ਸਿਡਨੀ = ਆਸਟਰੇਲੀਆ ‘ਚ ਅਜਿੰਕਯ ਰਹਾਨੇ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਇਤਿਹਾਸ ਰੱਚਦੇ ਹੋਏ ਕੰਗਾਰੂ ਟੀਮ ਨੂੰ 2-1 ਨਾਲ ਟੈੱਸਟ ਸੀਰੀਜ਼ ‘ਚ ਸ਼ਿਕੱਸਤ ਦਿੱਤੀ। ਅਜਿੰਕਯ ਰਹਾਨੇ ਦੀ ਕਪਤਾਨੀ ‘ਚ ਆਸਟਰੇਲੀਆ ‘ਚ ਇਤਿਹਾਸਕ ਜਿੱਤ ਕਾਰਨ ਉਸ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਦਿੱਤੇ ਜਾਣ ਦੀ ਮੰਗ ਹੋਣ ਲੱਗੀ ਹੈ। ਹੁਣ ਇਸ ਮੁੱਦੇ ‘ਤੇ ਆਸਟਰੇਲੀਆ ਦੇ ਸਾਬਕਾ ਖਿਡਾਰੀ ਸ਼ੇਨ ਲੀ, ਜੋ ਤੇਜ਼ ਗੇਂਦਬਾਜ਼ ਬ੍ਰੈੱਟ ਲੀ ਦੇ ਭਰਾ ਵੀ ਹੈ, ਨੇ ਭਾਰਤੀ ਟੈੱਸਟ ਟੀਮ ਦੀ ਕਮਾਨ ਕੋਹਲੀ ਨੂੰ ਦੇਣ ਦੀ ਬਜਾਏ ਰਹਾਨੇ ਨੂੰ ਦੇਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ, ”ਵਿਰਾਟ ਕੋਹਲੀ ਦੀ ਕਪਤਾਨੀ ‘ਚ ਖਿਡਾਰੀ ਉਨ੍ਹਾਂ ਤੋਂ ਸਲਾਹ ਲੈਣ ਤੋਂ ਡਰਦੇ ਹਨ।”
ਸ਼ੇਨ ਲੀ ਨੇ ਇੱਕ ਬਿਆਨ ‘ਚ ਕਿਹਾ, ”ਮੈਨੂੰ ਲਗਦਾ ਹੈ ਕਿ ਟੀਮ ਲਈ ਮੈਂ ਰਹਾਨੇ ਨੂੰ ਕਪਤਾਨ ਬਣਾਵਾਂਗਾ। ਕੋਹਲੀ ਅਜ ਤਕ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ‘ਚੋਂ ਇੱਕ ਹੈ, ਅਤੇ ਮੈਨੂੰ ਲਗਦਾ ਹੈ ਕਿ ਖਿਡਾਰੀ ਉਸ ਦਾ ਸਨਮਾਨ ਤਾਂ ਕਰਦੇ ਹਨ, ਪਰ ਖਿਡਾਰੀ ਵਿਰਾਟ ਨਾਲ ਲਾਈਨ ਕ੍ਰੌਸ ਕਰਨ ਤੋਂ ਡਰਦੇ ਵੀ ਹਨ। ਉਹ ਟੀਮ ਲਈ ਪੂਰੀ ਤਰ੍ਹਾਂ ਨਾਲ ਪ੍ਰੋਫ਼ੈਸ਼ਨਲ ਖਿਡਾਰੀ ਮੰਗਦਾ ਹੈ, ਇਸ ਲਈ ਖਿਡਾਰੀਆਂ ਨੂੰ ਫ਼ਿੱਟ ਰਹਿਣਾ ਪੈਂਦਾ ਹੈ। ਟੀਮ ‘ਚ ਖਿਡਾਰੀ ਮੈਦਾਨ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ, ਪਰ ਉਹ ਲਗਭਗ ਥੋੜ੍ਹੇ ਡਰੇ ਹੋਏ ਦਿਖਾਈ ਦਿੰਦੇ ਹਨ।”
ਇਸ ਤੋਂ ਬਾਅਦ ਸ਼ੇਨ ਲੀ ਨੇ ਅੱਗੇ ਕਿਹਾ ਕਿ ਜੇਕਰ ਦੂਜੇ ਪਾਸੇ ਰਹਾਨੇ ਦੀ ਕਪਤਾਨੀ ‘ਚ ਟੀਮ ਨੂੰ ਦੇਖੀਏ ਤਾਂ ਉਹ ਬਹੁਤ ਰਿਲੈਕਸਡ ਦਿਖਾਈ ਦਿੰਦ। ਉਸ ਦੀ ਕਪਤਾਨੀ ‘ਚ ਟੀਮ ਨੇ ਚੰਗਾ ਪ੍ਰਦਰਸ਼ਨ ਕਰ ਕੇ ਦਿਖਾਇਆ ਹੈ, ਅਤੇ ਉਹ ਭਾਰਤੀ ਟੀਮ ਦੇ ਕਪਤਾਨ ਬਣਨ ਦਾ ਹੱਕਦਾਰ ਹੈ। ਭਾਰਤੀ ਚੋਣਕਰਤਾ ਰਹਾਨੇ ਨੂੰ ਕਪਤਾਨ ਬਣਾ ਦੇਣ ਤੇ ਕੋਹਲੀ ਨੂੰ ਸਿਰਫ਼ ਬੱਲੇਬਾਜ਼ੀ ‘ਤੇ ਹੀ ਧਿਆਨ ਦੇਣ ਲਈ ਕਹਿਣ।”












