ਦੁੱਧ ਪਰਖ ਕੈਂਪ ਦੌਰਾਨ 86 ਸੈਂਪਲਾਂ ਵਿਚੋਂ 46 ‘ਚ ਪਾਣੀ ਦੀ ਮਿਲਾਵਟ: ਬਲਦੇਵ ਸਿੰਘ

5ਚੰਡੀਗੜ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-69 ਵਿਖੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮੰਤਵ ਅਤੇ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਸਬੰਧੀ ਦੁੱਧ ਖਪਤਕਾਰ ਜਾਗਰੂਕਤਾ ਅਤੇ ਦੁੱਧ ਪਰਖ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਮੋਬਾਇਲ ਲੈਬਾਰੋਟਰੀ  ਨਾਲ ਦੁੱਧ ਦੀ ਪਰਖ ਕੀਤੀ ਗਈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ. ਬਲਦੇਵ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 86 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਉਂਦੇ ਗਏ ਜਿਨਾ੍ਹਂ ਨੂੰ ਟੈੱਸਟ ਕਰਕੇ ਨਤੀਜੇ ਮੌਕੇ ਤੇ ਹੀ ਦਿੱਤੇ ਗਏ। ਇਨਾ੍ਹਂ ਸੈਂਪਲਾਂ ਵਿਚੋਂ 40 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਅਤੇ 46 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਿਸ ਦੀ ਮਿਕਦਾਰ 12 ਫੀਸਦੀ ਤੋਂ 44 ਫੀਸਦੀ ਤੱਕ ਸੀ। ਉਨਾ੍ਹਂ ਦੱਸਿਆ ਕਿ ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਨਹੀਂ ਪਾਏ ਗਏ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਅਜਿਹੇ  ਕੈਂਪ ਲਗਾਕੇ ਮਨੁੱਖੀ ਸਿਹਤ ਲਈ ਸੰਭਾਵਤ ਮਿਲਾਵਟਾਂ ਵਾਲੇ ਦੁੱਧ ਦੀ ਸਪਲਾਈ ਨੂੰ ਰੋਕਣਾ ਹੈ। ਅਜਿਹੇ ਕੈਂਪ ਡੇਅਰੀ ਵਿਕਾਸ ਬੋਰਡ ਵੱਲੋਂ ਹਰ ਰੋਜ਼ ਹੀ ਲਗਾਏ ਜਾ ਰਹੇ ਹਨ। ਜਿਥੇ ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਟੈਸਟ ਕਰਨ ਲਈ ਦਿੱਤੇ ਜਾ ਸਕਦੇ ਹਨ। ਉਨਾ੍ਹਂ ਦੱਸਿਆ ਇਸ ਕੈਂਪ ਦਾ ਉਦਘਾਟਨ ਕੌਸਲਰ ਸ. ਸਤਵੀਰ ਸਿੰਘ ਧਨੋਆ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਅਜਿਹੇ ਕੈਂਪ ਲਗਾਉਣ ਦੀ ਮੰਗ ਕੀਤੀ।
ਡੇਅਰੀ ਵਿਭਾਗ ਦੇ ਟੈਕਨੀਕਲ ਅਫਸਰ ਸ. ਦਰਸ਼ਨ ਸਿੰਘ ਨੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ । ਦੁੱਧ ਦਾ ਸੈਂਪਲ ਟੈਸਟ  ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਅਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਹਾਂ ਵੱਲੋਂ ਖਰਚੀ ਕੀਮਤ ਦਾ ਮੁਲ ਮੋੜਦੇ ਹਨ ਜਾਂ ਨਹੀਂ । ਉਨ੍ਹਾਂ ਇਹ ਵੀ ਦੱਸਿਆ ਕਿ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾ ਖਤਮ ਕਰਨ ਲਈ ਆਪਣਾ ਸਹਿਯੋਗ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਤੋਂ ਇਲਾਵਾ ਵਿਭਾਗ ਦੇ ਸਾਰੇ  ਦਫ਼ਤਰਾਂ ਵਿੱਚ ਵੀ ਦੁੱਧ ਦੀ ਪਰਖ ਮੁਫ਼ਤ ਕਰਵਾਈ ਜਾ ਸਕਦੀ ਹੈ । ਦੁੱਧ ਪਰਖ ਕੈਂਪ ਲਗਾਉਣ ਲਈ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦੇ ਫੋਨ ਨੰ: 0160-2280100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦੀਪ ਸਿੰਘ ਅਟਵਾਲ,  ਸੁਰਿੰਦਰ ਸਿੰਘ ਹੈਪੀ, ਮੇਜਰ ਸਿੰਘ ਬਾਂਸਲ, ਕ੍ਰਿਪਾਲ ਸਿੰਘ ਲਿਬੜਾ, ਹਰਦੇਵ ਸਿੰਘ, ਜੋਧ ਸਿੰਘ, ਸੰਜੀਵ ਸ਼ਰਮਾ, ਗੁਰਦੀਪ ਸਿੰਘ, ਤਰਸੇਮ ਲਾਲ ਮੋਜੂਦ ਸਨ ।