ਸ਼ੰਘਾਈ : ਸ਼ੰਘਾਈ ਮਿਊਂਸੀਪਲ ਖੇਤੀਬਾੜੀ ਕਮਿਸ਼ਨ ਪੰਜਾਬ ਸਰਕਾਰ ਨਾਲ ਨਵੀਆਂ ਤਕਨੀਕਾਂ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਲਈ ਸਾਂਝੇਦਾਰੀ ਕਰੇਗਾ ਅਤੇ ਨਾਲ ਹੀ ਪੰਜਾਬੀ ਕਿਸਾਨਾਂ ਨੂੰ ਚੀਨੀ ਸਬਜ਼ੀਆਂ ਉਗਾਉਣ ਵਿਚ ਮਦਦ ਕਰੇਗਾ ਤਾਂ ਜੋ ਸੂਬੇ ਵਿਚ ਖੇਤੀ ਵਿਭਿੰਨਤਾ ਦੇ ਖੇਤਰ ਵਿਚ ਗਤੀ ਨੂੰ ਤੇਜ਼ੀ ਮਿਲ ਸਕੇ।
ਇੱਥੇ ਭਰੋਸਾ ਸ਼ੰਘਾਈ ਖੇਤੀਬਾੜੀ ਕਮਿਸ਼ਨ ਦੇ ਮੁੱਖ ਦਫਤਰ ਵਿਚ ਕਮਿਸ਼ਨ ਦੇ ਉਪ ਚੇਅਰਮੈਨ ਫੇਂਗ ਜਿਓਂਗ ਨੇ ਇਕ ਮੀਟਿੰਗ ਦੌਰਾਨ ਦਿੱਤਾ।
ਜਿਓਂਗ ਨੇ ਕਮਿਸ਼ਨ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਮਿਸ਼ਨ ਨਾਲ ਉਪਭੋਗਤਾਵਾਂ ਦੀ ਬਹੁਤ ਵੱਡੀ ਗਿਣਤੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਪੰਜਾਬ ਦਾ ਦੌਰਾ ਕੀਤਾ ਹੋਇਆ ਹੈ ਅਤੇ ਆਪਸੀ ਰੁਚੀ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ ਜਿਸ ਵਿਚ ਸਾਂਝੇਦਾਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਖਿੱਚਣ ਲਈ ਜੋ ਕਦਮ ਪੰਜਾਬ ਵੱਲੋਂ ਚੁੱਕੇ ਜਾ ਰਹੇ ਹਨ ਉਹ ਸੰਤੁਸ਼ਟੀਜਕਨ ਹਨ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਨਿਵੇਸ਼ ਕਰਨ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ।
ਇਸ ਮੌਕੇ ਬੋਲਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ ਖੇਤਰ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਚੀਨੀ ਕੰਪਨੀਆਂ ਨੂੰ ਇਸ ਖੇਤਰ ਵਿਚ ਪੰਜਾਬ ਆ ਕੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਟੈਕਸਾਂ ਰਿਆਇਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਪੰਜਾਬ ਵਿਚ ਇਸ ਮਕਸਦ ਲਈ ਸਰਕਾਰ ਵੱਲੋਂ ਪ੍ਰਵਾਨਗੀ ਪ੍ਰਾਪਤ ਪਲਾਟ ਵੀ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਦਯੋਗ ਸਥਾਪਿਤ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਕੁਝ ਹੀ ਦਿਨਾਂ ਵਿਚ ਮਿਲ ਜਾਂਦੀਆਂ ਹਨ।
ਸੁਖਜੀਤ ਸਟਾਰਚ ਦੇ ਭਵਦੀਪ ਸਰਧਾਨਾ ਜੋ ਬਿਜਨਸ ਡੈਲੀਗੇਟ ਵੱਜੋਂ ਗਏ ਹਨ, ਨੇ ਸੁਝਾਅ ਦਿੱਤਾ ਕਿ ਪੰਜਾਬ ਸੋਇਆਬੀਨ ਤੋਂ ਉਤਪਾਦ ਬਣਾਉਣ ਲਈ ਚੀਨੀ ਖੇਤੀਬਾੜੀ ਤਕਨੀਕ ਦੀ ਵਰਤੋਂ ਕਰ ਸਕਦਾ ਹੈ ਜਿਸ ਨਾਲ ਕਿ ਪੰਜਾਬ ਦਾ ਖੇਤੀ ਖੇਤਰ ਨਵੀਆਂ ਬੁਲੰਦੀਆਂ ਛੋਹ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਸਬਜ਼ੀਆਂ ਦੀ ਵੀ ਕਾਸ਼ਤ ਕਰ ਸਕਦੇ ਹਨ ਜੋ ਚੀਨੀ ਵਿਅੰਜਨਾਂ ਵਿਚ ਵਰਤੀਆਂ ਜਾਂਦੀਆਂ ਹਨ।
ਖੇਤੀਬਾੜੀ ਕਮਿਸ਼ਨ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਫਦ ਨੇ ਚੀਨੀ ਸੂਬੇ ਵੱਲੋਂ ਸ਼ੰਘਾਈ ਵਿਚ ਚਲਾਏ ਜਾਂਦੇ ‘ਬਰਾਈਟ ਮਿਲਕ ਪਲਾਂਟ’ ਦਾ ਵੀ ਦੌਰਾ ਕੀਤਾ। ਇਹ ਪਲਾਂਟ, ਜੋ ਕਿ ਚੀਨ ਦੇ ਸਭ ਤੋਂ ਵੱਡੇ ਪਲਾਂਟਾਂ ਵਿਚੋਂ ਇਕ ਹੈ, ਵਿਚ ਅਲਟਰਾ ਟਰੀਟਡ ਮਿਲਕ (ਯੂਐਚਟੀ) ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਸੁਝਾਅ ਦਿੱਤਾ ਕਿ ਇਸ ਖੇਤਰ ਵਿਚ ਚੀਨ ਦੀ ਮੁਹਾਰਤ ਨੂੰ ਵੇਰਕਾ ਬਰਾਂਡ ਦੀ ਕਾਇਆ ਕਲਪ ਲਈ ਵਰਤਿਆ ਜਾ ਸਕਦਾ ਹੈ ਅਤੇ ਯੂਐਚਟੀ ਤਕਨੀਕ ਰਾਹੀਂ ਵੀ ਪੰਜਾਬ ਵਿਚ ਦੁੱਧ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗਰਮੀਆਂ ਵਿਚ ਦੁੱਧ ਦੀ ਘਾਟ ਹੁੰਦੀ ਹੈ ਤਾਂ ਯੂਐਚਟੀ ਵਿਧੀ ਵਧੇਰੇ ਕਾਰਗਰ ਸਿੱਧ ਹੋਵੇਗੀ ਕਿਉਂ ਕਿ ਅਜਿਹਾ ਦੁੱਧ ਜ਼ਿਆਦਾ ਸਮੇਂ ਤੱਕ ਵਰਤੋਂਯੋਗ ਹੁੰਦਾ ਹੈ।
ਇਸ ਤੋਂ ਪਹਿਲਾਂ ਸਵੇਰ ਵੇਲੇ ਚੀਨ ਦੇ ਵੱਡੀ ਗਿਣਤੀ ਵਿਚ ਆਧੁਨਿਕ ਅਤੇ ਇਲੈਕਟ੍ਰਿਕ ਸਾਈਕਲ ਉਤਪਾਦਕਾਂ ਨੇ ਸ. ਬਾਦਲ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿਚ ਬਣਨ ਵਾਲੀ ਸਾਈਕਲ ਵੈਲੀ ਲਈ ਉਹ ਪੂਰਾ ਸਮੱਰਥਨ ਦੇਣਗੇ।
ਸ. ਬਾਦਲ ਨੇ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਸਮੇਤ ਸਨਅਤਕਾਰਾਂ ਨਾਲ ਵਿਚਾਰ-ਚਰਚਾ ਕੀਤੀ ਕਿ ਸਾਈਕਲ ਵੈਲੀ ਵਿਚ ਕਿਸ ਪ੍ਰਕਾਰ ਦਾ ਅਤੇ ਕਿੰਨੀ ਮਾਤਰਾ ਵਿਚ ਨਿਵੇਸ਼ ਆ ਸਕਦਾ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਕਿਹਾ ਕਿ ਉਹ ਸ਼ੁਰੂਆਤੀ ਦੌਰ ਵਿਚ ਪੰਜ ਤੋਂ ਦਸ ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੀਆਂ।
ਸ੍ਰੀ ਪੰਕਜ ਮੁੰਜਾਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਚੀਨ ਦੀ ਕਿਸੇ ਕੰਪਨੀ ਨਾਲ ਸਾਂਝੇਦਾਰੀ ਕਰਨ ਵੱਲ ਵੇਖ ਰਹੀ ਹੈ ਜਿਸ ਨਾਲ ਮਿਲ ਕੇ ਵੱਖ-ਵੱਖ ਵਰਗਾਂ ਲਈ ਆਧੁਨਿਕ ਸਾਈਕਲ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਹਾੜਾਂ ‘ਤੇ ਟਰੈਕਿੰਗ ਕਰਨ ਸਮੇਤ ਲਾਈਫਸਟਾਈਲ ਸਾਈਕਲਾਂ ਦੀ ਭਾਰੀ ਮੰਗ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਾੜਾਂ ‘ਤੇ ਟਰੈਕਿੰਗ ਕਰਨ ਵਾਲੇ ਹੀਰੋ ਸਾਈਕਲਾਂ ਦਾ ਉਤਪਾਦਨ ਦੋ ਸਾਲਾਂ ਵਿਚ ਸਿਫਰ ਤੋਂ ਸ਼ੁਰੂ ਕਰਕੇ ਦੋ ਲੱਖ ਤੱਕ ਲੈ ਗਏ ਹਾਂ।
ਜਿਨ੍ਹਾਂ ਨਾਮੀਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਉੱਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਉਨ੍ਹਾਂ ਵਿਚ ਆਧੁਨਿਕ ਸਾਈਕਲਾਂ ਦੇ ਪੁਰਜੇ ਬਣਾਉਣ ਵਾਲੀ ਪਰੋਮੈਕਸ ਤਾਇਵਾਨ ਕੰਪਨੀ ਦੇ ਜਨਰਲ ਮੈਨੇਜਰ ਜੋਨੀ ਲਿਨ ਸ਼ਾਮਲ ਸਨ। ਜੋਨੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਹੀਰੋ ਗਰੁੱਪ ਨਾਲ ਮਿਲ ਕੇ ਲੁਧਿਆਣਾ ਵਿਚ ਕੰਮ ਕਰੇਗੀ ਅਤੇ ਇਸ ਸਬੰਧੀ ਗੱਲਬਾਤ ਆਖਰੀ ਚਰਨ ਵਿਚ ਹੈ। ਇਸ ਤੋਂ ਇਲਾਵਾ ਸ਼ੇਨਜ਼ੇਨ ਨਿਊ ਕੰਘਾਈ ਮਸ਼ੀਨਰੀ ਕੰਪਨੀ ਲਿਮਟਿਡ ਦੇ ਜੌਨਸਨ ਜੂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਿਰਫ ਸਾਈਕਲ ਬਣਾਉਂਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਸਾਈਕਲ ਪਾਰਟਸ ਦਾ ਵਪਾਰ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਸਾਈਕਲ ਵੈਲੀ ਵਿਚ ਯੂਨਿਟ ਲਗਾਵਾਂਗੇ। ਇਸ ਤੋਂ ਇਲਾਵਾ ਰਿਫਲੈਕਟਰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ‘ਸਟੇਟ ਲਾਈਟ’ ਦੇ ਬਰਾਇਨ ਟਾਂਗ ਅਤੇ ਹੈਂਗਜ਼ੂ ਜੋਏ ਕਾਈ ਇੰਡਸਟਰੀਜ਼ ਐਂਡ ਟਰੇਡਿੰਗ ਕੰਪਨੀ ਲਿਮਟਿਡ ਨੇ ਵੀ ਉੱਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਐਸ ਔਜਲਾ, ਇਨਵੈਸਟ ਪੰਜਾਬ ਦੇ ਵਧੀਕ ਸਕੱਤਰ ਡੀਕੇ ਤਿਵਾੜੀ, ਉੱਪ ਮੁੱਖ ਮੰਤਰੀ ਦੇ ਸਪੈਸ਼ਲ ਸਕੱਤਰ ਰਾਹੁਲ ਤਿਵਾੜੀ ਅਤੇ ਬਿਜਨਸ ਡੈਲੀਗੇਟ ਵੱਜੋਂ ਸ੍ਰੀ ਟੂਲਜ਼ ਦੇ ਐਸ ਸੀ ਰੱਲ੍ਹਣ ਵੀ ਹਾਜ਼ਰ ਸਨ।















