40 ਦੀ ਉਮਰ ‘ਚ ਦੂਜੀ ਵਾਰ ਕਰੀਨਾ ਕਪੂਰ ਨੇ ਦਿੱਤਾ ਬੱਚੇ ਨੂੰ ਜਨਮ

ਬੀ-ਟਾਊਨ ‘ਚ ਇੱਕ ਤੋਂ ਬਾਅਦ ਇੱਕ ਖੁਸ਼ੀ ਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਅਤੇ ਸੈਫ਼ ਅਲੀ ਖ਼ਾਨ ਦੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸੈਫ਼ ਅਲੀ ਖ਼ਾਨ ਨੇ ਦਿੱਤੀ। ਕਰੀਨਾ ਤੋਂ ਪਹਿਲਾਂ ਅਦਾਕਾਰਾ ਅਨੁਸ਼ਕਾ ਸ਼ਰਮਾ, ਕੌਮੇਡੀਅਨ ਕਪਿਲ ਸ਼ਰਮਾ ਅਤੇ TV ਅਦਾਕਾਰਾ ਅਨਿਤਾ ਹੰਸਨਦਾਨੀ ਦੇ ਘਰ ਨੰਨ੍ਹੇ ਬੱਚਿਆਂ ਨੇ ਜਨਮ ਲਿਆ ਸੀ। ਦੱਸ ਦੇਈਏ ਕਿ ਕਰੀਨਾ ਨੂੰ ਸ਼ਨੀਵਾਰ ਦੀ ਰਾਤ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਰਿਪੋਰਟ ਮੁਤਾਬਿਕ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਕਰੀਨਾ ਕਪੂਰ ਦੇ ਪਰਿਵਾਰ ਦੇ ਕਈ ਮੈਂਬਰ ਇਸ ਖ਼ੁਸ਼ਖ਼ਬਰੀ ਤੋਂ ਬਾਅਦ ਹਸਪਤਾਲ ‘ਚ ਜਮ੍ਹਾ ਹੋਣ ਲੱਗੇ।
ਦੱਸਣਯੋਗ ਹੈ ਕਿ ਲੌਕਡਾਊਨ ‘ਚ ਕਰੀਨਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਜੋੜੇ ਨੇ ਇਹ ਖ਼ੁਸ਼ਖ਼ਬਰੀ ਇੱਕ ਜੋਇੰਟ ਸਟੇਟਮੈਂਟ ਰਾਹੀਂ ਦਿੱਤੀ ਸੀ। ਪਿਛਲੇ ਸਾਲ ਅਗਸਤ ‘ਚ ਜੋੜੇ ਨੇ ਕਿਹਾ ਸੀ, ”ਸਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਪਰਿਵਾਰ ‘ਚ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਸਾਡੇ ਸਾਰੇ ਸ਼ੁਭਚਿੰਤਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਸਹਿਯੋਗ ਲਈ ਬਹੁਤ ਧੰਨਵਾਦ।”
ਪ੍ਰੈਗਨੈਂਸੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੀ ਪਰਿਵਾਰ ਅਤੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਸਨ। ਕਰੀਨਾ ਦੇ ਨਾਲ-ਨਾਲ ਪ੍ਰਸ਼ੰਸਕ ਵੀ ਉਨ੍ਹਾਂ ਦੇ ਦੂਜੇ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦੇਈਏ ਕਿ ਕਰੀਨਾ ਡਿਲਿਵਰੀ ਤੋਂ ਪਹਿਲਾਂ ਤਕ ਆਪਣੀ ਪਹਿਲੀ ਪ੍ਰੈਗਨੈਂਸੀ ਦੀ ਤਰ੍ਹਾਂ ਕੰਮ ਕਰਦੀ ਰਹੀ। ਉਸ ਨੇ ਮੈਟਰਨਿਟੀ ਲੀਵ ‘ਤੇ ਜਾਣ ਤੋਂ ਪਹਿਲਾਂ ਆਪਣੇ ਕੰਮ ਨੂੰ ਨਿਪਟਾਇਆ। ਪ੍ਰੈਗਨੈਂਸੀ ਦੀ ਖ਼ਬਰ ਦੇ ਤੁਰੰਤ ਬਾਅਦ ਕਰੀਨਾ ਨੇ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਖਤਮ ਕੀਤੀ, ਇਸ ਫ਼ਿਲਮ ‘ਚ ਉਸ ਦੇ ਨਾਲ ਅਦਾਕਾਰ ਆਮਿਰ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਕਰੀਨਾ ਅਤੇ ਸੈਫ਼ ਅਲੀ ਦਾ ਵਿਆਹ ਸਾਲ 2012 ‘ਚ ਹੋਇਆ ਸੀ। ਵਿਆਹ ਤੋਂ ਚਾਰ ਸਾਲ ਬਾਅਦ ਕਰੀਨਾ ਨੇ ਸਾਲ 2016 ‘ਚ ਤੈਮੂਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ ਚਾਰ ਸਾਲ ਬਾਅਦ ਦੂਜੀ ਵਾਰ ਫ਼ਿਰ ਕਰੀਨਾ ਮਾਂ ਬਣੀ ਹੈ।