂੰ ਚੰਗੇ ਬੁਰੇ ਦੇ ਅੰਤਰ ਤੋਂ ਬੇ ਧਿਆਨ ਰੱਖਦੀ ਹੈ? ਕੀ ਸਿੱਖ ਆਪਣੇ ਪੁਰਖਿਆਂ ਦਾ ਲਹੂ ਲਿਬੜਿਆ ਇਤਿਹਾਸ ਭੁੱਲ ਕੇ ਅਖੌਤੀ ਕਰਮਕਾਂਡੀ ਬਾਬਿਆਂ ਦੇ ਡੇਰਿਆਂ ਜੋਗੇ ਹੀ ਰਹਿ ਗਏ ਹਨ? ਦੂਜਿਆਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਦੀ ਰਾਖੀ ਲਈ ਵੱਡੇ ਵੱਡੇ ਧਾੜਵੀਆਂ ਨਾਲ ਹਿੱਕਾਂ ਡਾਹ ਕੇ ਲੜਨ ਮਰਨ ਵਾਲੇ ਗੁਰੂ ਕੇ ਖ਼ਾਲਸੇ ਅੱਜ ਆਪਣੀ ਰਾਖੀ ਕਰਨ ਤੋਂ ਅਸਮਰੱਥ ਹੋ ਗਏ ਹਨ? ਜਿਸ ਗੁਰੂ ਤੋਂ ਓਟ ਆਸਰਾ ਲੈ ਕੇ ਅਠਾਰਵੀਂ ਸਦੀ ਦੇ ਸਿੱਖ ਤਖ਼ਤਾਂ ਨੂੰ ਵਖਤ ਪਾਉਂਦੇ ਰਹੇ ਹਨ ਅੱਜ ਓਸ ਗੁਰੂ ਦੀ ਥਾਂ ਥਾਂ ਬੇਹੁਰਮਤੀ ਦੇ ਕਿੱਸੇ ਆਮ ਹੋ ਗਏ ਹਨ, ਪਰ ਸਿੱਖ ਕੌਂਮ ਧੌਣ ਸੁੱਟ ਕੇ ਕਬੂਤਰਾਂ ਵਾਂਗੂੰ ਅੱਖਾਂ ਮੀਚੀ ਬੈਠੀ ਹੈ। ਅੱਜ ਦੇ ਸਿੱਖਾਂ ਦੀ ਅਣਖ ਮਹਿਜ਼ ਦੁੱਧ ਦੇ ਉਬਾਲ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਜਿਹੜੀ ਇੱਕ ਦਮ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ, ਪਰ ਚਲਾਕ ਸ਼ਾਸਕਾਂ ਦੇ ਮੱਕੜ ਜਾਲ ਵਿੱਚ ਉਲਝ ਕੇ ਕੁਝ ਸਮੇਂ ਬਾਅਦ ਫ਼ਿਰ ਸਾਰਾ ਕੁਝ ਭੁੱਲ ਜਾਂਦੀ ਹੈ। ਹੁਣ ਸਮਾਂ ਹਥਿਆਰਾਂ ਦੀ ਲੜਾਈ ਦਾ ਨਹੀਂ ਵਿਚਾਰਾਂ ਦੀ ਲੜਾਈ ਦਾ ਹੈ। ਇਸ ਲਈ ਕੌਮ ਨੂੰ ਅਨੇਕਾਂ ਸਮੱਸਿਆਵਾਂ ਜਿਹੜੀਆਂ ਸਾਡੇ ਆਗੂਆਂ ਦੇ ਗ਼ੈਰ ਸਿਧਾਂਤਕ ਸਮਝੌਤਿਆਂ ਕਾਰਨ ਦਰਪੇਸ ਹਨ, ਦੇ ਸਦੀਵੀ ਹੱਲ ਲਈ ਸਿੱਖ ਕੌਮ ਨੂੰ ਆਪਣੇ ਗੁਰੂ ਤੋਂ ਓਟ ਆਸਰਾ ਲੈ ਕੇ ਜੁੜ ਬੈਠਣਾ ਹੋਵੇਗਾ ਅਤੇ ਇਹ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਆਗੂਆਂ ਦੀਆਂ ਭੁੱਲਾਂ ਕਿਤੇ ਕੌਮ ਦੀ ਹੋਣੀ ‘ਤੇ ਹੀ ਭਾਰੀ ਨਾ ਪੈ ਜਾਣ। ਇਹ ਸ਼ਿੱਦਤ ਨਾਲ ਵਿਚਾਰਨਾ ਹੋਵੇਗਾ ਕਿ ਸਿੱਖ ਕੌਮ ਕਦੋਂ ਤਕ ਲੋਭ ਲਾਲਸਾ ‘ਚ ਗਰੱਸੇ ਆਪਣੇ ਆਗੂਆਂ ਵੱਲੋਂ ਆਪਣਿਆਂ ਨੂੰ ਨਜਰਅੰਦਾਜ਼ ਕਰ ਕੇ ਗ਼ੈਰਾਂ ਦਾ ਪੱਲਾ ਫ਼ੜਨ ਦੀ ਭੁੱਲ ਦਾ ਖਮਿਆਜ਼ਾ ਭੁਗਤਦੀ ਰਹੇਗੀ। ਇਹ ਅਜੋਕੇ ਸਮੇਂ ਦੀ ਇੱਕ ਬੇਹੱਦ ਜ਼ਰੂਰੀ ਮੰਗ ਹੈ।
ਬਘੇਲ ਸਿੰਘ ਧਾਲੀਵਾਲ
>       99142-58142