
ਸਿਲੀਗੁੜੀ – ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਖੇਤੀਬਾੜੀ ਆਰਡੀਨੈਂਸ ਪਾਸ ਕੀਤੇ ਗਏ ਹਨ, ਜਿਨ੍ਹਾਂ ’ਤੇ ਦੇਸ਼ ਦੇ ਰਾਸ਼ਟਰਪਤੀ ਵਲੋਂ ਮੋਹਰ ਲਗਾ ਦਿੱਤੀ ਗਈ ਹੈ। ਮੋਦੀ ਸਰਕਾਰ ਦੇ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਨੂੰ ਲੈ ਕੇ ਪੂਰਾ ਦੇਸ਼ ਵਿਰੋਧ ਕਰ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵਲੋਂ ਹੁਣ ਤੱਕ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸ਼ਾਇਦ ਅੱਗੇ ਵੀ ਕਰਦੇ ਰਹਿਣਗੇ। ਜਿਥੇ ਇਕ ਪਾਸੇ ਤਿੰਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਉਤਰਾਖੰਡ ਦੇ ਹਰਿਦੁਆਰ ਅਤੇ ਪੱਛਮੀ ਬੰਗਾਲ ਦੀ ਸਿਲੀਗੁੜੀ ਦੇ ਕਿਸਾਨਾਂ ਵਲੋਂ ਨਵੇਂ ਖੇਤੀਬਾੜੀ ਸੁਧਾਰਾਂ ਦੀ ਵੱਡੀ ਪੱਧਰ ’ਤੇ ਸ਼ਲਾਘਾ ਕੀਤੀ ਗਈ ਹੈ।
ਦੱਸ ਦੇਈਏ ਕਿ ਸਿਲੀਗੁੜੀ ਦੇ ਕਿਸਾਨ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਇਹ ਉਮੀਦ ਜਤਾ ਰਹੇ ਹਨ ਕਿ ਇਸ ਤਰ੍ਹਾਂ ਖੇਤੀਬਾੜੀ ਵਿਚ ਹੋਣ ਵਾਲੇ ਸੁਧਾਰ, ਉਨ੍ਹਾਂ ਲਈ ਲਾਭਕਾਰੀ ਹੋਣਗੇ। ਨਵੇਂ ਖੇਤੀਬਾੜੀ ਬਿੱਲਾਂ ‘ਤੇ ਰਾਸ਼ਟਰਪਤੀ ਦੀ ਸਹਿਮਤੀ 27 ਸਤੰਬਰ ਨੂੰ ਮਿਲੀ ਸੀ।
ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਹਰਿਦੁਆਰ ਦੇ ਇਕ ਕਿਸਾਨ ਨੇ ਕਿਹਾ ਕਿ, “ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕਿਹਾ ਹੈ, ਇਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਲਾਭ ਹੋਵੇਗਾ। ਉਸ ਨੇ ਕਿਹਾ ਕਿ “ਇਹ ਕਿਸਾਨਾਂ ਲਈ ਇਕ ਬਹੁਤ ਚੰਗਾ ਕਦਮ ਹੈ। ਇਸ ਬਿੱਲ ਦੇ ਜ਼ਰੀਏ ਉਨ੍ਹਾਂ ਨੇ ਵਿਚੋਲੇ ਦੀ ਲੜੀ ਤੋੜ ਦਿੱਤੀ ਹੈ।
ਸਿਲੀਗੁੜੀ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਕੇਂਦਰ ਸਰਕਾਰ ਨੇ ਵਧੀਆ ਬਿੱਲ ਦਿੱਤੇ ਹਨ। ਫਸਲ ਵੇਚਣ ਲਈ ਪਹਿਲਾਂ ਅਸੀਂ ਵਿਚੋਲਿਆਂ ‘ਤੇ ਨਿਰਭਰ ਹੁੰਦੇ ਸੀ, ਜਦਕਿ ਹੁਣ ਅਸੀਂ ਸਿੱਧੇ ਤੌਰ ’ਤੇ ਆਪਣੇ ਅਨਾਜ ਸਰਕਾਰ ਜਾਂ ਕੰਪਨੀ ਨੂੰ ਵੇਚ ਸਕਦੇ ਹਾਂ। ਇਸ ਮਾਮਲੇ ਦੇ ਸਬੰਧ ’ਚ ਇਕ ਹੋਰ ਕਿਸਾਨ ਨੇ ਕਿਹਾ ਕਿ, “ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦਾ ਸਾਨੂੰ ਲਾਭ ਹੋਵੇਗਾ, ਜਿਸ ਕਰਕੇ ਅਸੀਂ ਬਿੱਲਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਾਂ।
News Credit :jagbani(punjabkesari)















