
ਨਵੀਂ ਦਿੱਲੀ – IPL ਦੇ ਇਸ ਸੀਜ਼ਨ ‘ਚ ਇੱਕ ਮੈਚ ਦੌਰਾਨ ਲੱਗੀ ਸੱਟ ਦੇ ਚਲਦੇ ਰੋਹਿਤ ਸ਼ਰਮਾ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਤੋਂ ਬਾਹਰ ਹੋ ਗਿਆ ਹੈ। IPL ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਦਾ ਦੌਰਾ ਕਰੇਗੀ ਅਤੇ ਇਸ ਦੌਰੇ ਲਈ ਸੋਮਵਾਰ ਨੂੰ ਹੀ BCCI ਨੇ ਤਿੰਨ T-20, ਤਿੰਨ ਵਨ ਡੇ ਅਤੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ, ਪਰ ਤਿੰਨਾਂ ‘ਚ ਹੀ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਦਿੱਤੀ ਗਈ। ਦਰਅਸਲ 18 ਅਕਤੂਬਰ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਮੁਕਾਬਲੇ ਦੌਰਾਨ ਰੋਹਿਤ ਸ਼ਰਮਾ ਦੇ ਸੱਟ ਲੱਗ ਗਈ ਸੀ, ਅਤੇ ਉਹ ਮੁੰਬਈ ਇੰਡੀਅਨਜ਼ ਲਈ ਦੋ ਮੈਚ ਨਹੀਂ ਖੇਡ ਸਕਿਆ। ਇਸ ਸੱਟ ਨੂੰ ਲੈ ਅਜੇ ਵੀ ਸ਼ੱਕ ਬਣਿਆ ਹੋਇਆ ਹੈ। ਇਸ ਵਜ੍ਹਾ ਨਾਲ ਉਸ ਨੂੰ ਆਸਟਰੇਲੀਆ ਦੌਰੇ ਲਈ ਟੀਮ ‘ਚ ਨਹੀਂ ਚੁਣਿਆ ਗਿਆ।
ਮੁੰਬਈ ਇੰਡੀਅਨਜ਼ ਨੇ 28 ਅਕਤੂਬਰ ਨੂੰ ਰਾਇਲ ਚੈਲੰਜਰਜ਼ ਦੇ ਵਿਰੁੱਧ ਮੈਚ ਖੇਡਣਾ ਹੈ। ਦੋਵਾਂ ਟੀਮਾਂ ਦੇ ਲਈ ਇਹ ਵੱਡਾ ਮੈਚ ਹੋਵੇਗਾ। ਇਸ ਮੈਚ ਦਾ ਜੇਤੂ ਪਲੇਅ ਔਫ਼ ‘ਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਅਜਿਹੇ ‘ਚ ਮੁੰਬਈ ਆਪਣੇ ਕਪਤਾਨ ਰੋਹਿਤ ਨੂੰ ਵਾਪਿਸ ਪਲੇਇੰਗ ਇਲੈਵਨ ‘ਚ ਦੇਖਣਾ ਚਾਹੁੰਦਾ ਹੈ। ਮੁੰਬਈ ਨੇ ਕੁੱਝ ਫ਼ੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸਨ ਜਿਸ ‘ਚ ਰੋਹਿਤ ਬਿਨਾ ਕਿਸੇ ਦਰਦ ਦੇ ਨੈੱਟ ‘ਚ ਅਭਿਆਸ ਕਰਦਾ ਨਜ਼ਰ ਆਇਆ ਸੀ। ਹਾਲਾਂਕਿ ਰੋਹਿਤ ਦੀ ਫ਼ਿੱਟਨੈੱਸ ‘ਤੇ ਅਜੇ ਤਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ।












