ਨੌਰਵੇ ਬੌਲੀਵੁਡ ਫ਼ਿਲਮ ਫ਼ੈਸਟੀਵਲ ‘ਚ ਅਦਾਕਾਰ ਸੋਨੂ ਸੂਦ ਨੂੰ ਮਿਲੇਗਾ ਸਨਮਾਨ

ਸੋਨੂ ਸੂਦ ਆਪਣੇ ਚੰਗੇ ਕੰਮਾਂ ਲਈ 2020 ਦੌਰਾਨ ਖ਼ਬਰਾਂ ‘ਚ ਰਿਹਾ ਹੈ। ਅਦਾਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਪਹੁੰਚਣ ‘ਚ ਸਹਾਇਤਾ ਕੀਤੀ ਸੀ, ਅਤੇ ਅਣਗਿਣਤ ਲੋਕਾਂ ਦੀਆਂ ਹੋਰ ਜ਼ਰੂਰਤਾਂ ਦੀਆਂ ਚੀਜ਼ਾਂ ‘ਚ ਵੀ ਸਹਾਇਤਾ ਕੀਤੀ। ਹੁਣ ਮਸ਼ਹੂਰ ਸਕੈਨ ਡੈਨੇਵੀਅਨ ਬੌਲੀਵੁਡ ਫ਼ੈਸਟੀਵਲ ਨੌਰਵੇ ਨੇ ਸੋਨੂ ਸੂਦ ਨੂੰ ਇੱਕ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪੁਰਸਕਾਰ ਲਗਭਗ 30 ਦਸੰਬਰ ਨੂੰ ਸੋਨੂ ਨੂੰ ਲੌਰੈਨਸਕੌਗ, ਓਸਲੋ, ਨੌਰਵੇ ਦੇ ਮੇਅਰ ਰਾਗਨਾਈਲਡ ਬਰਗਹਿਮ ਦੁਆਰਾ ਭੇਂਟ ਕੀਤਾ ਜਾਵੇਗਾ। ਬੌਲੀਵੁਡ ਫ਼ੈਸਟੀਵਲ ਨੌਰਵੇ ਦੇ ਪ੍ਰਮੁੱਖ ਨਿਰਦੇਸ਼ਕ ਨਸੂਰਉੱਲਾ ਕੁਰੈਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਹੈ, ”ਸੋਨੂ ਸੂਦ ਪੂਰੀ ਮਨੁੱਖਤਾ ਦੇ ਲਈ ਨਿਰਸਵਾਰਥ ਕਾਰਜ ਕਰ ਰਿਹਾ ਹੈ, ਅਤੇ ਉਹ ਵੀ ਇੱਕ ਬਹੁਤ ਹੀ ਮੁਸ਼ਕਿਲ ਸਮੇਂ ‘ਚ ਸਾਡੀ ਪੂਰੀ ਟੀਮ ਨੇ ਸਰਬਸੰਮਤੀ ਨਾਲ ਉਸ ਦੇ ਸ਼ਾਨਦਾਰ ਅਤੇ ਪ੍ਰੇਰਣਾਦਾਇੱਕ ਕਾਰਜ ਲਈ ਉਨ੍ਹਾਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ। ਇਹ ਸੋਨੂ ਦੇ ਘਰ ਵਾਪਸੀ ਵਰਗਾ ਜਾਪਦਾ ਹੈ ਕਿਉਂਕਿ ਉਸ ਦੀ ਫ਼ਿਲਮ ਦਬੰਗ ਦਾ ਵਰਲਡ ਪ੍ਰੀਮੀਅਰ ਬੌਲੀਵੁਡ ਫ਼ੈਸਟੀਵਲ ਨੀਰਵੇ ‘ਚ ਹੋਇਆ ਸੀ ਜਿੱਥੇ ਸਲਮਾਨ ਖ਼ਾਨ ਮੌਜੂਦ ਸੀ ਅਤੇ ਹੁਣ ਸੋਨੂ ਨੂੰ ਇਸ ਸਾਲ ਦੇ ਸਭ ਤੋਂ ਖਾਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂ ਸੂਦ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂ ਸੂਦ ਨੇ ਆਪਣੀਆਂ ਅੱਠ ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ, ਅਤੇ ਹਾਲੇ ਵੀ ਉਹ ਲੋਕਾਂ ਦੀ ਮਦਦ ਕਰ ਰਿਹਾ ਹੈ। ਖ਼ਬਰਾਂ ਮੁਤਾਬਿਕ ਸੋਨੂ ਸੂਦ ਨੇ ਜੁਹੂ ਵਿੱਚ ਆਪਣੀਆਂ ਅੱਠ ਜਾਇਦਾਦਾਂ 10 ਕਰੋੜ ਰੁਪਏ ਇਕੱਤਰ ਕੀਤੇ ਹਨ। ਇੱਕ ਵੈੱਬ ਪੋਰਟਲ ਮਨੀਕੰਟਰੌਲ ਕੋਲ ਰੈਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਿਕ ਸੋਨੂ ਸੂਦ ਨੇ ਮੁੰਬਈ ਦੇ ਜੁਹੂ ਇਲਾਕੇ ਵਿੱਚ ਸਥਿਤ ਆਪਣੀਆਂ ਦੋ ਦੁਕਾਨਾਂ ਅਤੇ ਛੇ ਫ਼ਲੈਟਾਂ ਨੂੰ ਗਹਿਣੇ ਰੱਖਿਆ ਹੈ। ਇਹ ਦੋਵੇਂ ਦੁਕਾਨਾਂ ਗਰਾਊਂਡ ਫ਼ਲੌਰ ‘ਤੇ ਹਨ ਅਤੇ ਫ਼ਲੈਟ ਸ਼ਿਵ ਸਾਗਰ ਸਹਿਕਾਰੀ ਹਾਊਜ਼ਿੰਗ ਸੋਸਾਇਟੀ ਵਿੱਚ ਹਨ। ਇਹ ਹਾਊਜ਼ਿੰਗ ਸੋਸਾਇਟੀ ਇਸਕਨ ਮੰਦਰ ਦੇ ਨੇੜੇ ਏ.ਬੀ. ਨਾਇਰ ਰੋਡ ‘ਤੇ ਸਥਿਤ ਹਨ।
ਰਿਪੋਰਟ ਮੁਤਾਬਿਕ, ਇਹ ਪ੍ਰੌਪਰਟੀ ਸੋਨੂ ਸੂਦ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਦੇ ਨਾਂ ‘ਤੇ ਹੈ ਜਿਸ ਨੇ ਉਨ੍ਹਾਂ ਨੇ ਬੈਂਕ ਕੋਲ ਗਹਿਣੇ ਰੱਖਿਆ ਹੈ। ਉਨ੍ਹਾਂ ਨੇ 10 ਕਰੋੜ ਰੁਪਏ ਦੇ ਇਸ ਲੋਨ ਲਈ ਪੰਜ ਲੱਖ ਰੈਜਿਸਟ੍ਰੇਸ਼ਨ ਫ਼ੀਸ ਦਿੱਤੀ ਹੈ। ਕੋਰੋਨਾ ਕਾਲ ਤੋਂ ਹੀ ਸੋਨੂ ਸੂਦ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਉਸ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਂਝ 10 ਕਰੋੜ ਰੁਪਏ ਦਾ ਲੋਨ ਲੈਣ ਸਬੰਧੀ ਖ਼ਬਰ ‘ਤੇ ਸੋਨੂ ਸੂਦ ਵਲੋਂ ਕੋਈ ਰਿਪਲਾਈ ਨਹੀਂ ਮਿਲਿਆ।