ਚੰਡੀਗੜ : ਜਿਵੇਂ ਕਿ ਤੁਸੀਂ ਸੱਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਹਮਾਇਤ ਲਈ ਐਨ.ਆਰ.ਆਈ ਭਾਈਚਾਰੇ ਨੂੰ ਮਿਲਣ ਵਾਸਤੇ ਮੈਂ ਹਾਲ ਹੀ ਵਿੱਚ ਅਮਰੀਕਾ ਦਾ ੨੦ ਦਿਨਾਂ ਦੋਰਾ ਸਮਾਪਤ ਕੀਤਾ ਹੈ। ੧੫ ਅਪ੍ਰੈਲ ਨੂੰ ਕੈਲੀਫੋਰਨੀਆ ਤੋਂ ਸ਼ੁਰੂ ਹੋਏ ਇਸ ਦੋਰੇ ਦੋਰਾਨ ਆਮ ਆਦਮੀ ਪਾਰਟੀ ਨੂੰ ਧਮਾਕੇਦਾਰ ਸਮਰਥਨ ਮਿਲਿਆ, ਜਿਥੇ ਕਿ ਐਨ.ਆਰ.ਆਈ ਭਾਈਚਾਰੇ ਨੇ ਮੇਰੇ ਵਰਗੇ ਸਧਾਰਨ ਸਾਬਕਾ ਵਿਧਾਇਕ ਦਾ ਭਰਵਾਂ ਸਵਾਗਤ ਕੀਤਾ। ਆਮ ਆਦਮੀ ਪਾਰਟੀ ਦੀ ਅੋਵਰਸੀਜ਼ ਟੀਮ ਨੇ ਅਮਰੀਕਾ ਦੇ ੧੮ ਵੱਖ ਵੱਖ ਸ਼ਹਿਰਾਂ ਵਿੱਚ ਦੋ ਦਰਜਨ ਤੋਂ ਵੀ ਜਿਆਦਾ ਮੀਟਿੰਗਾਂ ਦਾ ਅਯੋਜਨ ਕੀਤਾ। ਹਿਊਸਟਨ, ਡਲਾਸ, ਸਿਆਟਲ, ਸ਼ਿਕਾਗੋ ਦੇ ਦੋਰੇ ਦੇ ਨਾਲ ਨਾਲ ਅਸੀ ਕੈਲੀਫੋਰਨੀਆ ਦੇ ਪੰਜਾਬੀ ਵਸੋਂ ਦੇ ਗੜ ਫਰੈਸਨੋ, ਟਰੈਸੀ, ਲਾਸ ਐਂਜਲਸ ਆਦਿ ਨੂੰ ਕਵਰ ਕੀਤਾ ਅਤੇ ਯਾਤਰਾ ਦੀ ਸਮਾਪਤੀ ਨਿਊਯਾਰਕ ਵਿਖੇ ਕੀਤੀ।
ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ੨੦੧੭ ਵਿੱਚ ੯੦ ਪ੍ਰਤੀਸ਼ਤ ਐਨ.ਆਰ.ਆਈ ਆਮ ਆਦਮੀ ਪਾਰਟੀ ਦੀ ਹਮਾਇਤ ਕਰਨਗੇ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵਰਗੀਆਂ ਭ੍ਰਿਸ਼ਟ ਅਤੇ ਖੋਖਲੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਉਹ ਇੱਕ ਭ੍ਰਿਸ਼ਟਾਚਾਰ ਮੁਕਤ ਅਤੇ ਡਰੱਗ ਮੁਕਤ ਪੰਜਾਬ ਦੇਖਣਾ ਚਾਹੁੰਦੇ ਹਨ ਅਤੇ ਸੂਬੇ ਦੇ ਕਿਸਾਨਾਂ ਦੇ ਤਰਸਯੋਗ ਹਲਾਤਾਂ ਪ੍ਰਤੀ ਵੀ ਗੰਭੀਰ ਤੋਰ ਉੱਤੇ ਚਿੰਤਤ ਹਨ।
ਇਥੇ ਇਹ ਦੱਸਣਾ ਜਰੂਰੀ ਹੈ ਕਿ ਜਿਥੇ ਮੈਂ ਪੂਰੇ ਅਮਰੀਕਾ ਵਿੱਚ ਇੱਕਲੇ ਪ੍ਰਚਾਰ ਕੀਤਾ ਉਥੇ ਹੀ ਦੋ ਦਰਜਨ ਤੋਂ ਵੀ ਜਿਆਦਾ ਵਿਅਕਤੀਆਂ ਦੀ ਜੁੰਡਲੀ ਨੂੰ ਲੈ ਕੇ ਪ੍ਰਚਾਰ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਨੇਕਾਂ ਸ਼ਹਿਰਾਂ ਵਿੱਚ ਉਹਨਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ ਅਤੇ ਉਹਨਾਂ ਦਾ ਦੋਰਾ ਮੁਕੰਮਲ ਤੋਰ ਉੱਤੇ ਫਲਾਪ ਰਿਹਾ ਹੈ। ਭਾਂਵੇ ਕਿ ਐਨ.ਆਰ.ਆਈ ਪੂਰੀ ਤਰਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਹਨ ਪਰੰਤੂ ਅਜਿਹੇ ਕੁਝ ਗੰਭੀਰ ਮਸਲੇ ਹਨ ਜੋ ਕਿ ਉਹ ੨੦੧੭ ਦੇ ਪਾਰਟੀ ਮੈਨੀਫੈਸਟੋ ਵਿੱਚ ਸ਼ਾਮਿਲ ਕਰਵਾਉਣਾ ਚਾਹੁੰਦੇ ਹਨ। ਭ੍ਰਿਸ਼ਟਾਚਾਰ ਅਤੇ ਡਰੱਗਸ ਦੇ ਖਿਲਾਫ ਜੀਰੋ ਟੋਲਰੈਂਸ ਲਈ ਉਹ ਪੁਖਤਾ ਵਾਅਦਾ ਚਾਹੁੰਦੇ ਹਨ ਅਤੇ ਇਸ ਲਈ ਉਹ ਆਮ ਆਦਮੀ ਪਾਰਟੀ ਕੋਲੋਂ ਆਸ ਕਰਦੇ ਹਨ ਕਿ ਬਾਦਲ ਅਤੇ ਮਜੀਠੀਆ ਪਰਿਵਾਰਾਂ ਖਿਲਾਫ ਭ੍ਰਿਸ਼ਟਾਚਾਰ ਅਤੇ ਡਰੱਗਸ ਦੇ ਮਾਮਲਿਆ ਵਿੱਚ ਸਮਾਂ ਬੱਧ ਜਾਂਚ ਕਮੀਸ਼ਨ ਬੈਠਾਇਆ ਜਾਵੇਗਾ ਤਾਂ ਕਿ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਸਕੇ।
ਇਸ ਤੋਂ ਅੱਗੇ ਉਹ ਪਾਰਟੀ ਕੋਲੋਂ ਵਾਅਦਾ ਚਾਹੁੰਦੇ ਹਨ ਕਿ ਸੂਬੇ ਵਿੱਚ ਅੱਤਵਾਦ ਦੇ ਕਾਲੇ ਸਮੇਂ ਦੋਰਾਨ ਮਨੁੱਖੀ ਅਧਾਕਰਾਂ ਦੀ ਉਲੰਘਣਾ ਕਰਨ ਅਤੇ ਸਿੱਖ ਨੋਜਵਾਨਾਂ ਨੂੰ ਫਰਜ਼ੀ ਮੁਠਭੇੜਾਂ ਵਿੱਚ ਮਾਰਨ ਦੇ ਦੋਸ਼ੀ ਸੁਮੇਧ ਸੈਣੀ, ਇਜਹਾਰ ਆਲਮ ਆਦਿ ਸਮੇਤ ਸਾਰੇ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਹ ਇਹ ਵੀ ਚਾਹੁੰਦੇ ਹਨ ਕਿ ਲੰਮੇ ਸਮੇਂ ਤੋਂ ਪੈਡਿੰਗ ਚੱਲੀਆਂ ਆ ਰਹੀਆਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਵੀ ਆਮ ਆਦਮੀ ਪਾਰਟੀ ਆਪਣੇ ਮੈਨੀਫੈਸਟੋ ਵਿੱਚ ਸ਼ਾਮਿਲ ਕਰੇ ਜਿਹਨਾਂ ਵਿੱਚ ਐਸ.ਵਾਈ.ਐਲ ਦਰਿਆਈ ਪਾਣੀਆਂ ਦਾ ਮੁੱਦਾ, ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਦਾ ਮੁੱਦਾ, ਚੰਡੀਗੜ ਨੂੰ ਪੰਜਾਬ ਹਵਾਲੇ ਕੀਤਾ ਜਾਣਾ, ੧੯੮੪ ਦੇ ਪੀੜਤਾਂ ਨੂੰ ਨਿਆਂ ਦਿਵਾਇਆ ਜਾਣਾ ਹੈ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਹਨਾਂ ਮੰਗਾਂ ਨੂੰ ਅਕਾਲੀਆਂ ਨੇ ਪੂਰੀ ਤਰਾਂ ਨਾਲ ਅਣਦੇਖਿਆ ਕਰ ਦਿੱਤਾ ਹੈ। ਪੰਜਾਬ ਵਿੱਚ ਆਪਣੇ ਜਾਨ ਮਾਲ ਦੀ ਹਿਫਾਜ਼ਤ ਲਈ ਐਨ.ਆਰ.ਆਈ ਬੇਹੱਦ ਚਿੰਤਤ ਹਨ ਕਿਉਂਕਿ ਸੂਬੇ ਵਿੱਚ ਵੱਖ ਵੱਖ ਤਰਾਂ ਦੇ ਮਾਫੀਆ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਅਤੇ ਉਹਨਾਂ ਦੀਆਂ ਜਾਇਦਾਦਾਂ ਉੱਤੇ ਕਬਜ਼ਾ ਕਰਦੇ ਹਨ। ਸਾਡੀਆਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੇ ਨਾਲ ਨਾਲ ਐਨ.ਆਰ.ਆਈ ਭਰਾਵਾਂ ਨੇ ਮਿਸ਼ਨ ੨੦੧੭ ਲਈ ਪਾਰਟੀ ਨੂੰ ਖੁੱਲ ਕੇ ਫੰਡ ਵੀ ਦਿੱਤਾ।
ਅਮਰੀਕਾ ਦੀ ਇੱਕ ਵੱਡੀ ਪੰਜਾਬੀ ਵਸੋਂ ਨਾਲ ਡੂੰਘਾ ਵਿਚਾਰ ਕਰਨ ਤੋਂ ਬਾਅਦ ਮੈਂ ਜਲਦ ਹੀ ਸਾਰੇ ਜਾਇਜ਼ ਮੁੱਦਿਆ ਨੂੰ ਪਾਰਟੀ ਲੀਡਰਸ਼ਿਪ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਕੋਲ ਉਠਾਉਣ ਦਾ ਫੈਸਲਾ ਕੀਤਾ ਹੈ। ਮੈਂ ਪਾਰਟੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਐਨ.ਆਰ.ਆਈ ਭਾਈਚਾਰੇ ਨੂੰ ਕੁਝ ਅਸੈਂਬਲੀ ਸੀਟਾਂ ਦੇ ਕੇ ਉਹਨਾਂ ਨੂੰ ਪੰਜਾਬ ਦੀ ਚੋਣ ਪ੍ਰਕਿਰਿਆ ਵਿੱਚ ਸਿੱਧਾ ਸ਼ਾਮਿਲ ਕੀਤਾ ਜਾਵੇ ਅਤੇ ਐਨ.ਆਰ.ਆਈ ਅਫੇਅਰ ਮੰਤਰਾਲੇ ਦੀ ਅਜਾਦ ਤੋਰ ਉੱਤੇ ਅਗਵਾਈ ਕਰਨ ਲਈ ਉਹਨਾਂ ਵਿੱਚੋਂ ਹੀ ਕਿਸੇ ਇੱਕ ਨੂੰ ਮੰਤਰੀ ਨਿਯੁਕਤ ਕੀਤਾ ਜਾਵੇ। ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਸਾਡੀ ੨.੭੫ ਕਰੋੜ ਦੀ ਕੁੱਲ ਅਬਾਦੀ ਵਿੱਚੋਂ ਲਗਭਗ ੫੦ ਲੱਖ ਐਨ.ਆਰ.ਆਈ ਹਨ, ਹੋਰਨਾਂ ਸ਼ਬਦਾਂ ਵਿੱਚ ਹਰੇਕ ਛੇਵਾਂ ਵਿਅਕਤੀ ਐਨ.ਆਰ.ਆਈ ਹੈ। ਇਸ ਲਈ ਉਹਨਾਂ ਦੀਆਂ ਭਾਵਨਾਵਾਂ ਨੂੰ ਅਣਗੋਲਿਆ ਕਰਨਾ ਪੂਰੀ ਤਰਾਂ ਨਾਲ ਬੇਇਨਸਾਫੀ ਹੋਵੇਗੀ।















