ਨਵੀਂ ਦਿੱਲੀ- ਭਾਰਤ ‘ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ ਇਕ ਕਰੋੜ ਦੇ ਪਾਰ ਪਹੁੰਚ ਗਿਆ ਹੈ। ਇਹ ਅੰਕੜਾ ਪਾਰ ਕਰਨ ਵਾਲਾ ਭਾਰਤ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ। ਹਾਲਾਂਕਿ ਇਸ ਵਿਚ ਰਾਹਤ ਭਰੀ ਖ਼ਬਰ ਇਹ ਹੈ ਕਿ ਦੇਸ਼ ‘ਚ ਪਿਛਲੇ ਕੁਝ ਹਫ਼ਤਿਆਂ ਤੋਂ ਕੋਰੋਨਾ ਦੀ ਰਫ਼ਤਾਰ ਹੌਲੀ ਹੋਈ ਹੈ। ਨਵੇਂ ਮਾਮਲਿਆਂ ‘ਚ ਕਮੀ ਆਉਣ ਨਾਲ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਸ਼ਵ ‘ਚ ਹੁਣ ਤੱਕ ਸਭ ਤੋਂ ਵੱਧ 1.74 ਕਰੋੜ ਤੋਂ ਵੱਧ ਮਾਮਲੇ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਹੁਣ ਭਾਰਤ ‘ਚ ਵੀ ਇਹ ਅੰਕੜਾ ਇਕ ਕਰੋੜ ਦੇ ਪਾਰ ਹੋ ਗਿਆ ਹੈ। ਬ੍ਰਾਜ਼ੀਲ ਤੀਜੇ ਸਥਾਨ ‘ਤੇ ਹੈ, ਜਿੱਥੇ ਹੁਣ ਤੱਕ 71.62 ਮਾਮਲੇ ਸਾਹਮਣੇ ਆਏ ਹਨ ਪਰ ਇਨ੍ਹਾਂ ਦੋਹਾਂ ਦੇਸ਼ਾਂ ‘ਚ ਭਾਰਤ ਦੀ ਤੁਲਨਾ ‘ਚ ਕੋਰੋਨਾ ਨਾਲ ਬਹੁਤ ਵੱਧ ਮੌਤਾਂ ਹੋਈਆਂ ਹਨ।
ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਸਰਗਰਮ ਮਾਮਲਿਆਂ ਤੋਂ ਕਰੀਬ 30 ਫੀਸਦੀ ਵੱਧ ਹੈ। ਸ਼ੁੱਕਰਵਾਰ ਰਾਤ ਨੂੰ ਮਰੀਜ਼ਾਂ ਦੀ ਗਿਣਤੀ 10,004,825 ਹੋ ਗਈ। ਲਾਗ਼ ਨਾਲ ਦੇਸ਼ ‘ਚ ਹੁਣ ਤੱਕ ਕਰੀਬ 1 ਲੱਖ 45 ਹਜ਼ਾਰ ਲੋਕਾਂ ਦੀ ਮੌਤ ਹੋ ਚੁਕੀ ਹੈ। ਸਿਹਤ ਮੰਤਰਾਲਾ ਅਨੁਸਾਰ ਦੇਸ਼ ‘ਚ ਬੀਤੇ ਕੁਝ ਹਫ਼ਤਿਆਂ ‘ਚ ਕੋਰੋਨਾ ਵਾਇਰਸ ਦੇ ਔਸਤ ਰੋਜ਼ਾਨਾ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਹਾਲਾਂਕਿ ਭਾਰਤ ‘ਚ ਹਾਲੇ ਹੀ ਕੋਰੋਨਾ ਦੇ 3 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ। ਮੰਤਰਾਲਾ ਅਨੁਸਾਰ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਦਰ ‘ਚ ਵਾਧਾ ਹੋਇਆ ਹੈ।
News Credit :jagbani(punjabkesari)















