ਜੰਮੂ-ਕਸ਼ਮੀਰ : ਬਡਗਾਮ ‘ਚ ਜੈਸ਼ ਦਾ ਅੱਤਵਾਦੀ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਸੁਰੱਖਿਆ ਦਸਤਿਆਂ ਨੇ ਜੈਸ਼-ਏ-ਮੁਹੰਮਦ ਦੇ ਇਕ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਦਸਤਿਆਂ ਨੇ ਉਸ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਪੁਲਸ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਬਡਗਾਮ ਜ਼ਿਲ੍ਹੇ ਦੇ ਗੋਰੀਪੋਰਾ ਇਲਾਕੇ ‘ਚ ਨਾਕਾ ਲਗਾਇਆ ਗਿਆ। ਜਾਂਚ ਦੌਰਾਨ ਜੈਸ਼ ਦੇ ਅੱਤਵਾਦੀ ਤਾਰਿਕ ਅਹਿਮਦ ਭੱਟ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਕੋਲੋਂ ਇਕ ਤਮੰਚਾ, 2 ਮੈਗਜ਼ੀਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਬੁੱਧਵਾਰ ਨੂੰ ਹੋਏ ਮੁਕਾਬਲੇ ‘ਚ ਸਥਾਨਕ ਅੱਤਵਾਦੀ ਸੰਗਠਨ ਅਲ-ਬਦਰ ਦੇ 3 ਅੱਤਵਾਦੀ ਮਾਰੇ ਗਏ ਸਨ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫ਼ਲਜ਼, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਟਿਕੇਨ ਪਿੰਡ ‘ਚ ਸਵੇਰੇ ਮੁਹਿੰਮ ਚਲਾਈ। ਸੁਰੱਖਿਆ ਫੋਰਸ ਦੇ ਜਵਾਨ ਪਿੰਡ ‘ਚ ਇਕ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ ‘ਚ ਗੋਲੀਆਂ ਚਲਾਈਆਂ ਦੋਹਾਂ ਪੱਖਾਂ ਦਰਮਿਆਨ ਮੁਕਾਬਲੇ ‘ਚ 3 ਅੱਤਵਾਦੀ ਮਾਰੇ ਗਏ ਹਨ।
News Credit :jagbani(punjabkesari)