ਕੋਲਕਾਤਾ – ਭਾਰਤ ਦੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਚੀਜ਼ਾਂ ਉਸ ਮੁਤਾਬਿਕ ਨਹੀਂ ਚੱਲ ਰਹੀਆਂ ਹੁੰਦੀਆਂ ਤਾਂ ਉਹ ਆਪਣੀਆਂ ਗ਼ਲਤੀਆਂ ‘ਤੇ ਧਿਆਨ ਕੇਂਦਰਤ ਕਰਨਾ ਪਸੰਦ ਕਰਦੈ। ਇਹ 26 ਸਾਲਾ ਖਿਡਾਰੀ ਪਿਛਲੇ ਕੁੱਝ ਸਮੇਂ ਤੋਂ ਭਾਰਤੀ ਟੀਮ ‘ਚ ਕਿਸੇ ਵੀ ਫ਼ੌਰਮੈਟ ‘ਚ ਆਖ਼ਰੀ ਗਿਆਰਾਂ ‘ਚ ਜਗ੍ਹਾ ਨਹੀਂ ਬਣਾ ਸਕਿਆ। ਉਸ ਨੂੰ ਹਾਲ ਦੇ ਆਸਟਰੇਲੀਆ ਦੌਰੇ ਦੌਰਾਨ ਸਿਰਫ਼ ਕੈਨਬਰਾ ‘ਚ ਇੱਕ ਵਨ-ਡੇ ‘ਚ ਖੇਡਣ ਦਾ ਮੌਕਾ ਮਿਲਿਆ ਸੀ।
ਭਾਰਤ ਵਲੋਂ ਛੇ ਟੈੱਸਟ ਮੈਚ ਖੇਡ ਚੁੱਕੇ ਇਸ ਚਾਈਨਾਮੈਨ ਗੇਂਦਬਾਜ਼ ਨੂੰ ਇੰਗਲੈਂਡ ਵਿਰੁੱਧ ਪੰਜ ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈੱਸਟ ਕ੍ਰਿਕਟ ਮੈਚ ਲਈ ਆਖ਼ਰੀ ਗਿਆਰਾਂ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ ਕਿਉਂਕਿ ਰਵਿੰਦਰ ਜਡੇਜਾ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਉਹ ਪਹਿਲੇ ਦੋ ਮੈਚਾਂ ਲਈ ਉਪਲਬਧ ਨਹੀਂ ਹੋਵੇਗਾ। ਖੱਬੇ ਹੱਥ ਦੇ ਇਸ ਸਪਿਨਰ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਕਿਹਾ ਕਿ ਕਦੀ ਅਜਿਹਾ ਮੌਕਾ ਆਉਂਦਾ ਹੈ ਜਦੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਅਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੀ ਗ਼ਲਤੀਆਂ ‘ਤੇ ਧਿਆਨ ਦਿੰਦੇ ਹੋ ਅਤੇ ਤਜਰਬਾ ਹਾਸਿਲ ਕਰਦੇ ਹੋ ਤਾਂ ਜੋ ਤੁਸੀਂ ਇਨ੍ਹਾਂ ਗ਼ਲਤੀਆਂ ਨੂੰ ਭਵਿੱਖ ‘ਚ ਨਾ ਦੁਹਰਾਓ।
ਕੁਲਦੀਪ ਲਈ ਇੰਡੀਅਨ ਪ੍ਰੀਮੀਅਰ ਲੀਗ ‘ਚ ਪਿਛਲੇ ਦੋ ਸੈਸ਼ਨ ਚੰਗੇ ਨਹੀਂ ਰਹੇ। ਉਹ 2019 ‘ਚ ਨੌਂ ਮੈਚਾਂ ‘ਚ ਸਿਰਫ਼ ਚਾਰ ਵਿਕਟਾਂ ਲੈ ਸਕੇ ਜਦਕਿ UAE ‘ਚ ਪਿਛਲੇ ਸਾਲ ਖੇਡੇ ਗਏ IPL ‘ਚ ਉਨ੍ਹਾਂ ਨੇ ਚਾਰ ਮੈਚਾਂ ‘ਚ ਸਿਰਫ਼ ਇੱਕ ਵਿਕਟ ਹਾਸਿਲ ਕੀਤਾ। ਕੁਲਦੀਪ ਨੂੰ 2021 ਦੀ IPL ਨਿਲਾਮੀ ਤੋਂ ਪਹਿਲਾਂ ਕੇ. ਕੇ. ਆਰ. ਨੇ ਆਪਣੀ ਟੀਮ ‘ਚ ਬਣਾਈ ਰੱਖਿਆ। ਇਸ ਸਪਿਨਰ ਨੇ ਕਿਹਾ, ”ਮੈਂ ਸੱਤ ਸਾਲਾਂ ਤੋਂ KKR ਲਈ ਖੇਡ ਰਿਹਾ ਹਾਂ ਅਤੇ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੈਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਹ ਚੁਣੌਤੀਪੂਰਨ ਹੈ, ਪਰ ਤੁਹਾਨੂੰ ਆਪਣੀ ਖੇਡ ‘ਚ ਸੁਧਾਰ ਕਰਨਾ ਹੁੰਦਾ ਹੈ ਤਾਂ ਜੋ ਆਪਣਾ ਪੱਧਰ ਬਣਾਈ ਰੱਖੋ।”












