ਐਕਸ਼ਨ ਸੀਨ ਕਰਦਿਆਂ ਜ਼ਖ਼ਮੀ ਹੋਏ ਜੌਨ ਐਬ੍ਰਾਹਮ ਨੇ ਵਿਚਾਲੇ ਛੱਡੀ ਸਤਿਆਮੇਵ ਜਯਤੇ 2 ਦੀ ਸ਼ੂਟਿੰਗ

ਲੰਮੇ ਸਮੇਂ ਬਾਅਦ ਅਦਾਕਾਰ ਜੌਨ ਐਬ੍ਰਾਹਮ ਨੇ ਸਤਿਆਮੇਵ ਜਯਤੇ 2 ਨਾਲ ਕਿਸੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫ਼ਿਲਮ ‘ਚ ਉਸ ਨਾਲ ਦਿਵਿਆ ਖੋਸਲਾ ਕੁਮਾਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਲੌਕਡਾਊਨ ਕਾਰਨ ਫ਼ਿਲਮ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਫ਼ਿਲਮ ਦੀ ਸ਼ੂਟਿੰਗ ਵਾਰਾਣਸੀ ਅਤੇ ਲਖਨਊ ‘ਚ ਸ਼ੁਰੂ ਕੀਤੀ ਗਈ ਹੈ ਜੋ ਜਨਵਰੀ 2021 ਤਕ ਚੱਲੇਗੀ। ਰਿਪੋਰਟ ਅਨੁਸਾਰ ਫ਼ਿਲਮ ਸਤਿਆਮੇਵ ਜਯਤੇ 2 ‘ਚ ਮੁੱਖ ਭੂਮਿਕਾ ਨਿਭਾਅ ਰਹੇ ਜੌਨ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ।
ਜੌਨ ਐਬ੍ਰਾਹਮ ਦੇ ਸੱਜੇ ਹੱਥ ਦੀ ਉਂਗਲ ‘ਤੇ ਸੱਟ ਇੱਕ ਐਕਸ਼ਨ ਸੀਨ ਕਰਨ ਦੌਰਾਨ ਲੱਗੀ ਸੀ ਜਿਸ ਤੋਂ ਬਾਅਦ ਉਸ ਦਾ ਸੁੰਦਰਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਕੀਤਾ ਗਿਆ। ਇਥੇ ਜੌਨ ਦੇ ਜ਼ਖਮੀ ਹੋਣ ਦੀ ਖ਼ਬਰ ਫ਼ੈਲਣ ਤੋਂ ਬਾਅਦ ਹਸਪਤਾਲ ‘ਚ ਭੀੜ ਇਕੱਠੀ ਹੋ ਗਈ। ਹਾਲਾਂਕਿ ਜੌਨ ਦਾ ਇਲਾਜ ਕੀਤਾ ਗਿਆ ਅਤੇ ਸੱਟਾਂ ਮਾਮੂਲੀ ਹੋਣ ਕਾਰਨ ਵਾਪਿਸ ਭੇਜ ਦਿੱਤਾ ਗਿਆ।
ਜੌਨ ਨੇ ਵੀ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ ਹੈ। ਖ਼ਬਰਾਂ ਅਨੁਸਾਰ ਫ਼ਿਲਮ ਦੀ ਸ਼ੂਟਿੰਗ 30 ਦਸੰਬਰ ਤਕ ਕੀਤੀ ਜਾਣੀ ਸੀ, ਪਰ ਹੁਣ 27 ਦਸੰਬਰ ਨੂੰ ਫ਼ਿਲਮ ਦੀ ਟੀਮ ਵਾਪਿਸ ਆਵੇਗੀ। ਦਰਅਸਲ ਸ਼ੂਟਿੰਗ ਹੁਣ ਆਖਰੀ ਸਟੇਜ ‘ਤੇ ਹੈ। ਇਹ ਫ਼ਿਲਮ ਅਗਲੇ ਸਾਲ 12 ਮਈ ਨੂੰ ਰਿਲੀਜ਼ ਹੋਵੇਗੀ।
ਇਸ ਦੇ ਨਾਲ ਹੀ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਅਨੁਸਾਰ ਸਤਿਆਮੇਵ ਜਯਤੇ 2 ਭੱਿਸ਼ਟਾਚਾਰ ‘ਤੇ ਆਧਾਰਿਤ ਇੱਕ ਫ਼ਿਲਮ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮ ਸਤਿਆਮੇਵ ਜਯਤੇ ਨੂੰ ਬੌਕਸ ਆਫ਼ਿਸ ‘ਤੇ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ ਜਿਸ ਤੋਂ ਬਾਅਦ ਜੌਨ ਵੀ ਲੋਕਾਂ ਦਾ ਮਨਪਸੰਦ ਐਕਸ਼ਨ ਹੀਰੋ ਬਣ ਗਿਆ। ਉਸ ਤੋਂ ਬਾਅਦ ਨਿਖਿਲ ਅਡਵਾਨੀ ਅਤੇ ਉਸ ਨੇ ਫ਼ੈਸਲਾ ਲਿਆ ਸੀ ਕਿ ਇਸ ਫ਼ਿਲਮ ਨੂੰ ਵਧੇਰੇ ਵਪਾਰਕ ਬਣਾਇਆ ਜਾਵੇਗਾ। ਉਸ ਨੇ ਦੱਸਿਆ ਕਿ ਜੌਨ ਐਬ੍ਰਾਹਮ ਅਤੇ ਮਿਲਪ ਜ਼ਾਵੇਰੀ ਸਤਿਆਮੇਵ ਜਯਤੇ 2 ‘ਚ ਇੱਕ ਬਹੁਤ ਹੀ ਮਹੱਤਵਪੂਰਣ ਭੂਮਿਕਾ ‘ਚ ਨਜ਼ਰ ਆਉਣਗੇ।