ਇਸ ਵਕਤ ਤੁਹਾਨੂੰ ਇੰਝ ਤਾਂ ਮਹਿਸੂਸ ਨਹੀਂ ਹੋ ਰਿਹਾ ਕਿ ਇਸ ਸੰਸਾਰ ਦੀ ਨਾ ਤਾਂ ਕੋਈ ਤੁਕ ਹੈ ਅਤੇ ਨਾ ਹੀ ਤਰਕ। ਕੋਈ ਕਵਿਤਾ ਜਾਂ ਕਾਰਣ ਨਹੀਂ। ਪਰ ਤੁਸੀਂ ਕੀ ਸੋਚਦੇ ਹੋ ਇਹ ਸੰਸਾਰ ਹੈ ਕੀ – ਕੋਈ ਕਵਿਤਾ ਸੰਮੇਲਨ? ਹਿਸਾਬਦਾਨਾਂ ਦੀ ਇਕੱਤਰਤਾ? ਦੋਸਤ, ਇਹ ਧਰਤੀ ਗ੍ਰਹਿ ਹੈ; ਪਿਘਲੇ ਹੋਏ ਪੱਥਰ ਦੀ ਇੱਕ ਵਿਸ਼ਾਲ ਗੇਂਦ ਜਿਹੜੀ ਖ਼ਲਾਅ ‘ਚ ਘੁੰਮਦੀ ਰਹਿੰਦੀ ਹੈ ਅਤੇ ਇਸ ਉੱਪਰ ਪੈਦਾ ਹੋਇਆ ਹਰ ਪ੍ਰਕਾਰ ਦਾ ਜੀਵਨ ਅਤੇ ਜੀਵ-ਜੰਤੂ ਅਸਥਾਈ ਹੈ ਜਿਸ ਨੇ ਅੰਤ ਨੂੰ ਬਿਨਸਣੈ। ਇੱਥੇ ਸਭ ਕੁਝ ਥੁੜ੍ਹਚਿਰੈ। ਕਰੋੜਾਂ ਇੱਥੇ ਆਏ ਅਤੇ ਕਰੋੜਾਂ ਹੀ ਗਏ। ਕੋਈ ਵੀ ਇੱਥੇ ਠਹਿਰਿਆ ਨਹੀਂ। ਸਭ ਨੇ ਅਗਲੀ ਦੁਨੀਆਂ ਨੂੰ ਚਾਲੇ ਪਾ ਦਿੱਤੇ। ਪਰ ਜਦੋਂ ਉਹ ਇੱਥੇ ਰਹਿ ਰਹੇ ਹੁੰਦੇ ਨੇ ਤਾਂ ਭਾਲਦੇ ਕੀ ਨੇ? ਨਿਰਸੰਦੇਹ, ਉਹ ਇੱਥੋਂ ਦੀ ਹਫ਼ੜਾ-ਦਫ਼ੜੀ, ਪਾਗਲਪਨ ਅਤੇ ਨਾਟਕ ਲਈ ਹੀ ਇੱਥੇ ਆਉਂਦੇ ਹਨ – ਨਾ ਕਿ ਇੱਥੋਂ ਦਾ ਵਿਹਾਰ ਗਿਆਨ ਜਾਂ ਤਰਕ ਸਮਝਣ। ਵਕਤ ਤੁਹਾਨੂੰ ਤੁਹਾਡੇ ਜੀਵਨ ਦੇ ਸਭ ਤੋਂ ਵੱਡੇ ਰਹੱਸ ਦਾ ਅਰਥ ਤਾਂ ਨਹੀਂ ਸਮਝਾ ਸਕੇਗਾ, ਪਰ ਫ਼ਿਰ ਵੀ ਸ਼ਾਇਦ ਉਹ ਤੁਹਾਨੂੰ ਸੰਤੁਸ਼ਟੀ ਦੇ ਜਾਵੇ।
ਇੰਝ ਜਾਪਦੈ, ਜ਼ਿੰਦਗੀ ‘ਚ, ਸਾਨੂੰ ਹਰ ਸ਼ੈਅ ਦਾ ਮੁੱਲ ਤਾਰਨਾ ਪੈਂਦੇ। ਇਸ ਦਾ, ਪਰ, ਇਹ ਅਰਥ ਨਹੀਂ ਕਿ ਜਿਸ ਚੀਜ਼ ‘ਤੇ ਅਸੀਂ ਜਿੰਨਾ ਜ਼ਿਆਦਾ ਖ਼ਰਚਾ ਕਰਦੇ ਹਾਂ, ਉਹ ਸਾਡਾ ਓਨਾ ਹੀ ਫ਼ਾਇਦਾ ਕਰਦੀ ਹੈ। ਕੁਝ ਚੀਜ਼ਾਂ ਲਈ ਇੱਕ ਅੱਧ ਮੀਲ ਵੱਧ ਤੁਰਿਆ ਜਾ ਸਕਦੈ ਕਿਉਂਕਿ ਉਹ ਇਸ ਦੇ ਯੋਗ ਹੁੰਦੀਆਂ ਨੇ। ਕੁਝ ਲਈ ਦੌੜਿਆ ਵੀ। ਚਲੋ, ਇਹ ਗਹਿਰੀ ਦਾਰਸ਼ਨਿਕ ਸਮੱਸਿਆ ਸਾਨੂੰ ਲੈ ਕੇ ਆਉਂਦੀ ਹੈ ਤੁਹਾਡੇ ਮੌਜੂਦਾ ਸਵਾਲ ਵੱਲ। ਤੁਹਾਨੂੰ ਇਹ ਨਹੀਂ ਪਤਾ ਕਿ ਕਿਸੇ ਖ਼ਾਸ ਸੜਕ ‘ਤੇ ਕਿੰਨੀ ਕੁ ਦੂਰ ਜਾਣ ‘ਚ ਸਿਆਣਪ ਹੈ। ਤੁਹਾਨੂੰ ਖ਼ਦਸ਼ਾ ਅਤੇ ਡਰ ਹੈ ਕਿ ਤੁਸੀਂ ਗ਼ਲਤ ਚੋਣ ਜਾਂ ਸ਼ੱਕੀ ਡੀਲ ਕਰ ਰਹੇ ਹੋ ਸਕਦੇ ਹੋ। ਇੱਕ ਪੇਚੀਦਾ ਸੌਦੇਬਾਜ਼ੀ ਤਾਂ ਚੱਲ ਰਹੀ ਹੈ – ਪਰ ਇਹ ਅਜਿਹੀ ਹੈ ਜਿਸ ‘ਚ, ਅੰਤ ਨੂੰ, ਤੁਹਾਡਾ ਹੀ ਫ਼ਾਇਦਾ ਹੋਣ ਵਾਲੈ। ਬਹਾਦਰ ਬਣੋ, ਹਿੰਮਤ ਦਿਖਾਓ।
ਸਮਝੌਤਾ ਕਰਨ ‘ਚ ਬੁਨਿਆਦੀ ਤੌਰ ‘ਤੇ ਕੁਝ ਵੀ ਗ਼ਲਤ ਨਹੀਂ ਹੁੰਦਾ। ਅਕਸਰ, ਪਰ, ਅਸੀਂ ਇਸ ਲਫ਼ਜ਼ ਦਾ ਇਸਤੇਮਾਲ ਆਲੋਚਨਾਤਮਕ ਰੂਪ ‘ਚ ਕਰਦੇ ਹਾਂ, ਜਿਵੇਂ ਸਮਝੌਤਾ ਕਰ ਕੇ ਕੋਈ ਕੁਰਬਾਨੀ ਦਿੱਤੀ ਜਾ ਰਹੀ ਹੋਵੇ। ਹੁਣ ਇਹ ਤਾਂ ਕੋਈ ਐਵੇਂ ਦੇਣ ਵਾਲੀ ਸ਼ੈਅ ਤਾਂ ਹੈ ਨਹੀਂ। ਕੀ ਇਸ ਵਕਤ ਤੁਸੀਂ ਕਿਸੇ ਕਾਜ਼ ਲਈ ਸ਼ਹੀਦ ਬਣਨ ਦਾ ਖ਼ਤਰਾ ਉਠਾ ਰਹੇ ਹੋ? ਕੀ ਤੁਸੀਂ ਕਿਸੇ ਅਜਿਹੀ ਸ਼ੈਅ ਨੂੰ ਆਪਣੇ ਹੱਥੋਂ ਜਾਣ ਦੇ ਰਹੇ ਹੋ ਜਿਸ ਨੂੰ ਤੁਹਾਨੂੰ ਘੁੱਟ ਕੇ ਫ਼ੜਨਾ ਚਾਹੀਦੈ? ਨਿਰਸੰਦੇਹ, ਤੁਸੀਂ ਸਖੀ ਬਣਨਾ ਚਾਹੁੰਦੇ ਹੋ। ਤੁਸੀਂ ਓਦੋਂ ਤਕ ਸੰਪੂਰਨ ਮਹਿਸੂਸ ਨਹੀਂ ਕਰਦੇ ਜਦੋਂ ਤਕ ਤੁਸੀਂ ਆਪਣਾ ਦਿਲ ਦਾ ਕੋਈ ਡੂੰਘਾ ਜਾਂ ਅਸਲੀ ਵਲਵਲਾ ਸਾਂਝਾ ਨਾ ਕਰ ਲਵੋ। ਪਰ ਇਸ ਵਕਤ ਤੁਸੀਂ ਹੱਦੋਂ ਬਹੁਤ ਜ਼ਿਆਦਾ ਬਾਹਰ ਜਾਣ ਦਾ ਖ਼ਤਰਾ ਮੁੱਲ ਲੈ ਰਹੇ ਹੋ। ਕਿਰਪਾ ਕਰ ਕੇ ਚੇਤੇ ਰੱਖੋ, ਉਹ ਹਾਸਿਲ ਕਰਨ ਲਈ ਜਿਸ ਦੀ ਤੁਹਾਡੇ ਦਿਲ ਨੂੰ ਸੱਚਮੁੱਚ ਲੋੜ ਹੈ, ਤੁਹਾਨੂੰ ਕੁਝ ਵੀ ਤਿਆਗਣ ਦੀ ਲੋੜ ਨਹੀਂ।
ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ, ”Quit while you are ahead,” ਭਾਵ ਜੇਕਰ ਜਿੱਤ ਦੀ ਬਹੁਤੀ ਉਮੀਦ ਨਾ ਹੋਵੇ ਤਾਂ ਅੱਗੇ ਰਹਿੰਦਿਆਂ ਹੋਇਆਂ ਦੌੜ ਛੱਡਣਾ ਹੀ ਬਿਹਤਰ ਹੁੰਦੈ। ਸਭ ਕਹਿੰਦੇ ਹਨ ਸਾਨੂੰ ਇਹੋ ਕਰਨਾ ਚਾਹੀਦੈ। ਪਰ ਅਸੀਂ ਇਹ ਕਿਵੇਂ ਪੱਤਾ ਲਗਾਉਣੈ ਕਿ ਅਸੀਂ ਅੱਗੇ ਹਾਂ ਜਾਂ ਨਹੀਂ? ਵੈਸੇ ਬਹੁਤ ਸੱਚਮੁੱਚ ਕਦੋਂ ਬਹੁਤ ਹੁੰਦੈ? ਕਿੰਨਾ ਜ਼ਿਆਦਾ ਦੂਰ ਅਸਲ ‘ਚ ਬਹੁਤ ਜ਼ਿਆਦਾ ਦੂਰ ਹੁੰਦੈ? ਤੁਸੀਂ ਇਹ ਸਮਝਣ ਦੀ ਕਦੇ ਵੀ ਉਮੀਦ ਕਿਵੇਂ ਕਰ ਸਕਦੇ ਹੋ ਕਿ ਕਿਸੇ ਸ਼ੈਅ ਦੀ ਸੀਮਾ ਕਿੱਥੇ ਹੈ ਜਦੋਂ ਤਕ ਤੁਸੀਂ ਠੀਕ ਉਸ ਸੀਮਾ ਤਕ ਨਹੀਂ ਜਾਂਦੇ ਅਤੇ ਉਸ ਨੂੰ ਚੰਗਾ ਹਲੂਣਾ ਦੇ ਕੇ ਇਹ ਟੈੱਸਟ ਨਹੀਂ ਕਰਦੇ ਕਿ ਉਸ ‘ਚ ਕੋਈ ਲਚਕ ਹੈ ਜਾਂ ਨਹੀਂ? ਇਸ ਵਕਤ, ਖ਼ਾਸ ਕਰ ਆਪਣੇ ਜੀਵਨ ਦੇ ਪ੍ਰੇਮ ਪ੍ਰਸੰਗ ‘ਚ, ਤੁਸੀਂ ਛਲਾਂਗ ਲਗਾਉਣ ਤੋਂ ਪਹਿਲਾਂ ਦੇਖਣ ਦੇ ਬਹੁਤੇ ਮੂਡ ‘ਚ ਨਹੀਂ। ਪਰ, ਫ਼ਿਰ, ਜਦੋਂ ਇਹ ਤੈਅ ਹੀ ਹੈ ਕਿ ਛਲਾਂਗ ਲਗਾਈ ਹੀ ਜਾਣੀ ਹੈ ਤਾਂ ਸ਼ਾਇਦ ਚੰਗਾ ਹੋਵੇ ਕਿ ਦਿਲ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਅੱਖਾਂ ਨਾਲ!
ਭਾਵਨਾਵਾਂ ਹਮੇਸ਼ਾ ਤਰਕਸ਼ੀਲ ਨਹੀਂ ਹੁੰਦੀਆਂ। ਮਸਲਾ ਇਹ ਹੈ, ਅਤੇ ਹੈਰਾਨ ਕਰਨ ਵਾਲੀ ਗੱਲ ਵੀ ਹੈ, ਕਈ ਵਾਰ ਉਹ ਹੁੰਦੀਆਂ ਵੀ ਨੇ। ਕਈ ਵਾਰ, ਕੋਈ ਖ਼ਾਸ ਭਾਵਨਾ ਪਾਲਣ ਦਾ ਹਰ ਤਰਕ ਬਣਦਾ ਹੁੰਦੈ। ਜਦੋਂ, ਉਦਾਹਰਣ ਦੇ ਤੌਰ ‘ਤੇ, ਅਸੀਂ ਉਦਾਸ ਜਾਂ ਬੁਰਾ ਮਹਿਸੂਸ ਕਰ ਰਹੇ ਹੋਈਏ, ਸਾਨੂੰ ਆਮਤੌਰ ‘ਤੇ ਪਤਾ ਹੀ ਹੁੰਦੈ ਕਿ ਅਜਿਹਾ ਕਿਉਂ ਹੋ ਰਿਹੈ। ਉਸ ਵਕਤ ਕਿਸੇ ਵੀ ਹੋਰ ਤਰ੍ਹਾਂ ਮਹਿਸੂਸ ਕਰਨ ਦੀ ਅਸੀਂ ਆਪਣੇ ਤੋਂ ਉਮੀਦ ਹੀ ਨਹੀਂ ਕਰ ਸਕਦੇ। ਕਾਰਨ ਸਾਨੂੰ ਭਰੋਸਾ ਦਿੰਦੇ ਹਨ। ਉਹ ਸਾਨੂੰ ਇਹ ਸੋਚਣ ‘ਤੇ ਮਜਬੂਰ ਕਰਦੇ ਹਨ ਕਿ ਸੰਸਾਰ ‘ਚ ਤੁਕ ਹੈ, ਤਾਲ ਹੈ, ਅਤੇ, ਖ਼ੈਰ, ਤੁਹਾਨੂੰ ਪਤਾ ਹੀ ਹੈ … ਤਰਕ ਹੈ! ਪਰ ਜੇਕਰ ਅਸੀਂ ਆਪਣੇ ਆਪ ਨੂੰ ਖ਼ੁਸ਼ ਹੋਣ ਦੀ ਆਗਿਆ ਕੇਵਲ ਓਦੋਂ ਹੀ ਦੇਵਾਂਗੇ ਜਦੋਂ ਅਸੀਂ ਇਹ ਸੋਚੀਏ ਕਿ ਇਸ ਦਾ ਵਾਕਈ ਕੋਈ ਚੰਗਾ ਕਾਰਨ ਹੈ ਤਾਂ ਅਸਲ ‘ਚ ਅਸੀਂ ਆਪਣੇ ਆਪ ਨੂੰ ਸੀਮਿਤ ਕਰ ਰਹੇ ਹੋਵਾਂਗੇ। ਤੁਹਾਨੂੰ ਇਸ ਵਕਤ ਸਮਝਾਉਣ ਜਾਂ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ। ਤੁਹਾਨੂੰ ਕੇਵਲ ਆਪਣੀਆਂ ਭਾਵਨਾਵਾਂ ‘ਚ ਭਰੋਸਾ ਦਿਖਾਉਣ ਦੀ ਲੋੜ ਹੈ।














